ਨਵੀਂ ਦਿੱਲੀ, 14 ਦਸੰਬਰ
ਖੇਤੀ ਕਾਨੂੰਨਾਂ ਖ਼ਿਲਾਫ਼ ਕਿਸਾਨਾਂ ਦਾ ਪ੍ਰਦਰਸ਼ਨ ਸੋਮਵਾਰ ਨੂੰ ਜਿਥੇ 19ਵੇਂ ਦਿਨ ਵਿੱਚ ਦਾਖਲ ਹੋ ਗਿਆ, ਉਥੇ ਕਿਸਾਨ ਆਗੂਆਂ ਨੇ ਇਕ ਦਿਨਾਂ ਹੜਤਾਲ ਕੀਤੀ। ਨੂਰਾ ਭੈਣਾਂ ਵੀ ਕਿਸਾਨਾਂ ਦੇ ਸਮਰਥਨ ’ਚ ਨਿੱਤਰ ਆਈਆਂ ਹਨ। ਉਹ ਕਿਸਾਨਾਂ ਦੇ ਸਮਰਥਨ ਵਿੱਚ ਅੱਜ ਸਿੰਘੂ ਸਰਹੱਦ ’ਤੇ ਪੁੱਜੀਆਂ ਤੇ ਉਨ੍ਹਾਂ ਨਾਲ ਇਕਮੁੱਠਤਾ ਦਾ ਪ੍ਰਗਟਾਵਾ ਕੀਤਾ। ਉਹ ਪ੍ਰਦਰਸ਼ਨਕਾਰੀ ਕਿਸਾਨਾਂ ਨੂੰ ਮਿਲੀਆਂ ਅਤੇ ਸਟੇਜ ’ਤੇ ਗੀਤ ਗਾ ਕੇ ਉਨ੍ਹਾਂ ਦਾ ਹੌਸਲਾ ਵਧਾਇਆ। ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ, ‘‘ ਜੋ ਕੁਝ ਵੀ ਹੋ ਰਿਹਾ ਹੈ, ਉਹ ਗਲਤ ਹੈ। ਉਨ੍ਹਾਂ ਕਿਹਾ ਕਿ ਅਸੀਂ ਸਰਕਾਰ ਨੂੰ ਦੱਸਣਾ ਚਾਹੁੰਦੇ ਹਾਂ ਕਿ ਬਰਗਰ ਅਤੇ ਪੀਜ਼ਿਆਂ ਨਾਲ ਢਿੱਡ ਨਹੀਂ ਭਰਦੇ, ਰੋਟੀ ਅਜਿਹਾ ਕਰ ਸਕਦੀ ਹੈ ਅਤੇ ਇਹ ਕਿਸਾਨ ਹੀ ਹਨ ਜੋ ਸਾਨੂੰ ਇਹ ਦਿੰਦੇ ਹਨ। ’’ ਉਨ੍ਹਾਂ ਕਿਹਾ, ‘‘ਅੱਜ ਅਸੀਂ ਜੋ ਕੁਝ ਵੀ ਹਾਂ, ਉਹ ਕਿਸਾਨਾਂ ਕਰ ਕੇ ਹਾਂ। ’’ ਕਿਸਾਨ ਆਗੂਆਂ ਨੇ ਸਵੇਰੇ ਅੱਠ ਵਜੇ ਅਰਦਾਸ ਨਾਲ ਇਕ ਦਿਨ ਦੀ ਹੜਤਾਲ ਸ਼ੁਰੂ ਕੀਤੀ ਜੋ ਸ਼ਾਮ 5 ਵਜੇ ਤਕ ਜਾਰੀ ਰਹੀ। -ਏਜੰਸੀ