ਲਾਹੌਰ, 12 ਦਸੰਬਰ
ਇਥੇ ਲਾਹੌਰ ਦੇ ਕਿਲ੍ਹੇ ਵਿਚ 19 ਵੀਂ ਸਦੀ ਦੇ ਸਿੱਖ ਸ਼ਾਸਕ ਮਹਾਰਾਜਾ ਰਣਜੀਤ ਸਿੰਘ ਦੇ ਬੁੱਤ ਦੀ ਭੰਨਤੋੜ ਕੀਤੀ ਗਈ ਹੈ। ਅਧਿਕਾਰੀਆਂ ਨੇ ਸ਼ਨਿਚਰਵਾਰ ਨੂੰ ਇਹ ਜਾਣਕਾਰੀ ਦਿੱਤੀ। ਮਹਾਰਾਜਾ ਰਣਜੀਤ ਸਿੰਘ ਦੇ ਬੁੱਤ ਦੀ 2019 ਵਿਚ ਇਸ ਦੇ ਉਦਘਾਟਨ ਤੋਂ ਬਾਅਦ ਦੂਜੀ ਵਾਰ ਭੰਨਤੋੜ ਕੀਤੀ ਗਈ ਹੈ। ਇਹ ਬੁੱਤ ਕਿਲ੍ਹੇ ਦੀ ‘ਮਾਈ ਜਿੰਦਾ’ ਹਵੇਲੀ ਵਿਚ ਲਾਇਆ ਗਿਆ ਹੈ। ਇਸ ਘਟਨਾ ਤੋਂ ਬਾਅਦ, ਅਧਿਕਾਰੀਆਂ ਨੇ ਬੁੱਤ ਵਾਲੀ ਥਾਂ ਨੂੰ ਸੈਲਾਨੀਆਂ ਲਈ ਬੰਦ ਕਰ ਦਿੱਤਾ ਹੈ।
ਲਾਹੌਰ ਵਾਲਡ ਸਿਟੀ ਅਥਾਰਿਟੀ ਦੇ ਇਕ ਅਧਿਕਾਰੀ ਨੇ ਪੀਟੀਆਈ ਨੂੰ ਦੱਸਿਆ ਕਿ ਸ਼ੁੱਕਰਵਾਰ ਨੂੰ ਇਥੇ ਆਏ ਇਕ ਨੌਜਵਾਨ ਨੇ ਮਹਾਰਾਜਾ ਦੇ ਬੁੱਤ ਦੀ ਬਾਂਹ ਤੋੜ ਦਿੱਤੀ ਸੀ। ਉਸ ਨੇ ਦੱਸਿਆ ਕਿ ਉਥੇ ਤਾਇਨਾਤ ਸੁਰੱਖਿਆ ਗਾਰਡਾਂ ਨੇ ਲੜਕੇ ਨੂੰ ਗ੍ਰਿਫਤਾਰ ਕਰ ਲਿਆ ਅਤੇ ਉਸ ਨੂੰ ਪੁਲੀਸ ਹਵਾਲੇ ਕਰ ਦਿੱਤਾ। ਪੁਲੀਸ ਨੇ ਸ਼ੱਕੀ ਖਿਲਾਫ਼ ਵੱਖ ਵੱਖ ਧਾਰਾਵਾਂ ਹੇਠ ਕੇਸ ਦਰਜ ਕੀਤਾ ਹੈ। ਸ਼ੱਕੀ ਨੇ ਪੁਲੀਸ ਨੂੰ ਦੱਸਿਆ ਕਿ ਕਿਲ੍ਹੇ ਵਿੱਚ ਇਕ ਸਿੱਖ ਸ਼ਾਸਕ ਦਾ ਬੁੱਤ ਦੇਖ ਕੇ ਉਸ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪੁੱਜੀ ਸੀ। ਇਸ ਤੋਂ ਪਹਿਲਾਂ ਮੌਲਾਨਾ ਖੈਮ ਰਿਜ਼ਵੀ ਦੀ ਧਾਰਮਿਕ ਪਾਰਟੀ ਤਹਿਰੀਕ ਲਬਾਇਕ ਪਾਕਿਸਤਾਨ ਨਾਲ ਸਬੰਧਤ ਦੋ ਨੌਜਵਾਨਾਂ ਨੇ ਅਗਸਤ 2019 ਦੀ ਸ਼ੁਰੂਆਤ ਵਿੱਚ ਮਹਾਰਾਜਾ ਰਣਜੀਤ ਸਿੰਘ ਦੇ ਬੁੱਤ ਦੀ ਭੰਨਤੋੜ ਕੀਤੀ ਸੀ। ਜ਼ਿਕਰਯੋਗ ਹੈ ਕਿ ਜੂਨ 2019 ਵਿੱਚ ਮਹਾਰਾਜਾ ਰਣਜੀਤ ਸਿੰਘ ਦੇ ਬੁੱਤ ਦਾ ਇੱਕ ਰੰਗਾਰੰਗ ਸਮਾਰੋਹ ਵਿੱਚ ਉਦਘਾਟਨ ਕੀਤਾ ਗਿਆ ਜਿਸ ਵਿੱਚ ਭਾਰਤ, ਪਾਕਿਸਤਾਨ ਅਤੇ ਹੋਰਨਾਂ ਦੇਸ਼ਾਂ ਦੇ ਕਈ ਸਿੱਖ ਪ੍ਰਤੀਨਿਧਾਂ ਨੇ ਹਿੱਸਾ ਲਿਆ ਸੀ। -ਏਜੰਸੀ