ਗੁਰਿੰਦਰ ਸਿੰਘ
ਲੁਧਿਆਣਾ, 15 ਸਤੰਬਰ
ਜਮਹੂਰੀ ਕਿਸਾਨ ਸਭਾ ਪੰਜਾਬ ਤੇ ਵਾਤਾਵਰਨ ਪ੍ਰੇਮੀਆਂ ਵੱਲੋਂ ਅੱਜ ਇੱਥੇ ਡਿਪਟੀ ਕਮਿਸ਼ਨਰ ਦਫ਼ਤਰ ਸਾਹਮਣੇ ਧਰਨਾ ਲਗਾਇਆ ਗਿਆ ਜਿਸ ਵਿੱਚ ਮੰਗ ਕੀਤੀ ਗਈ ਕਿ ਸਤਲੁਜ ਦਰਿਆ ਵਿੱਚ ਪੈਂਦੇ ਪ੍ਰਦੂਸ਼ਿਤ ਪਾਣੀ ਨੂੰ ਰੋਕਣ ਲਈ ਤੁਰੰਤ ਕਾਰਵਾਈ ਕੀਤੀ ਜਾਵੇ। ਅੱਜ ਦੇ ਧਰਨੇ ਦੀ ਪ੍ਰਧਾਨਗੀ ਬਲਰਾਜ ਸਿੰਘ ਕੋਟਉਮਰਾ, ਸੰਤੋਖ ਸਿੰਘ ਬਿਲਗਾ, ਰਾਮ ਸਿੰਘ ਕੈਮਵਾਲਾ, ਸਰਬਜੀਤ ਸਿੰਘ ਸੰਗੋਵਾਲ ਅਤੇ ਜਥੇਦਾਰ ਅਮਰਜੀਤ ਸਿੰਘ ਬਾਲੀਓ ਨੇ ਕੀਤੀ।
ਜਮਹੂਰੀ ਕਿਸਾਨ ਸਭਾ ਦੇ ਸੂਬਾਈ ਜਨਰਲ ਸਕੱਤਰ ਕੁਲਵੰਤ ਸਿੰਘ ਸੰਧੂ ਨੇ ਕਿਹਾ ਕਿ ਸਤਲੁਜ ਦਰਿਆ ਸਮੇਤ ਪੰਜਾਬ ਦੇ ਸਾਰੇ ਦਰਿਆਵਾਂ, ਨਹਿਰਾਂ, ਚੋਆਂ ਅਤੇ ਡਰੇਨਾਂ ਵਿੱਚ ਪੈਂਦਾ ਸੀਵਰੇਜ ਅਤੇ ਫੈਕਟਰੀਆਂ ਦਾ ਦੂਸ਼ਿਤ ਪਾਣੀ ਤੁਰੰਤ ਬੰਦ ਕੀਤਾ ਜਾਵੇ ਅਤੇ ਅਜਿਹੀਆਂ ਫ਼ੈਕਟਰੀਆਂ ਬੰਦ ਕਰਕੇ ਮਾਲਕਾਂ ’ਤੇ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇ। ਉਨ੍ਹਾਂ ਮੰਗ ਕੀਤੀ ਕਿ ਗੰਧਲੇ ਪਾਣੀ ਨੂੰ ਸਾਫ਼ ਕਰਨ ਲਈ ਟਰੀਟਮੈਟ ਪਲਾਂਟ ਲਗਾਏ ਜਾਣ, ਸਾਫ਼ ਕੀਤੇ ਪਾਣੀ ਨੂੰ ਦਰਿਆਵਾਂ ਵਿੱਚ ਨਾ ਪਾ ਕੇ ਇਸ ਨੂੰ ਖੇਤੀ ਅਤੇ ਬਿਲਡਿੰਗ ਉਸਾਰੀ ਦੇ ਕੰਮਾਂ ਦੀ ਵਰਤੋਂ ਵਿੱਚ ਲਿਆਂਦਾ ਜਾਵੇ, ਲੁਧਿਆਣਾ ਸ਼ਹਿਰ ਵਿੱਚ ਵੱਗਦੇ ਬੁੱਢੇ ਨਾਲ਼ੇ ਦਾ ਪਾਣੀ ਸਤਲੁਜ ਦਰਿਆ ਵਿੱਚ ਪੈਣ ਤੋਂ ਤੁਰੰਤ ਰੋਕਿਆ ਜਾਵੇ ਅਤੇ ਇਸ ਪਾਣੀ ਨੂੰ ਟਰੀਟਮੈਟ ਪਲਾਂਟਾਂ ਰਾਹੀ ਸੋਧ ਕੇ ਖੇਤੀ ਤੇ ਬਿਲਡਿੰਗ ਉਸਾਰੀ ਦੇ ਕੰਮਾਂ ਵਿੱਚ ਵਰਤਿਆ ਜਾਵੇ। ਇਸ ਮੌਕੇ ਪ੍ਰੌਫੈਸਰ ਜੈਪਾਲ ਸਿੰਘ, ਰਘਵੀਰ ਸਿੰਘ ਬੈਨੀਪਾਲ ਅਤੇ ਬਾਬਾ ਬਲਕੌਰ ਸਿੰਘ ਨੇ ਕਿਹਾ ਕਿ ਪਸ਼ੂਆਂ ਵਿੱਚ ਫੈਲੀ ਲੰਪੀ ਸਕਿਨ ਬਿਮਾਰੀ ਕਾਰਨ ਪੁਸ਼ੂਆ ਦੇ ਹੋਏ ਨੁਕਸਾਨ ਦਾ ਮਰੇ ਪਸ਼ੂ ਲਈ 1 ਲੱਖ ਰੁਪਏ ਅਤੇ ਬਿਮਾਰ ਪਸ਼ੂ ਲਈ 50 ਹਜ਼ਾਰ ਰੁਪਏ ਮੁਆਵਜ਼ਾ ਦਿੱਤਾ ਜਾਵੇ ਅਤੇ ਨਕਲੀ ਦੁੱਧ ਦੀ ਵਿਕਰੀ ਰੋਕਣ ਲਈ ਸੂਬਾ ਸਰਕਾਰ ਸਖ਼ਤੀ ਨਾਲ ਪੇਸ਼ ਆਵੇ। ਧਰਨਾਕਾਰੀਆ ਵੱਲੋਂ ਰੈਲੀ ਤੋਂ ਬਾਅਦ ਡੀਸੀ ਦਫ਼ਤਰ ਤੱਕ ਮਾਰਚ ਕਰਕੇ ਮੁੱਖ ਮੰਤਰੀ ਪੰਜਾਬ ਲਈ ਡਿਪਟੀ ਕਮਿਸ਼ਨਰ ਨੂੰ ਮੰਗ ਪੱਤਰ ਦਿੱਤਾ ਗਿਆ। ਇਸ ਮੌਕੇ ਅਮਰਜੀਤ ਸਿੰਘ ਬਾਲੀਓ, ਸਰਬਜੀਤ ਸਿੰਘ ਸੰਗੋਵਾਲ, ਜਨਵਾਦੀ ਇਸਤਰੀ ਸਭਾ ਦੀ ਸੂਬਾ ਪ੍ਰਧਾਨ ਪ੍ਰੋ. ਸੁਰਿੰਦਰ ਕੌਰ, ਹਰਨੇਕ ਸਿੰਘ ਗੁੱਜਰਵਾਲ, ਡਾ. ਪ੍ਰਦੀਪ ਜੋਧਾਂ, ਡਾ. ਜਸਵਿੰਦਰ ਸਿੰਘ ਕਾਲਖ, ਪਰਮਜੀਤ ਸਿੰਘ, ਜਗਦੀਸ਼ ਚੰਦ, ਡਾ. ਅਜੀਤ ਰਾਮ ਸ਼ਰਮਾ, ਡਾ. ਕੇਸਰ ਸਿੰਘ ਧਾਦਰਾਂ, ਮੇਜਰ ਸਿੰਘ ਖੁਰਲਾਪੁਰ, ਗੁਰਮੇਲ ਸਿੰਘ ਭਰੋਵਾਲ, ਹੁਕਮ ਰਾਜ ਦੇਹੜਕਾ, ਗੁਰਮੇਲ ਸਿੰਘ ਰੂਮੀ ਤੇ ਅਮਰਜੀਤ ਸਿੰਘ ਸਹਿਜਾਦ ਨੇ ਵੀ ਸੰਬੋਧਨ ਕੀਤਾ।