ਗੁਰਬਿੰਦਰ ਸਿੰਘ ਮਾਣਕ
ਆਪਣੇ ਹੱਕਾਂ ਲਈ ਜੂਝਣਾ ਤੇ ਸੰਘਰਸ਼ਾਂ ਦੇ ਪਿੜ ਮੰਘਾਉਣੇ ਮਨੁੱਖ ਦੇ ਜ਼ਿੰਦਾ ਹੋਣ ਦੀ ਨਿਸ਼ਾਨੀ ਹੁੰਦੀ ਹੈ। ਸਿਰ ਸੁੱਟ ਕੇ ਜੀਵਨ ਦੇ ਦਿਨ ਕੱਟੀ ਜਾਣੇ ਤੇ ਹਰ ਜਬਰ ਨੂੰ ਪਿੰਡੇ ‘ਤੇ ਜਰੀ ਜਾਣਾ ਜਿਊਂਦੇ ਜਾਗਦੇ ਲੋਕਾਂ ਲਈ ਲਾਹਣਤ ਤੋਂ ਘੱਟ ਨਹੀਂ ਹੁੰਦਾ। ਪੰਜਾਬ ਦੇ ਜੰਮਿਆਂ ਨੂੰ ਤਾਂ ਸਦੀਆਂ ਤੋਂ ਮੁਹਿੰਮਾਂ ਪੈਂਦੀਆਂ ਰਹੀਆਂ ਹਨ। ਆਪਣੇ ਵਿਰਸੇ ਤੋਂ ਮਿਲੇ ਜੋਸ਼, ਜਜ਼ਬੇ, ਅਣਖ, ਗੈਰਤ ਤੇ ਜੂਝਣ ਦੀ ਗੁੜ੍ਹਤੀ ਮਿਲੀ ਹੋਣ ਕਾਰਨ, ਇਹ ਹਰ ਮੁਹਿੰਮ ਵਿਚੋਂ ਜੇਤੂ ਹੋ ਕੇ ਨਿਕਲਦੇ ਰਹੇ ਹਨ। ਇਨ੍ਹਾਂ ਦਾ ਖਾਸਾ ਹੈ ਕਿ ਇਹ ਪਹਿਲਾਂ ਕਿਸੇ ਨੂੰ ਵੰਗਾਰਦੇ ਨਹੀਂ, ਪਰ ਜੇ ਕੋਈ ਇਨ੍ਹਾਂ ਨੂੰ ਵੰਗਾਰੇ ਤਾਂ ਫਿਰ ਇਹ ਪਿੱਛੇ ਨਹੀਂ ਹੱਟਦੇ। ਅਜੋਕਾ ਕਿਸਾਨੀ ਸੰਘਰਸ਼ ਵੀ ਬਹੁਤ ਜੋਸ਼ ਤੇ ਜਜ਼ਬੇ ਨਾਲ ਇਨ੍ਹਾਂ ਬਹਾਦਰ ਯੋਧਿਆਂ ਨੇ ਹੀ ਸ਼ੁਰੂ ਕੀਤਾ ਸੀ, ਜੋ ਹੁਣ ਪੂਰੇ ਦੇਸ਼ ਦਾ ਜਨ-ਅੰਦੋਲਨ ਬਣ ਚੁੱਕਾ ਹੈ। ਸਦੀਆਂ ਤੋਂ ਲੋਕ ਸਿਆਣਪਾਂ ਵਿਚ ਐਂਵੇਂ ਨਹੀਂ ਕਿਹਾ ਜਾਂਦਾ ਰਿਹਾ ਕਿ ਜ਼ਮੀਨ ਜੱਟ/ਕਿਸਾਨ ਦੀ ਮਾਂ ਹੁੰਦੀ ਹੈ। ਕਿਸਾਨ ਦੀ ਤਾਂ ਹੋਂਦ ਹੀ ਇਸ ਨਾਲ ਜੁੜੀ ਹੋਈ ਹੈ। ਇਸ ਕਾਰਨ ਹੀ ਉਹ ਸੰਘਰਸ਼ ਦੇ ਮੈਦਾਨ ਵਿਚ ਡਟਿਆ ਹੋਇਆ ਹੈ।
