ਮੁੰਬਈ: ਅਦਾਕਾਰ ਅਜੇ ਦੇਵਗਨ ਨੇ ਐਲਾਨ ਕੀਤਾ ਕਿ ਉਨ੍ਹਾਂ ਦੀ ਅਗਲੀ ਨਵੀਂ ਫ਼ਿਲਮ ‘ਮੈਦਾਨ’ ਅਗਲੇ ਵਰ੍ਹੇ ਦਸਹਿਰੇ ਮੌਕੇ 15 ਅਕਤੂਬਰ ਨੂੰ ਸਿਨੇਮਾ ਘਰਾਂ ਦਾ ਸ਼ਿੰਗਾਰ ਬਣੇਗੀ। ਇਸ ਫ਼ਿਲਮ ਦੀ ਕਹਾਣੀ ਸਈਅਦ ਅਬਦੁੱਲ ਰਹੀਮ ਦੀ ਸੱਚੀ ਕਹਾਣੀ ਤੋਂ ਪ੍ਰੇਰਿਤ ਹੈ, ਜੋ ਸਾਲ 1950 ਤੋਂ 1963 ਤੱਕ ਭਾਰਤੀ ਟੀਮ ਦੇ ਕੋਚ ਅਤੇ ਮੈਨੇਜਰ ਰਹੇ ਸਨ। ਅਜੈ ਦੇਵਗਨ ਨੇ ਟਵਿੱਟਰ ’ਤੇ ਆਪਣੀ ਫ਼ਿਲਮ ਦਾ ਪੋਸਟਰ ਵੀ ਸਾਂਝਾ ਕੀਤਾ ਜਿਸ ’ਚ ਉਹ ਅਤੇ ਸਾਥੀ ਕਲਾਕਾਰ ‘ਰੈਟਰੋ’ ਦਿੱਖ ’ਚ ਨਜ਼ਰ ਆ ਰਹੇ ਹਨ। ਫ਼ਿਲਮ ਦੀ ਸ਼ੂਟਿੰਗ ਜਨਵਰੀ 2021 ਤੋਂ ਮੁੜ ਸ਼ੁਰੂ ਹੋਵੇਗੀ ਜਦਕਿ 65 ਫ਼ੀਸਦੀ ਸ਼ੂਟਿੰਗ ਲਖਨਊ, ਕਲਕੱਤਾ ਤੇ ਮੁੰਬਈ ’ਚ ਕੀਤੀ ਜਾ ਚੁੱਕੀ ਹੈ। ਦੱਸਣਯੋਗ ਹੈ ਕਿ ਕੋਵਿਡ-19 ਕਾਰਨ ਸ਼ੂਟਿੰਗ ਵਿਚਾਲੇ ਰੋਕਣੀ ਪਈ ਸੀ। ਹੁਣ ਬਾਕੀ ਬਚਦੀ ਸ਼ੂਟਿੰਗ ਅਪਰੈਲ 2021 ਤੱਕ ਮੁਕੰਮਲ ਕਰ ਲਈ ਜਾਵੇਗੀ। ਫ਼ਿਲਮ ‘ਬਧਾਈ ਹੋ’ ਦੇ ਨਿਰਦੇਸ਼ਕ ਅਮਿਤ ਰਵਿੰਦਰਨਾਥ ਸ਼ਰਮਾ ਇਸ ਫ਼ਿਲਮ ਦਾ ਨਿਰਦੇਸ਼ਨ ਕਰ ਰਹੇ ਹਨ। -ਆਈਏਐੱਨਐੱਸ