ਦਰਸ਼ਨ ਸਿੰਘ ਮਿੱਠਾ
ਰਾਜਪੁਰਾ, 11 ਦਸੰਬਰ
ਸਹੂਲਤਾਂ ਤੋਂ ਸੱਖਣੇ ਕਸਤੂਰਬਾ ਸੇਵਾ ਮੰਦਰ ਟਰੱਸਟ ਅਧੀਨ ਰਹਿ ਰਹੇ ਕਿਰਾਏਦਾਰਾਂ ਵੱਲੋਂਂ ਮੀਡੀਆ ’ਚ ਇਸ ਮਾਮਲੇ ਨੂੰ ਉਠਾਉਣ ’ਤੇ ਉਨ੍ਹਾਂ ’ਤੇ ਮੁਸੀਬਤਾਂ ਦੀ ਇਕ ਹੋਰ ਬਿਜਲੀ ਡਿਗ ਪਈ ਹੈ। ਅੱਜ ਖਾਦੀ ਤੇ ਗਰਾਮ ਉਦਯੋਗ ਕਮਿਸ਼ਨ (ਮਨਿਸਟਰੀ ਆਫ਼ ਮਾਈਕਰੋ, ਸਮਾਲ ਤੇ ਮੀਡੀਅਮ ਇੰਟਰਪ੍ਰਾਈਜ਼ਜ਼ ਭਾਰਤ ਸਰਕਾਰ) ਦੇ ਡਾਇਰੈਕਟਰ ਸੁਜੀਤ ਕੁਮਾਰ ਨੇ ਕਸਤੂਰਬਾ ਸੇਵਾ ਮੰਦਰ ਟਰੱਸਟ ਦਾ ਦੌਰਾ ਕੀਤਾ ਤੇ ਇੱਥੇ ਰਹਿ ਰਹੇ ਕਿਰਾਏਦਾਰਾਂ ਨੂੰ ਮਕਾਨ ਖ਼ਾਲੀ ਕਰਨ ਦੇ ਨਿਰਦੇਸ਼ ਜਾਰੀ ਕਰ ਦਿੱਤੇ ਹਨ। ਜਿਸ ਕਾਰਨ ਇੱਥੇ ਰਹਿ ਰਹੇ ਕਿਰਾਏਦਾਰਾਂ ’ਚ ਸਹਿਮ ਦਾ ਮਾਹੌਲ ਪੈਦਾ ਹੋ ਗਿਆ ਹੈ। ਵਧੇਰੇ ਜਾਣਕਾਰੀ ਦਿੰਦੇ ਹੋਏ ਕਸਤੂਰਬਾ ਵੈੱਲਫੇਅਰ ਐਸੋਸੀਏਸ਼ਨ ਦੇ ਪ੍ਰਧਾਨ ਤੇ ਕਿਰਾਏਦਾਰ ਸਰਤਾਜ ਸਿੰਘ ਤੇ ਹੋਰਾਂ ਨੇ ਦੱਸਿਆ ਕਿ ਇਹ ਟਰੱਸਟ ਗ਼ਰੀਬਾਂ, ਲੋੜਵੰਦਾਂ, ਵਿਧਵਾਵਾਂ ਤੇ ਅਨੁਸੂਚਿਤ ਜਾਤੀ ਦੇ ਲੋਕਾਂ ਦੇ ਰਹਿਣ ਲਈ ਪ੍ਰਬੰਧ ਤੇ ਰੁਜ਼ਗਾਰ ਮੁਹੱਈਆ ਕਰਵਾਉਣ ਲਈ ਬਣਾਇਆ ਗਿਆ ਸੀ। ਇੱਥੇ ਰਹਿ ਰਹੇ ਕਿਰਾਏਦਾਰ ਟਰੱਸਟ ਨੇ ਮੁੱਢਲੀਆਂ ਸਹੂਲਤਾਂ, ਪਖਾਨੇ ਵਗ਼ੈਰਾ ਦਾ ਇੰਤਜ਼ਾਮ ਨਾ ਹੋਣ ਕਾਰਨ ਮਾੜੀ ਜ਼ਿੰਦਗੀ ਜਿਊਣ ਲਈ ਮਜਬੂਰ ਹੋਣ ਸਬੰਧੀ ਮੀਡੀਆ ਵਿਚ ਖ਼ਬਰਾਂ ਲਗਵਾਈਆਂ ਸਨ। ਜਿਸ ਤੋਂ ਖਫਾ ਹੋ ਕੇ ਅੱਜ ਡਾਇਰੈਕਟਰ ਸੁਜੀਤ ਕੁਮਾਰ ਟਰੱਸਟ ’ਚ ਆਏ ਤੇ ਉਨ੍ਹਾਂ ਨੇ ਕਿਰਾਏਦਾਰਾਂ ਵੱਲੋਂ ਪਾਲ਼ੇ ਘਰੇਲੂ ਪਸ਼ੂ (ਗਊਆਂ ਤੇ ਕੁੱਤੇ) ਨੂੰ ਬਾਹਰ ਕੱਢਣ ਤੇ ਕਿਰਾਏਦਾਰਾਂ ਨੂੰ ਮਕਾਨ ਖ਼ਾਲੀ ਕਰਨ ਲਈ ਕਹਿ ਦਿੱਤਾ। ਸਰਤਾਜ ਨੇ ਦੱਸਿਆ ਕਿ ਟਰੱਸਟ ਅਧੀਨ ਗ਼ਰੀਬ ਤੇ ਦਿਹਾੜੀਦਾਰ ਰਹਿ ਰਹੇ ਹਨ, ਜਿਨ੍ਹਾਂ ਨੂੰ ਟਰੱਸਟ ਨੇ ਲੌਕਡਾਊਨ ਦੌਰਾਨ ਵੀ ਨਹੀਂ ਬਖ਼ਸ਼ਿਆ।
ਉਨ੍ਹਾਂ ਦੱਸਿਆ ਕਿ ਉਹ ਇੱਥੇ 2002 ਤੋਂ ਰਹਿ ਰਹੇ ਹਨ ਉਨ੍ਹਾਂ ਦੇ ਪਿਤਾ ਕਰਨੈਲ ਸਿੰਘ ਟਰੱਸਟ ’ਚ ਨੌਕਰੀ ਕਰਦੇ ਸਨ। ਰਿਟਾਇਰ ਹੋਣ ਤੋਂ ਬਾਅਦ ਉਨ੍ਹਾਂ ਦੇ ਪਿਤਾ ਜੀ ਦਾ ਕੋਈ ਵੀ ਬਕਾਇਆ ਨਹੀਂ ਦਿੱਤਾ। ਟਰੱਸਟ ਦੀ ਪ੍ਰਾਪਰਟੀ ਕੇਂਦਰ ਸਰਕਾਰ ਦੀ ਹੈ। ਕੇਂਦਰ ਸਰਕਾਰ ਵੱਲੋਂ ਅੱਜ ਤੱਕ ਉਨ੍ਹਾਂ ਨੂੰ ਮਕਾਨ ਖ਼ਾਲੀ ਕਰਨ ਦਾ ਕੋਈ ਨੋਟਿਸ ਵਗ਼ੈਰਾ ਨਹੀਂ ਕੱਢਿਆ ਗਿਆ। ਟਰੱਸਟ ਨੂੰ ਕਿਰਾਏ ਤੋਂ 4 ਲੱਖ ਰੁਪਏ ਪ੍ਰਤੀ ਮਹੀਨਾ ਆਮਦਨ ਹੈ। ਉਹ ਇੱਥੇ ਅਣਅਧਿਕਾਰਤ ਨਹੀਂ ਰਹਿ ਰਹੇ ਸਗੋਂ ਟਰੱਸਟ ਦੇ ਮੁਲਾਜ਼ਮ ਅਣਅਧਿਕਾਰਤ ਤਨਖ਼ਾਹਾਂ ਵਸੂਲ ਰਹੇ ਹਨ ਕਿਉਂ ਕਿ ਟਰੱਸਟ ਦੀ ਲੀਜ਼ 2004 ’ਚ ਸਮਾਪਤ ਹੋ ਚੁੱਕੀ ਹੈ ਤੇ ਅੱਗੇ ਨਵਿਆਈ ਨਹੀਂ ਗਈ। ਇਸ ਸਬੰਧੀ ਡਾਇਰੈਕਟਰ ਸੁਜੀਤ ਕੁਮਾਰ ਨੇ ਮੀਡੀਆ ’ਚ ਖ਼ਬਰਾਂ ਨਸ਼ਰ ਹੋਣ ਤੋਂ ਬਾਅਦ ਕੀਤੀ ਕਾਰਵਾਈ ਨੂੰ ਨਕਾਰ ਦਿੱਤਾ। ਉਨ੍ਹਾਂ ਕਿਹਾ ਕਿ ਜੋ ਲੋਕ ਟਰੱਸਟ ਅਧੀਨ ਅਣਅਧਿਕਾਰਤ ਰਹਿ ਰਹੇ ਹਨ, ਨੂੰ ਇਕ ਮਹੀਨੇ ’ਚ ਮਕਾਨ ਖ਼ਾਲੀ ਕਰਨ ਲਈ ਕਿਹਾ ਹੈ।