ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 15 ਦਸੰਬਰ
ਸਮਾਜ ਦੇ ਆਰਥਿਕ ਤੌਰ ’ਤੇ ਗ਼ਰੀਬ ਵਰਗਾਂ ਨੂੰ ਮਿਆਰੀ ਸਿੱਖਿਆ ਦੇਣ ਹਿੱਤ, ਤਕਨੀਕੀ ਸਿੱਖਿਆ ਅਤੇ ਉਦਯੋਗਿਕ ਸਿਖਲਾਈ ਵਿਭਾਗ ਵੱਲੋਂ ਵਿਦਿਅਕ ਸੈਸ਼ਨ 2020-21 ਦੌਰਾਨ ਸਰਕਾਰੀ ਆਈਟੀਆਈ ਵਿਚ ਪਿਛਲੇ ਸੈਸ਼ਨ ਦੌਰਾਨ ਸੀਟਾਂ ਦੀ ਗਿਣਤੀ 24,000 ਸੀਟਾਂ ਤੋਂ ਵਧਾ ਕੇ 37,996 ਕਰ ਦਿੱਤੀ ਗਈ ਹੈ। ਤਕਨੀਕੀ ਸਿੱਖਿਆ ਅਤੇ ਉਦਯੋਗਿਕ ਸਿਖਲਾਈ ਮੰਤਰੀ ਚਰਨਜੀਤ ਸਿੰਘ ਚੰਨੀ ਅਨੁਸਾਰ ਅਗਸਤ 2020 ਤੱਕ ਮਨਜ਼ੂਰਸ਼ੁਦਾ 37,996 ਸੀਟਾਂ ਵਿਚੋਂ 36,358 ਭਰੀਆਂ ਜਾ ਚੁੱਕੀਆਂ ਹਨ ਜਦੋਂਕਿ ਪਿਛਲੇ ਵਰ੍ਹੇ ਮਨਜ਼ੂਰਸ਼ੁਦਾ 23,652 ਵਿਚੋਂ 22,512 ਸੀਟਾਂ ਭਰੀਆਂ ਗਈਆਂ ਸਨ। ਇਨ੍ਹਾਂ ਅੰਕੜਿਆਂ ਅਨੁਸਾਰ ਮੌਜੂਦਾ ਵਰ੍ਹੇ ਦੌਰਾਨ ਸਰਕਾਰੀ ਆਈਟੀਆਈਜ਼ ਵਿਚ ਮਨਜ਼ੂਰਸ਼ੁਦਾ ਸੀਟਾਂ ਵਿਚ 62.24 ਫ਼ੀਸਦੀ ਵਾਧਾ ਹੋਇਆ ਹੈ ਅਤੇ ਦਾਖ਼ਲਿਆਂ ਵਿਚ ਵਾਧਾ ਫ਼ੀਸਦ 61.91 ਰਿਹਾ ਹੈ।