ਮਹਿੰਦਰ ਸਿੰਘ ਰੱਤੀਆਂ
ਮੋਗਾ, 21 ਮਈ
ਸੂਬੇ ਦੇ ਵੱਡੀ ਗਿਣਤੀ ਨੌਜਵਾਨ ਪੰਜਾਬ ਵਿੱਚ ਮੈਡੀਕਲ ਦੀ ਪੜ੍ਹਾਈ ਕਰ ਰਹੇ ਹਨ, ਪਰ ਇਸ ਖੇਤਰ ਵਿੱਚ ਆਯੁਰਵੈਦਿਕ ਦੀ ਪੜ੍ਹਾਈ ਪ੍ਰਤੀ ਉਦਾਸੀਨਤਾ ਵੇਖਣ ਨੂੰ ਮਿਲ ਰਹੀ ਹੈ। ਸੂਬੇ ਦੇ ਆਯੁਰਵੈਦਿਕ ਕਾਲਜਾਂ ਵਿੱਚ ਦਾਖ਼ਲੇ ਨਾਂਹ ਦੇ ਬਰਾਬਰ ਹੀ ਹੁੰਦੇ ਹਨ। ਹੁਸ਼ਿਆਰਪੁਰ ਆਯੂਰਵੈਦਿਕ ਯੂਨੀਵਰਸਿਟੀ ਅਧੀਨ ਆਉਂਦੇ 16 ਕਾਲਜਾਂ ’ਚ ਕੁੱਲ 960 ਵਿੱਚੋਂ 144 ਸੀਟਾਂ ਹਾਲੇ ਵੀ ਖਾਲੀ ਪਈਆਂ ਹਨ, ਜੋ 15 ਫੀਸਦ ਬਣਦੀਆਂ ਹਨ। ਇਸ ਵਰ੍ਹੇ ਫਰਵਰੀ ਮਹੀਨੇ ’ਚ ਬੀਡੀਐੱਸ ਦੀਆਂ ਵੀ 2600 ’ਚੋਂ 1390 ਸੀਟਾਂ ਖਾਲੀ ਰਹਿ ਗਈਆਂ ਸਨ। ਸਥਾਨਕ ਸ੍ਰੀ ਸੱਤਿਆ ਸਾਂਈ ਮੁਰਲੀਧਰ ਆਯੂਰਵੈਦਿਕ ਕਾਲਜ ਵਿੱਚ ਬੀਏਐੱਮਐੱਸ ਸਾਲ ਪਹਿਲਾ ਵਿੱਚ ਕੁੱਲ 60 ਵਿੱਚੋਂ 34 ਸੀਟਾਂ ਹੀ ਭਰੀਆਂ ਹਨ। ਇਨ੍ਹਾਂ ਵਿੱਚੋਂ ਵੀ ਸਿਰਫ਼ ਤਿੰਨ ਵਿਦਿਆਰਥੀ ਹੀ ਪੰਜਾਬ ਦੇ ਹਨ ਅਤੇ ਬਾਕੀ ਹੋਰਨਾਂ ਸੂਬਿਆਂ ਦੇ ਹਨ। ਪ੍ਰਿੰਸੀਪਲ ਡਾ. ਪੀਸੀ ਸਿੰਗਲ ਅਤੇ ਯੂਨੀਵਰਸਿਟੀ ਦੇ ਰਜਿਸਟਰਾਰ ਸੰਜੀਵ ਗੋਇਲ ਦਾ ਮੰਨਣਾ ਹੈ ਕਿ ਸੀਟਾਂ ਖਾਲੀ ਹੋਣ ਦਾ ਮੁੱਖ ਕਾਰਨ ਫੀਸਾਂ ਨਹੀਂ, ਸਗੋਂ ਕਰੋਨਾ ਦੌਰਾਨ ਸੈਸ਼ਨ ਸ਼ੁਰੂ ਹੋਣ ਵਿੱਚ ਹੋਈ ਦੇਰੀ ਹੈ। ਜਾਣਕਾਰੀ ਅਨੁਸਾਰ ਇਸ ਵਾਰ ਫਾਈਨਲ ਕਾਊਂਸਲਿੰਗ ਦੌਰਾਨ ਮੈਰਿਟ ਵਿੱਚ 5 ਫੀਸਦ ਦੀ ਛੋਟ ਵੀ ਦਿੱਤੀ ਗਈ ਸੀ, ਪਰ 15.7 ਫੀਸਦ ਸੀਟਾਂ ਖਾਲੀ ਰਹਿ ਗਈਆਂ। ਇਸ ਮਗਰੋਂ 14 ਮਈ ਨੂੰ ਨੈਸ਼ਨਲ ਕਮਿਸ਼ਨ ਫਾਰ ਇੰਡੀਅਨ ਸਿਸਟਮ ਆਫ ਮੈਡੀਕਲ, ਦਿੱਲੀ ਵੱਲੋਂ ਰੱਖੀ ਗਈ ਵਿਸ਼ੇਸ਼ ਕਾਊਂਸਲਿੰਗ ਵਿੱਚ ਵੀ ਸਿਰਫ਼ ਚਾਰ ਵਿਦਿਆਰਥੀ ਆਏ। ਇਹ ਪਹਿਲੀ ਵਾਰ ਹੈ ਕਿ ਪੰਜਾਬ ਵਿੱਚ 144 ਸੀਟਾਂ ਖਾਲੀ ਰਹਿ ਗਈਆਂ ਹੋਣ।
ਸੂਬੇ ਦੇ ਪ੍ਰਾਈਵੇਟ ਆਯੁਰਵੈਦਿਕ ਕਾਲਜਾਂ ਵਿੱਚ ਦਾਖ਼ਲਾ ਸਰਕਾਰੀ ਕੋਟੇ ਤੇ ਮੈਨੇਜਮੈਂਟ ਕੋਟੇ ਰਾਹੀਂ ਕੀਤਾ ਜਾਂਦਾ ਹੈ ਤੇ ਦੋਵਾਂ ਲਈ 50-50 ਫੀਸਦ ਸੀਟਾਂ ਰਾਖਵੀਆਂ ਹੁੰਦੀਆਂ ਹਨ। ਪਿਛਲੇ ਸਾਲ ਤੱਕ ਸਰਕਾਰੀ ਕੋਟੇ ਦੀ ਫੀਸ 1.20 ਲੱਖ ਰੁਪਏ ਸਾਲਾਨਾ ਸੀ, ਜਦਕਿ ਮੈਨੇਜਮੈਂਟ ਕੋਟੇ ’ਚ ਇਹ ਫੀਸ 1.80 ਲੱਖ ਰੁਪਏ ਸੀ। ਤਤਕਾਲੀ ਚੰਨੀ ਸਰਕਾਰ ਦੇ ਕਾਰਜਕਾਲ ਦੌਰਾਨ ਨਵੰਬਰ 2021 ਵਿੱਚ ਦੋਵੇਂ ਕੋਟਿਆਂ ਦੀ ਫੀਸ ਦੋ ਲੱਖ ਕਰਨ ਦੇ ਫੈ਼ਸਲੇ ਮਗਰੋਂ ਸੂਬੇ ਭਰ ਵਿੱਚ 15.7 ਫੀਸਦ ਸੀਟਾਂ ਖਾਲੀ ਰਹਿ ਗਈਆਂ।