ਵਾਸ਼ਿੰਗਟਨ, 12 ਦਸੰਬਰ
ਅਮਰੀਕਾ ਨੇ ਫਾਈਜ਼ਰ ਵੱਲੋਂ ਕੋਵਿਡ-19 ਦੇ ਇਲਾਜ ਲਈ ਬਣਾਏ ਗਏ ਟੀਕੇ ਦੀ ਐਮਰਜੈਂਸੀ ਹਾਲਤ ’ਚ ਵਰਤੋਂ ਨੂੰ ਮਨਜ਼ੂਰੀ ਦੇ ਦਿੱਤੀ ਹੈ। ਟੀਕੇ ਦੀ ਪਹਿਲੀ ਖੁਰਾਕ 24 ਘੰਟਿਆਂ ਦੇ ਅੰਦਰ ਦਿੱਤੀ ਜਾਵੇਗੀ। ਇਹ ਵੈਕਸੀਨ ਸਾਰੇ ਅਮਰੀਕੀਆਂ ਨੂੰ ਮੁਫ਼ਤ ਮੁਹੱਈਆ ਕਰਵਾਈ ਜਾਵੇਗੀ।
ਅਮਰੀਕਾ ਦੇ ਖੁਰਾਕ ਤੇ ਦਵਾ ਪ੍ਰਬੰਧਨ (ਐੱਫਡੀਏ) ਨੇ ਅਮਰੀਕੀ ਦਵਾਈ ਨਿਰਮਾਤਾ ਕੰਪਨੀ ਫਾਈਜ਼ਰ ਅਤੇ ਉਸ ਦੀ ਸਹਿਯੋਗੀ ਜਰਮਨੀ ਦੀ ਬਾਇਓਐੱਨਟੈੱਕ ਵੱਲੋਂ ਤਿਆਰ ਵੈਕਸੀਨ ਦੀ ਐਮਰਜੈਂਸੀ ਵਰਤੋਂ ਅਧਿਕਾਰ (ਈਏਯੂ) ਦੀ ਆਗਿਆ ਦਿੱਤੀ ਹੈ।
ਐੱਫਡੀਏ ਵੱਲੋਂ ਮਨਜ਼ੂਰੀ ਤੋਂ ਤੁਰੰਤ ਮਗਰੋਂ ਅਮਰੀਕੀ ਸਦਰ ਡੋਨਲਡ ਟਰੰਪ ਨੇ ਇੱਕ ਵੀਡੀਓ ’ਚ ਕਿਹਾ, ‘ਅੱਜ ਸਾਡੇ ਦੇਸ਼ ’ਚ ਇੱਕ ਮੈਡੀਕਲ ਚਮਤਕਾਰ ਹੋਇਆ ਹੈ। ਅਸੀਂ ਸਿਰਫ 9 ਮਹੀਨਿਆਂ ਵਿੱਚ ਹੀ ਇੱਕ ਸੁਰੱਖਿਅਤ ਅਤੇ ਅਸਰਦਾਰ ਦਵਾਈ ਤਿਆਰ ਕੀਤੀ ਹੈ।’ ਟਰੰਪ ਨੇ ਕਿਹਾ, ‘ਇਤਿਹਾਸ ’ਚ ਵਿਗਿਆਨ ਦੀਆਂ ਮਹਾਨ ਪ੍ਰਾਪਤੀਆਂ ਵਿੱਚੋਂ ਇਹ ਇੱਕ ਹੈ। ਇਹ ਲੱਖਾਂ ਜ਼ਿੰਦਗੀਆਂ ਨੂੰ ਬਚਾਏਗਾ ਅਤੇ ਜਲਦੀ ਹੀ ਮਹਾਮਾਰੀ ਨੂੰ ਖਤਮ ਕਰੇਗਾ।’ ਅਮਰੀਕੀ ਸਦਰ ਨੇ ਕਿਹਾ, ‘ਮੈਨੂੰ ਇਹ ਕਹਿੰਦਿਆਂ ਮਾਣ ਮਹਿਸੂਸ ਹੋ ਰਿਹਾ ਹੈ ਕਿ ਅਸੀਂ ਯਕੀਨੀ ਬਣਾਇਆ ਕਿ ਇਹ ਟੀਕਾ ਸਾਰੇ ਅਮਰੀਕੀਆਂ ਨੂੰ ਮੁਫ਼ਤ ਮੁਹੱਈਆ ਕਰਵਾਇਆ ਜਾਵੇਗਾ।’ ਐੱਫਡੀਏ ਦੇ ਕਮਿਸ਼ਨਰ ਸਟੀਫ਼ਨ ਐੱਮ. ਹਹਨ ਨੇ ਇਸ ਨੂੰ ਕਰੋਨਾ ਮਹਾਮਾਰੀ ਖ਼ਿਲਾਫ਼ ਇੱਕ ‘ਅਹਿਮ ਮੀਲ ਪੱਥਰ’ ਕਰਾਰ ਦਿੱਤਾ ਹੈ। -ਪੀਟੀਆਈ