ਗੁਰਨਾਮ ਸਿੰਘ ਅਕੀਦਾ
ਪਟਿਆਲਾ, 15 ਦਸੰਬਰ
ਇੰਡੀਅਨ ਰੇਲਵੇ ਕੇਟਰਿੰਗ ਐਂਡ ਟੂਰਿਜ਼ਮ ਕਾਰਪੋਰੇਸ਼ਨ (ਆਈਆਰਸੀਟੀਸੀ) ਵੱਲੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਸਿੱਖਾਂ ਨਾਲ ਸਬੰਧਾਂ ਬਾਰੇ 47 ਸਫ਼ਿਆਂ ਦਾ ਕਿਤਾਬਚਾ ਈ-ਮੇਲ ਰਾਹੀਂ ਮੁਸਾਫ਼ਰਾਂ ਨੂੰ ਭੇਜਿਆ ਗਿਆ ਹੈ। ਇਸ ਵਿਚ ਸਿੱਖਾਂ ਨਾਲ ਪ੍ਰਧਾਨ ਮੰਤਰੀ ਦੇ ਰਿਸ਼ਤਿਆਂ ਦੀ ਚਰਚਾ ਕੀਤੀ ਗਈ ਹੈ। ਇਸ ਈ-ਮੇਲ ਦਾ ਵਿਰੋਧ ਵੀ ਹੋ ਰਿਹਾ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਰੇਲ ਸਫ਼ਰ ਲਈ ਟਿਕਟ ਬੁੱਕ ਕਰਾਉਣ ਸਮੇਂ ਦਿੱਤੀ ਈ-ਮੇਲ ਦਾ ਫ਼ਾਇਦਾ ਲੈਂਦਿਆਂ ਰੇਲਵੇ ਨੇ ਪਿਛਲੇ ਪੰਜ ਦਿਨਾਂ ਵਿਚ ਕਰੀਬ ਦੋ ਕਰੋੜ ਮੁਸਾਫ਼ਿਰਾਂ ਨੂੰ ਈ-ਮੇਲਜ਼ ਭੇਜੀਆਂ ਹਨ। ਪਟਿਆਲਾ ਜ਼ਿਲ੍ਹਾ ਅਦਾਲਤ ਵਿਚ ਕੰਮ ਕਰਦੇ ਐਡਵੋਕੇਟ ਗਗਨਦੀਪ ਸਿੰਘ ਘੀੜੇ, ਐਡਵੋਕੇਟ ਪਰਮਿੰਦਰ ਸਿੰਘ ਗਿੱਲ ਤੇ ਐਡਵੋਕੇਟ ਅਮਨਪ੍ਰੀਤ ਸਿੰਘ ਵਿਰਕ ਨੇ ਕਿਹਾ ਉਨ੍ਹਾਂ ਰੇਲਵੇ ਸਫ਼ਰ ਤੋਂ ਬਾਅਦ ਜਦੋਂ ਈ-ਮੇਲ ਦੇਖੀ ਤਾਂ ਆਈਆਰਸੀਟੀਸੀ ਵੱਲੋਂ ਤੋਂ ਪ੍ਰਧਾਨ ਮੰਤਰੀ ਵੱਲੋਂ ਸਿੱਖਾਂ ਨਾਲ ਕੀਤੀਆਂ ਗਤੀਵਿਧੀਆਂ ਬਾਰੇ ਈ-ਮੇਲ ਆਈ ਹੋਈ ਸੀ। ਉਨ੍ਹਾਂ ਕਿਹਾ ਕਿ ਸਰਕਾਰ ਨਿੱਜੀ ਈ-ਮੇਲ ਨੂੰ ਆਪਣੇ ਮਨੋਰਥ ਲਈ ਵਰਤ ਰਹੀ ਹੈ। ਉਨ੍ਹਾਂ ਕਿਹਾ ਕਿ ਇਸ ਕਿਤਾਬਚੇ ਵਿਚ ਭਾਜਪਾ ਵੱਲੋਂ ਗੁਰਦੁਆਰਿਆਂ ਦੇ ਬਾਹਰ ਲੰਗਰ ਲਾਉਣ ਬਾਬਤ ਦਿੱਤੀ ਜਾਣਕਾਰੀ ਵੀ ਗ਼ਲਤ ਹੈ। ਵਕੀਲਾਂ ਨੇ ਕਿਹਾ ਕਿ ਜੇ ਇਸ ਸਬੰਧੀ ਕੋਈ ਸਪਸ਼ਟੀਕਰਨ ਨਾ ਆਇਆ ਤਾਂ ਉਹ ਆਈਆਰਟੀਸੀ ਖ਼ਿਲਾਫ਼ ਅਦਾਲਤ ਵਿਚ ਜਾਣਗੇ।
ਈ-ਮੇਲ ਬਾਰੇ ਆਈਆਰਟੀਸੀ ਨੇ ਕਿਹਾ ਕਿ ਇਹ ਈ-ਮੇਲ ਕਿਸਾਨੀ ਸੰਘਰਸ਼ ਦੇ ਮੱਦੇਨਜ਼ਰ ਨਹੀਂ ਹੈ। ਇਸ ਤਰ੍ਹਾਂ ਈ-ਮੇਲਾਂ ਭੇਜਣਾ ਗ਼ੈਰਕਾਨੂੰਨੀ ਹੋਣ ਬਾਰੇ ਅਧਿਕਾਰੀਆਂ ਨੇ ਕੋਈ ਜਵਾਬ ਨਹੀਂ ਦਿੱਤਾ।
ਭਾਜਪਾ ਵੱਲੋਂ ਲੰਗਰ ਲਾਉਣ ਦਾ ਦਾਅਵਾ ਬੇਬੁਨਿਆਦ: ਜਗੀਰ ਕੌਰ
ਐੱਸਜੀਪੀਸੀ ਦੇ ਪ੍ਰਧਾਨ ਜਗੀਰ ਕੌਰ ਨੇ ਕਿਹਾ ਕਿ ਇਹ ਕਿਤਾਬਚਾ ਇਸ ਮੌਕੇ ਭੇਜਣਾ ਗ਼ਲਤ ਹੈ। ਉਨ੍ਹਾਂ ਕਿਹਾ ਕਿ ਭਾਜਪਾ ਵੱਲੋਂ ਲੰਗਰ ਲਾਉਣ ਦਾ ਦਾਅਵਾ ਬੇਬੁਨਿਆਦ ਹੈ। ਉਨ੍ਹਾਂ ਇਸ ਕਿਤਾਬਚੇ ਨੂੰ ਝੂਠ ਦਾ ਪੁਲੰਦਾ ਕਰਾਰ ਦਿੱਤਾ।