ਰਵੇਲ ਸਿੰਘ ਭਿੰਡਰ
ਪਟਿਆਲਾ, 13 ਦਸੰਬਰ
ਪਟਿਆਲਾ ਰਨਰ ਕਲੱਬ ਵੱਲੋਂ ਆਰੂਸ਼ੀ ਸੰਸਥਾ ਦੇ ਸਹਿਯੋਗ ਨਾਲ ਫਰੀਡਮ ਅਲਟਰਾ ਦੌੜ ਦਾ ਪੰਜਵਾ ਈਵੈਂਟ ਕਰਵਾਇਆ ਗਿਆ। ਜਿਮਖਾਨਾ ਕਲੱਬ ਵਿੱਚ ਫਰੀਡਮ ਅਲਟਰਾ ਦੌੜ ਮੁਕੰਮਲ ਹੋਈ ਅਤੇ ਇਸ ਦੌੜ ਵਿਚ ਸਟੀਫਨ ਵੈਂਡਰ ਮਰਵ (ਦੱਖਣੀ ਅਫਰੀਕਾ) ਨੇ ਪਹਿਲਾ ਸਥਾਨ ਹਾਸਲ ਕੀਤਾ। ਰਨਰ ਅੱਪ ਵਿਚ ਰੋਹਿਤ, ਸਬੌਧ, ਨੀਲ ਕਮਲ ਜੁਨੇਜਾ, ਬਲਰਾਜ ਕੌਸ਼ਿਕ ਆਦਿ ਸ਼ਾਮਲ ਸਨ। ਚੰਡੀਗੜ੍ਹ ਤੋਂ ਪਟਿਆਲਾ ਵੱਖ-ਵੱਖ ਪਿੰਡਾਂ ਦੇ ਰੂਟ ਰਾਹੀਂ 75 ਕਿਲੋਮੀਟਰ ਦੀ ਦੌੜ ਪੂਰੀ ਕਰਨ ਵਾਲੀ ਟੀਮ ਦੇ ਸੱਤ ਸਾਈਕਲਲਿਸਟ, ਪੰਜ ਰਨਰ ਸਮੇਤ 21 ਦੇ ਕਰੀਬ ਮੈਂਬਰਾਂ ਦੇ ਜਿਮਖਾਨਾ ਪੁੱਜਣ ’ਤੇ ਭਰਵਾਂ ਸਵਾਗਤ ਕੀਤਾ ਗਿਆ। ਇਸ ਮੌਕੇ ਜਿਮਖਾਨਾ ਕਲੱਬ ਦੇ ਸੈਕਟਰੀ ਵਿਪਨ ਸ਼ਰਮਾ, ਜੁਆਇੰਟ ਸੈਕਟਰੀ ਮੋਹਿਤ ਢੂੰਢੀਆ, ਐਗਜ਼ੀਕਿਊਟਿਵ ਮੈਂਬਰ ਐੱਮਐੱਮ ਸਿਆਲ, ਐਡਵੋਕੇਟ ਰਾਕੇਸ਼ ਭਾਦਵ, ਡਾ. ਨੀਰਜ ਗੋਇਲ, ਹਰਸ਼ਪਾਲ ਸਿੰਘ ਅਤੇ ਸ਼ੇਰਬੀਰ ਸਿੰਘ ਅਤੇ ਸਾਬਕਾ ਸੈਕਟਰੀ ਹਰਪ੍ਰੀਤ ਸਿੰਘ ਸਿੱਧੂ ਵੱਲੋਂ ਫਰੀਡਮ ਅਲਟਰਾ ਦੌੜ ਮੁਕੰਮਲ ਕਰਨ ਵਾਲਿਆਂ ਨੂੰ ਮੈਡਲ ਦੇ ਕੇ ਸਨਮਾਨਿਤ ਕੀਤਾ ਗਿਆ।
ਟੀਮ ਨੂੰ ਸਹਿਯੋਗ ਕਰਨ ਵਾਲੇ ਧਰਮਿੰਦਰ ਸ਼ਰਮਾ, ਅਮਰਜੀਤ ਸੋਨੂੰ ਚੌਹਾਨ, ਪਰਮਜੀਤ ਸਿੰਘ, ਰਾਜੀਵ ਅਰੋੜਾ ਅਤੇ ਵਿਨੋਦ ਜਿੰਦਲ ਨੇ ਦੱਸਿਆ ਕਿ ਪਟਿਆਲਾ ਰਨਰ ਕਲੱਬ (ਦੌੜਤਾ ਪੰਜਾਬ) ਭੋਪਾਲ ਦੀ ਸਭ ਤੋਂ ਵੱਡੀ ਸੰਸਥਾ ਆਰੂਸ਼ੀ ਦੇ ਸਹਿਯੋਗ 2016 ਤੋਂ ਫਰੀਡਮ ਅਲਟਰਾ ਦੌੜ ਕਰਵਾ ਰਿਹਾ ਹੈ, ਜੋ ਪਟਿਆਲਾ ਤੋਂ ਚੰਡੀਗੜ ਅਤੇ ਚੰਡੀਗੜ ਤੋਂ ਪਟਿਆਲਾ 75 ਕਿਲੋਮੀਟਰ ਦੀ ਹੁੰਦੀ ਹੈ। ਉਨਾਂ ਦੱਸਿਆ ਕਿ ਆਰੂਸ਼ੀ ਸੰਸਥਾ ਵੱਲੋਂ 300 ਤੋਂ ਵੱਧ ਬਲਾਈਂਲਡ ਬੱਚਿਆਂ ਦੀ ਦੇਖਭਾਲ ਕੀਤੀ ਜਾ ਰਹੀ ਹੈ। ਵੱਖ-ਵੱਖ ਥਾਵਾਂ ’ਤੇ ਬੱਚਿਆਂ ਵੱਲੋਂ ਪ੍ਰਤਿਭਾ ਦੀ ਪੇਸ਼ਕਾਰੀ ਵੀ ਕੀਤੀ ਜਾਂਦੀ ਹੈ। ਉਨ੍ਹਾਂ ਦੱਸਿਆ ਕਿ ਜਿਮਖਾਨਾ ਕਲੱਬ ਤੋਂ ਇਲਾਵਾ ਹੋਟਲ ਸਨਰਾਈਜ਼ ਦੇ ਗੁਰਦੀਪ ਸਿੰਘ ਵਾਲੀਆ ਵੱਲੋਂ ਰਨਰ ਅੱਪ ਦੀ ਟੀਮ ਨੂੰ ਖਾਣਾ ਵੀ ਮੁਹੱਈਆ ਕਰਵਾਇਆ ਗਿਆ।