ਅੰਦੋਲਨ ਤਾਂ ਪਹਿਲਾਂ ਵੀ ਲੜੇ ਜਾਂਦੇ ਰਹੇ ਹਨ, ਪਰ ਲੋਕਾਂ ਦਾ ਜਿੰਨਾ ਭਰਵਾਂ ਸਮਰਥਨ ਇਸ ਸੰਘਰਸ਼ ਨੂੰ ਮਿਲਿਆ ਹੈ, ਸ਼ਾਇਦ ਹੀ ਕਦੇ ਪਹਿਲਾਂ ਕਿਸੇ ਨੂੰ ਮਿਲਿਆ ਹੋਵੇ। ਹਰ ਕੋਈ ਇਸ ਲੜਾਈ ਨੂੰ ਆਪਣੀ ਲੜਾਈ ਸਮਝ ਕੇ ਕਿਸਾਨਾਂ ਦੀ ਧਿਰ ਬਣ ਕੇ ਨਾਲ ਖੜ੍ਹਾ ਹੈ। ਭਾਈਚਾਰਕ ਸਾਝਾਂ ਦੇ ਜਿਹੜੇ ਨਿਵੇਕਲੇ ਰੰਗ ਇਸ ਸੰਘਰਸ਼ ਵਿਚ ਦਿਖਾਈ ਦਿੰਦੇ ਹਨ, ਉਨ੍ਹਾਂ ਨੂੰ ਦੇਖ ਕੇ ਹਰ ਕੋਈ ਬਾਗੋ-ਬਾਗ ਹੋਇਆ ਪਿਆ ਹੈ। ਦਿੱਲੀ ਨੂੰ ਘੇਰਨ ਤੁਰੇ ਕਿਸਾਨਾਂ ਨੇ ਤੁਰਨ ਵੇਲੇ ਹੀ ਮਹੀਨਿਆਂ ਦਾ ਰਾਸ਼ਨ ਤੇ ਹੋਰ ਜ਼ਰੂਰੀ ਸਾਮਾਨ ਭਾਵੇਂ ਲੈ ਲਿਆ ਸੀ, ਪਰ ਲੋਕਾਂ ਦੀ ਸਿਦਕ-ਦਿਲੀ ਦੇਖੋ ਕਿ ਖਾਣ-ਪੀਣ ਤੇ ਹੋਰ ਲੋੜੀਂਦੇ ਸਾਮਾਨ ਦੀਆਂ ਟਰਾਲੀਆਂ ਭਰ-ਭਰ ਕੇ ਦਿੱਲੀ ਪਹੁੰਚ ਰਹੀਆਂ ਹਨ। ਪੰਜਾਬ ਤੇ ਹਰਿਆਣੇ ਦੇ ਪਿੰਡਾਂ ਵਿਚ ਦੇਸੀ ਘਿਉ ਦੀਆਂ ਪਿੰਨੀਆਂ, ਲੱਡੂ, ਮੱਠੀਆਂ ਤੇ ਹੋਰ ਸਾਮਾਨ ਕੁਇੰਟਲਾਂ ਦੇ ਹਿਸਾਬ ਨਾਲ ਤਿਆਰ ਕਰਕੇ ਦਿੱਲੀ ਪੁਚਾਇਆ ਜਾ ਰਿਹਾ ਹੈ। ਸੰਘਰਸ਼ ਦੇ ਪਿੜ ਵਿਚ ਵੀ, ਇੰਨੀ ਠੰਢ ਦੇ ਬਾਵਜੂਦ ਕਿਸਾਨ ਇਸ ਕਦਰ ਹੌਸਲੇ ਵਿਚ ਹਨ ਕਿ ਜਿਵੇਂ ਕਿਸੇ ਜਸ਼ਨ ਵਿਚ ਆਏ ਹੋਣ। ਕਿਤੇ ਜਲੇਬੀਆਂ, ਕਿਤੇ ਪਕੌੜੇ, ਕਿਤੇ ਦਾਲਾਂ ਤੇ ਸਬਜ਼ੀਆਂ ਦੇ ਦੇਗਚੇ, ਕਿਤੇ ਖੀਰਾਂ ਦੇ ਕੜਾਹੇ, ਕਿਤੇ ਚਾਹਾਂ ਦੇ ਵਲਟੋਹੇ ਇਸ ਗੱਲ ਦੀ ਗਵਾਹੀ ਭਰਦੇ ਹਨ ਕਿ ਇਹ ਸੰਘਰਸ਼ੀ ਯੋਧੇ ਪੱਕੇ ਪੈਰੀਂ ਬੈਠੇ ਹਨ ਤੇ ਆਪਣੀਆਂ ਹੱਕੀ ਮੰਗਾਂ ਮਨਵਾ ਕੇ ਮੁੜਨਗੇ। ਪੰਜਾਬੀਆਂ ਦੀ ਦਰਿਆ-ਦਿਲੀ ਦੇਖੋ ਕਿ ਦਿੱਲੀ ਘੇਰੀ ਬੈਠਿਆਂ ਨੂੰ ਬਦਾਮ, ਕਾਜੂ ਤੇ ਹੋਰ ਸੁੱਕੇ ਮੇਵੇ ਵੰਡ ਕੇ ਇਹ ਸੁਨੇਹਾ ਦਿੱਤਾ ਜਾ ਰਿਹਾ ਹੈ ਕਿ ਡੋਲਿਓ ਨਾ, ਅਸੀਂ ਤੁਹਾਡੇ ਨਾਲ ਹਾਂ। ਟਾਂਡਾ (ਹਸ਼ਿਆਰਪੁਰ) ਤੋਂ ਹਿੰਮਤੀ ਲੋਕਾਂ ਨੇ ਪੰਜ ਕੁਇੰਟਲ ਬਾਦਾਮ ਦਿੱਲੀ ਭੇਜੇ ਹਨ। ਅਮਰੀਕਾ ਵਾਲੇ ਪ੍ਰਸਿੱਧ ਸਮਾਜ ਸੇਵਕ ਟੁੱਟ ਭਰਾਵਾਂ ਨੇ ਵੀਹ ਕੁਇੰਟਲ ਬਾਦਾਮ ਭੇਜ ਕੇ ਕਿਸਾਨਾਂ ਪ੍ਰਤੀ ਆਪਣੀ ਡੂੰਘੀ ਹਮਦਰਦੀ ਦਾ ਪ੍ਰਗਟਾਵਾ ਕੀਤਾ ਹੈ। ਧੰਨ ਨੇ ਅਜਿਹੇ ਪੰਜਾਬੀ ਪਿਆਰੇ, ਜਿਨ੍ਹਾਂ ਦੀ ਦਰਿਆ-ਦਿਲੀ ਅੱਗੇ ਸਿਰ ਝੁਕਦਾ ਹੈ। ਕੌਣ ਹਰਾ ਸਕਦਾ ਹੈ ਇਨ੍ਹਾਂ ਨੂੰ। ਜੇ ਹਕੂਮਤ ਨੁੰ ਅਜੇ ਵੀ ਇਹ ਲਗਦਾ ਹੈ ਕਿ ਕਿਸਾਨ ਆਪਣੀਆ ਮੰਗਾਂ ਮਨਵਾਏ ਤੋਂ ਬਗੈਰ ਹੀ ਚਲੇ ਜਾਣਗੇ ਤਾਂ ਇਸ ਤੋਂ ਵੱਡੀ ਕੋਈ ਮੂਰਖਤਾ ਨਹੀਂ ਹੋਵੇਗੀ।
