ਨਵੀਂ ਦਿੱਲੀ, 12 ਦਸੰਬਰ
ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਨੇ ਕਿਹਾ ਹੈ ਕਿ ਚੀਨ ਨਾਲ ਜਾਰੀ ਸਰਹੱਦੀ ਵਿਵਾਦ ਵਿਚ ਭਾਰਤ ਨੂੰ ਸੱਤ ਮਹੀਨਿਆਂ ਤੋਂ ਪਰਖ਼ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਨ੍ਹਾਂ ਭਰੋਸਾ ਜ਼ਾਹਿਰ ਕੀਤਾ ਕਿ ਭਾਰਤ ਕੌਮੀ ਸੁਰੱਖਿਆ ਚੁਣੌਤੀਆਂ ਤੋਂ ਪਾਰ ਪਾ ਲਏਗਾ।
ਲੱਦਾਖ ਵਿਚ ਅਸਲ ਕੰਟਰੋਲ ਰੇਖਾ (ਐਲਏਸੀ) ’ਤੇ ਹੋਈ ਘਟਨਾਵਾਂ ਨੂੰ ‘ਜ਼ਿਆਦਾ ਪ੍ਰੇਸ਼ਾਨ ਕਰਨ ਵਾਲੀਆਂ’ ਕਰਾਰ ਦਿੰਦਿਆਂ ਜੈਸ਼ੰਕਰ ਨੇ ਕਿਹਾ ਕਿ ਜੋ ਵੀ ਵਾਪਰਿਆ, ਉਹ ਚੀਨ ਦੇ ਹਿੱਤ ਵਿਚ ਨਹੀਂ ਹੈ ਕਿਉਂਕਿ ਭਾਰਤ ਵਿਚ ਇਸ ਦੀ ਦਹਾਕਿਆਂ ਦੌਰਾਨ ਬਣੀ ਚੰਗੀ ਪਛਾਣ ਹੁਣ ਦਾਅ ਉਤੇ ਲੱਗੀ ਹੋਈ ਹੈ। ਵਿਦੇਸ਼ ਮੰਤਰੀ ਨੇ ਕਿਹਾ ਕਿ ਹਾਲ ਹੀ ਵਿਚ ਵਾਪਰੀਆਂ ਘਟਨਾਵਾਂ ਨੇ ਕੁਝ ਬਹੁਤ ‘ਮੁੱਢਲੇ ਫ਼ਿਕਰਾਂ’ ਨੂੰ ਉਜਾਗਰ ਕੀਤਾ ਹੈ ਕਿਉਂਕਿ ‘ਸਾਹਮਣੇ ਵਾਲੀ ਧਿਰ’ ਨੇ ਐਲਏਸੀ ਦਾ ਮਾਣ ਰੱਖਣ ਲਈ ਹੋਏ ਸਮਝੌਤਿਆਂ ’ਤੇ ਅਮਲ ਨਹੀਂ ਕੀਤਾ। ਉਦਯੋਗਿਕ ਸੰਗਠਨ ‘ਫਿਕੀ’ ਦੀ ਸਾਲਾਨਾ ਜਨਰਲ ਮੀਟਿੰਗ ਮੌਕੇ ਇਕ ਸੈਸ਼ਨ ਵਿਚ ਹਿੱਸਾ ਲੈਂਦਿਆਂ ਜੈਸ਼ੰਕਰ ਨੇ ਇਸ ਸਰਹੱਦੀ ਮਸਲੇ ਦਾ ਹੱਲ ਨਿਕਲਣ ਬਾਰੇ ਪੱਕੇ ਤੌਰ ਉਤੇ ਕੁਝ ਵੀ ਕਹਿਣ ਤੋਂ ਇਨਕਾਰ ਕਰ ਦਿੱਤਾ। ਅਮਰੀਕਾ ਨਾਲ ਤਜਵੀਜ਼ਤ ਵਪਾਰ ਸਮਝੌਤੇ ਬਾਰੇ ਪੁੱਛੇ ਜਾਣ ’ਤੇ ਜੈਸ਼ੰਕਰ ਨੇ ਕਿਹਾ ਕਿ ਵਪਾਰ ਨਾਲ ਜੁੜੇ ਮਸਲਿਆਂ ਨੂੰ ਸੁਲਝਾਉਣ ਲਈ ਸਰਕਾਰ ਤੇ ਟਰੰਪ ਪ੍ਰਸ਼ਾਸਨ ਵਿਚਕਾਰ ਲੰਮੀ-ਚੌੜੀ ਗੱਲਬਾਤ ਹੋ ਚੁੱਕੀ ਹੈ। ਉਨ੍ਹਾਂ ਕਿਹਾ ਕਿ ਜੋਅ ਬਾਇਡਨ ਵੱਲੋਂ ਸੱਤਾ ਸੰਭਾਲਣ ਮਗਰੋਂ ਇਸ ’ਤੇ ਮੁੜ ਚਰਚਾ ਹੋਣ ਦੀ ਆਸ ਹੈ। -ਪੀਟੀਆਈ