ਜੋਸ਼, ਜਜ਼ਬੇ ਤੇ ਹੌਸਲੇ ਦੇਖੋ ਕਿ ਕਿਸਾਨ ਪਰਿਵਾਰਾਂ ਸਮੇਤ ਸੰਘਰਸ਼ ਦੇ ਪਿੜ ਵਿਚ ਡਟੇ ਹੋਏ ਹਨ। ਬੱਚਿਆਂ ਤੋਂ ਲੈ ਕੇ ਸੱਤਰ ਅੱਸੀ ਸਾਲ ਦੀ ਉਮਰ ਦੀਆਂ ਦਾਦੀਆਂ ਆਪਣੇ ਪੁੱਤਰਾਂ ਪੋਤਿਆਂ ਦੇ ਮੋਢੇ ਨਾਲ ਮੋਢਾ ਜੋੜ ਕੇ ਖੜੀਆਂ ਸਰਕਾਰ ਨੂੰ ਆਪਣੇ ਹੱਕਾਂ ਲਈ ਵੰਗਾਰ ਰਹੀਆਂ ਹਨ। ਕਹਿਣਾ ਬਹੁਤ ਸੌਖਾ ਹੈ ਪਰ ਸਰਦੀ ਦੇ ਮੌਸਮ ਵਿਚ, ਬੁੱਢੇ ਸਰੀਰਾਂ ਨਾਲ ਨੀਲੀ ਛੱਤ ਹੇਠ ਸੰਘਰਸ਼ ਦਾ ਪਿੜ ਮੱਲਣਾ ਕੋਈ ਖਾਲਾ ਜੀ ਦਾ ਵਾੜਾ ਨਹੀਂ। ਕੀਹਦਾ ਜੀਅ ਕਰਦਾ ਹੈ ਕਿ ਉਹ ਘਰ ਦੇ ਕੰਮਕਾਰ ਛੱਡ ਕੇ ਧਰਨੇ ‘ਤੇ ਬੈਠੇ। ਜਦੋਂ ਜ਼ਿੰਦਗੀ ਮੌਤ ਦੀ ਲੜਾਈ ਹੋਵੇ ਉਦੋਂ ਹੀ ਮਨੁੱਖ ਆਪਣੀ ਹੋਂਦ ਹਸਤੀ ਬਚਾਉਣ ਲਈ ਸਭ ਕੁਝ ਸਹਿਣ ਲਈ ਤਿਆਰ ਹੋ ਜਾਂਦਾ ਹੈ। ਸੰਘਰਸ਼ ਵਿਚ ਡਟੇ ਧਰਤੀ-ਪੁੱਤਰਾਂ ਨਾਲ ਇੱਕਮੁੱਠਤਾ ਦਾ ਜਿਹੜਾ ਪ੍ਰਗਟਾਵਾ ਸਮਾਜ ਦੇ ਹਰ ਵਰਗ ਵਲੋਂ ਹੋ ਰਿਹਾ ਹੈ, ਉਸ ਨੇ ਸੰਘਰਸ਼ ਦੀ ਲਾਟ ਨੂੰ ਹੋਰ ਪ੍ਰਚੰਡ ਕਰਨ ਵਿਚ ਤੇਲ ਦਾ ਕੰਮ ਕੀਤਾ ਹੈ। ਕਿਸਾਨੀ ਦੀ ਰੀੜ੍ਹ ਦੀ ਹੱਡੀ ਸਾਮਾਨ ਖੇਤੀ-ਕਾਮੇ, ਆੜ੍ਹਤੀ ਵਰਗ, ਮਜ਼ਦੂਰ, ਮੁਲਾਜ਼ਮ ਜਥੇਬੰਦੀਆਂ, ਗਾਇਕ, ਕਲਾਕਾਰ, ਲੇਖਕ ਜਥੇਬੰਦੀਆਂ, ਵਕੀਲ, ਡਾਕਟਰ, ਅਧਿਆਪਕ, ਚਿੰਤਕ, ਬੁੱਧੀਜੀਵੀ, ਗੁਰੁ ਦੀਆਂ ਲਾਡਲੀਆਂ ਫੌਜਾਂ ਨਿਹੰਗ ਸਿੰਘ ਜਥੇਬੰਦੀਆਂ, ਧਾਰਮਿਕ ਤੇ ਸਮਾਜਿਕ ਜਥੇਬੰਦੀਆਂ ਦੇ ਕਾਰਕੁੰਨ ਗੱਲ ਕੀ ਸ਼ਾਇਦ ਹੀ ਕੋਈ ਵਰਗ ਹੋਵੇ, ਜਿਸ ਨੇ ਕਿਸਾਨਾਂ ਦੇ ਸੰਘਰਸ਼ ਪ੍ਰਤੀ ਸਮਰਥਨ ਦਾ ਪ੍ਰਗਟਾਵਾ ਨਾ ਕੀਤਾ ਹੋਵੇ। ਹਰ ਵਰਗ ਵਹੀਰਾਂ ਘੱਤ ਕੇ ਦਿੱਲੀ ਮੋਰਚੇ ਵਿਚ ਡਟੇ ਕਿਸਾਨਾਂ ਦੇ ਹੱਕ ਵਿਚ ਆਪਣੀ ਆਵਾਜ਼ ਬੁਲੰਦ ਕਰ ਰਿਹਾ ਹੈ। ਖਿਡਾਰੀ, ਲੇਖਕ, ਕਲਾਕਾਰ ਤੇ ਸਿਆਸੀ ਨੇਤਾ ਸਰਕਾਰ ਵਲੋਂ ਮਿਲੇ ਸਨਮਾਨ ਵਾਪਸ ਕਰਕੇ ਆਪਣੇ ਰੋਸ ਦਾ ਪ੍ਰਗਟਾਵਾ ਕਰ ਰਹੇ ਹਨ। ਹੈਰਾਨ ਕਰਨ ਵਾਲਾ ਹੈ ਏਕਤਾ ਦਾ ਇਹ ਮੰਜ਼ਰ। ਸਭ ਧਰਮਾਂ, ਫਿਰਕਿਆਂ ਤੇ ਹੋਰ ਵਿਤਕਰਿਆਂ ਦੀਆਂ ਦੀਵਾਰਾਂ ਤੋੜ ਕੇ ਸਭ ਲੋਕ ਹਕੂਮਤ ਨੂੰ ਲਾਹਣਤਾਂ ਪਾ ਰਹੇ ਹਨ ਕਿ ਉਹ ਕਿਸਾਨਾਂ ਨਾਲ ਅਜਿਹਾ ਵਰਤਾਓ ਕਿਉਂ ਕਰ ਰਹੀ ਹੈ।
ਲੋਕ-ਲਹਿਰ ਬਣੇ ਇਸ ਸੰਘਰਸ਼ ਦੀ ਇਕ ਪ੍ਰਾਪਤੀ ਇਹ ਵੀ ਹੈ ਕਿ ਇਸ ਨੇ ਪੂਰੀ ਦੁਨੀਆਂ ਦਾ ਧਿਆਨ ਖਿੱਚਿਆ ਹੈ। ਕੈਨੇਡਾ, ਅਮਰੀਕਾ, ਇੰਗਲੈਂਡ, ਆਸਟਰੇਲੀਆ, ਨਿਊਜ਼ੀਲੈਂਡ, ਫਰਾਂਸ, ਜਰਮਨੀ, ਇਟਲੀ ਤੇ ਹੋਰ ਅਨੇਕਾਂ ਦੇਸ਼ਾਂ ਵਿਚ, ਭਾਰਤੀ ਹਕੂਮਤ ਵਲੋਂ ਕਿਸਾਨਾਂ ‘ਤੇ ਢਾਹੇ ਜਬਰ ਦੇ ਖਿਲਾਫ ਰੋਸ ਵਿਖਾਵਿਆਂ ਦਾ ਸਿਲਸਿਲਾ ਅਜੇ ਵੀ ਜਾਰੀ ਹੈ। ਵਿਦੇਸ਼ੀ ਮੀਡੀਆ ਨੇ ਵੀ ਇਸ ਅੰਦੋਲਨ ਦੀਆਂ ਖਬਰਾਂ ਨੂੰ ਅਹਿਮੀਅਤ ਦੇ ਕੇ ਇਸ ਦੇ ਹੱਕ ਵਿਚ ਆਵਾਜ਼ ਉਠਾ ਕੇ ਇਸ ਨੂੰ ਕੌਮਾਂਤਰੀ ਰੰਗਤ ਦੇ ਦਿੱਤੀ ਹੈ। ਪੰਜਾਬ ਦੇ ਪਿੰਡਾਂ ਵਿਚੋਂ ਖਾਣ-ਪੀਣ ਦੀ ਸਮੱਗਰੀ ਦੇ ਨਾਲ ਨਾਲ, ਪੈਸੇ ਨਾਲ ਵੀ ਕਿਸਾਨ ਸੰਘਰਸ਼ ਦੀ ਹਮਾਇਤ ਕੀਤੀ ਜਾ ਰਹੀ ਹੈ। ਵਿਦੇਸ਼ਾਂ ਵਿਚੋਂ ਵੀ ਅਜਿਹੀਆਂ ਖਬਰਾਂ ਆ ਰਹੀਆਂ ਹਨ। ਵਕੀਲ ਭਾਈਚਾਰਾ ਮੁਫਤ ਕਾਨੂੰਨੀ ਸਹਾਇਤਾ ਦੇ ਰਿਹਾ ਹੈ, ਡਾਕਟਰ ਭਾਈਚਾਰਾ ਮੁਫਤ ਦਵਾਈਆਂ ਵੰਡ ਰਿਹਾ ਹੈ। ਪੈਟਰੌਲ ਪੰਪਾਂ ਵਾਲੇ ਟਰੈਕਟਰਾਂ ਨੂੰ ਮੁਫਤ ਡੀਜ਼ਲ ਦੇ ਕੇ ਤੇ ਗੈਸ ਏਜੰਸੀ ਵਾਲੇ ਸੰਘਰਸ਼ ਵਿਚ ਡਟੇ ਕਿਸਾਨਾਂ ਨੂੰ ਮੁਫਤ ਸਿਲੰਡਰ ਦੇ ਕੇ ਆਪਣਾ ਯੋਗਦਾਨ ਪਾ ਰਹੇ ਹਨ। ਕੋਈ ਪਾਣੀ ਦੀ ਸੇਵਾ ਕਰ ਰਿਹਾ ਹੈ, ਕੋਈ ਕੰਬਲ ਵੰਡ ਕੇ ਕਿਸਾਨਾਂ ਪ੍ਰਤੀ ਆਪਣੇ ਨਿੱਘ ਦਾ ਪ੍ਰਗਟਾਵਾ ਕਰ ਰਿਹਾ ਹੈ। ਹੋਰ ਤਾਂ ਹੋਰ ਸੰਘਰਸ਼ ਦੇ ਪਿੜ ਵਿਚ ਡਟੇ ਖੇਤਾਂ ਦੇ ਪੁੱਤਾਂ ਨੂੰ ਹੌਸਲਾ ਦੇਣ ਲਈ, ਅਗਾਂਹਵਧੂ ਨੌਜਵਾਨਾਂ ਨੇ ਕਿਤਾਬਾਂ ਦੇ ਸਟਾਲ ਲਾ ਦਿੱਤੇ ਹਨ। ਜਿਸ ਸੰਘਰਸ਼ ਨੂੰ ਏਨੇ ਵੱਡੇ ਪੱਧਰ ‘ਤੇ ਹਮਾਇਤ ਮਿਲ ਰਹੀ ਹੋਵੇ, ਉਸ ਦੀ ਜਿੱਤ ਹੋਣੀ ਯਕੀਨੀ ਹੁੰਦੀ ਹੈ, ਹਕੂਮਤ ਨੂੰ ਵੀ ਅੜੀਅਲ ਵਤੀਰਾ ਤਿਆਗ ਦੇਣਾ ਚਾਹੀਦਾ ਹੈ।
ਭਾਈਚਾਰਕ ਏਕਤਾ ਦੀ ਇਸ ਤੋਂ ਵੱਡੀ ਮਿਸਾਲ ਕੀ ਹੋ ਸਕਦੀ ਹੈ ਕਿ ਦਿੱਲੀ ਧਰਨੇ ’ਤੇ ਗਏ ਕਿਸਾਨਾਂ ਦੇ ਪਿੰਡਾਂ ਦੇ ਨੌਜਵਾਨਾਂ ਨੇ ਕਮੇਟੀਆਂ ਬਣਾ ਕੇ, ਉਨ੍ਹਾਂ ਦੇ ਖੇਤੀ ਨਾਲ ਜੁੜੇ ਤੇ ਹੋਰ ਸਾਰੇ ਕੰਮ ਸਾਂਭ ਲਏ ਹਨ, ਤਾਂ ਕਿ ਕਿਸਾਨਾਂ ਦਾ ਕੋਈ ਨੁਕਸਾਨ ਨਾ ਹੋਵੇ ਤੇ ਉਹ ਨਿਸ਼ਚਿੰਤ ਹੋ ਕੇ ਸੰਘਰਸ਼ ਵਿਚ ਡਟੇ ਰਹਿਣ। ਸਿਆਸੀ ਨੇਤਾ ਬੇਸ਼ੱਕ ਆਪਣਾ ਸਮਰਥਨ ਦੇ ਰਹੇ ਹਨ, ਪਰ ਕਿਸਾਨ ਜਥੇਬੰਦੀਆ ਵਲੋਂ ਨੇੜੇ ਨਾ ਲੱਗਣ ਦੇਣ ਕਾਰਨ ਅੰਦਰੋ-ਅੰਦਰੀ ਔਖੇ ਵੀ ਹਨ। ਇਸ ਮੋਰਚੇ ਪ੍ਰਤੀ ਜਿਹੜਾ ਵੀ ਕੋਈ ਗਲਤ ਟਿੱਪਣੀ ਕਰਦਾ ਹੈ, ਉਸ ਨੂੰ ਪੰਜਾਬੀ ਲੰਮੇ-ਹੱਥੀਂ ਲੈਂਦੇ ਹਨ। ਫਿਲਮ ਅਦਾਕਾਰਾ ਕੰਗਨਾ ਰਣੌਤ ਨੂੰ ਸੰਘਰਸ਼ ਵਿਚ ਸ਼ਾਮਲ ਬਜ਼ੁਰਗ ਔਰਤ ਪ੍ਰਤੀ ਕੀਤੀ ਘਟੀਆ ਟਿੱਪਣੀ ਕਾਰਨ ਕਲਾਕਾਰਾਂ ਤੇ ਹੋਰ ਲੋਕਾਂ ਦੇ ਰੋਹ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਸੋਸ਼ਲ ਮੀਡੀਆ ’ਤੇ ਇਹ ਸ਼ਬਦੀ-ਜੰਗ ਜਾਰੀ ਹੈ। ਇਸ ਅੰਦੋਲਨ ਵਿਚ ਲੱਖਾਂ ਦੇ ਇਕੱਠ ਦੇ ਬਾਵਜੂਦ ਜ਼ਾਬਤੇ ਤੇ ਅਨੁਸਾਸ਼ਨ ਨੂੰ ਕਾਇਮ ਰੱਖ ਕੇ ਲੋਕਾਂ ਨੂੰ ਹੈਰਾਨ ਕਰ ਦਿੱਤਾ ਹੈ। ਹੁਣ ਤੱਕ ਕੋਈ ਮਾੜੀ ਘਟਨਾ ਵਾਪਰਨ ਦੀ ਖਬਰ ਨਹੀਂ।
ਇਹ ਕਿਹੋ ਜਿਹਾ ਲੋਕਤੰਤਰੀ ਪ੍ਰਬੰਧ ਹੈ, ਜਿੱਥੇ ਲੋਕਾਂ ਦੀ ਚੁਣੀ ਹੋਈ ਸਰਕਾਰ ਹੀ ਲੋਕਾਂ ‘ਤੇ ਅਤਿਆਚਾਰ ਕਰਕੇ, ਲੋਕਾਂ ਦੀ ਆਵਾਜ਼ ਬੰਦ ਕਰਕੇ ਸ਼ਾਂਤਮਈ ਰੋਸ ਪ੍ਰਗਟਾਵਾ ਕਰਦੇ ਲੋਕਾਂ ਪ੍ਰਤੀ ਸਖਤੀ ਵਰਤ ਰਹੀ ਹੈ। ਲੋਕ ਬਹੁਤ ਵੱਡੀ ਤੇ ਫੈਸਲਾਕੁੰਨ ਸ਼ਕਤੀ ਹੁੰਦੇ ਹਨ, ਉਨ੍ਹਾਂ ਨੂੰ ਨਜ਼ਰਅੰਦਾਜ਼ ਕਰਕੇ ਕੋਈ ਸਰਕਾਰ ਕਾਇਮ ਨਹੀਂ ਰਹਿ ਸਕਦੀ। ਸਰਕਾਰ ਨੂੰ ਆਪਣੀ ਅੜੀ ਛੱਡ ਕੇ ਕਿਸਾਨੀ ਦੇ ਦਰਦ ਦੀ ਥਾਹ ਪਾਉਣ ਦੀ ਲੋੜ ਹੈ। ਇਸ ਸੰਘਰਸ਼ ਨਾਲ ਜੁੜੇ ਹਰ ਬੰਦੇ ਦਾ ਜੋਸ਼ ਠਾਠਾਂ ਮਾਰ ਰਿਹਾ ਹੈ ਤੇ ਉਹ ਆਪਣੀਆਂ ਹੱਕੀ ਮੰਗਾਂ ਲਈ ਹਰ ਕੁਰਬਾਨੀ ਕਰਨ ਲਈ ਤਿਆਰ ਹੈ। ਸ਼ਾਇਰ ਰਾਹਤ ਇੰਦੌਰੀ ਨੇ ਸ਼ਾਇਦ ਅਜਿਹੇ ਲੋਕਾਂ ਦੇ ਸਿਰੜ ਬਾਰੇ ਹੀ ਇਹ ਸ਼ਿਅਰ ਕਿਹਾ ਹੈ; ‘ਸ਼ਾਖੋਂ ਸੇ ਟੂਟ ਜਾਏਂ ਵੋ ਪੱਤੇ ਨਹੀਂ ਹੈਂ ਹਮ, ਆਂਧੀ ਸੇ ਕੋਈ ਕਹਿ ਦੇ ਕਿ ਔਕਾਤ ਮੇਂ ਰਹੇ’। ਸਰਕਾਰ ਕਿਸਾਨਾਂ ਦਾ ਸਬਰ ਨਾ ਅਜ਼ਮਾਏ, ਸਭ ਮੰਗਾਂ ਮਨ ਕੇ ਸਨਮਾਨ ਨਾਲ ਕਿਸਾਨਾਂ ਨੂੰ ਘਰੀਂ ਤੋਰੇ, ਇਸ ਵਿਚ ਹੀ ਦੇਸ਼ ਦਾ ਭਲਾ ਹੈ।
ਸੰਪਰਕ: 98153-56086