ਨਿੱਜੀ ਪੱਤਰ ਪ੍ਰੇਰਕ
ਡੇਰਾਬੱਸੀ, 22 ਜੂਨ
ਇਥੋਂ ਦੀ ਸਬਜ਼ੀ ਮੰਡੀ ਵਿੱਚ ਅੱਜ ਦਿਨ ਦਿਹਾੜੇ ਇਕ ਝਪਟਮਾਰ ਨੇ ਔਰਤ ਦੇ ਹੱਥ ਵਿੱਚੋਂ ਮੋਬਾਈਲ ਖੋਹ ਕੇ ਫ਼ਰਾਰ ਹੋ ਗਿਆ। ਔਰਤ ਵੱਲੋਂ ਰੌਲਾ ਪਾਉਣ ’ਤੇ ਮੌਕੇ ’ਤੇ ਮੌਜੂਦ ਲੋਕਾਂ ਨੇ ਝਪਟਮਾਰ ਨੂੰ ਫੜ ਕੇ ਉਸ ਤੋਂ ਮੋਬਾਈਲ ਬਰਾਮਦ ਕਰਕੇ ਪੁਲੀਸ ਹਵਾਲੇ ਕਰ ਦਿੱਤਾ। ਪੁਲੀਸ ਦੇ ਪਹੁੰਚਣ ਤੋਂ ਪਹਿਲਾਂ ਮੌਕੇ ’ਤੇ ਖੜ੍ਹੇ ਲੋਕਾਂ ਨੇ ਉਸਦੀ ਚੰਗੀ ਭੁਗਤ ਸਵਾਰੀ।ਜਾਣਕਾਰੀ ਅਨੁਸਾਰ ਅੱਜ ਦੁਪਹਿਰ ਗੁਲਮੋਹਰ ਸਿਟੀ ਵਸਨੀਕ ਔਰਤ ਆਪਣੀ ਧੀ ਨਾਲ ਹਾਈਵੇਅ ਸਥਿਤ ਮੰਡੀ ’ਚ ਸਬਜ਼ੀ ਖਰੀਦਣ ਆਈ ਸੀ। ਸਬਜ਼ੀ ਖਰੀਦਦੇ ਹੋਏ ਉਥੇ ਇਕ ਨੌਜਵਾਨ ਸਬਜ਼ੀ ਖਰੀਦਣ ਦੇ ਬਹਾਨੇ ਆਇਆ ਤੇ ਮੌਕਾ ਦੇਖ ਕੇ ਉਸਦੀ ਧੀ ਦੇ ਹੱਥ ਵਿੱਚ ਫੜੇ ਮੋਬਾਈਲ ਨੂੰ ਖੋਹ ਕੇ ਫ਼ਰਾਰ ਹੋ ਗਿਆ। ਭੱਜਦੇ ਹੋਏ ਜਦੋਂ ਉਹ ਹਾਈਵੇਅ ਪਾਰ ਕਰਨ ਲੱਗਾ ਤਾਂ ਉਸਦੀ ਟੱਕਰ ਇਕ ਗੱਡੀ ਨਾਲ ਹੋਣ ਨਾਲ ਉਹ ਉਥੇ ਹੀ ਡਿੱਗ ਗਿਆ। ਔਰਤ ਵੱਲੋਂ ਰੌਲਾ ਪਾਉਣ ’ਤੇ ਮੰਡੀ ਵਿੱਚ ਖੜ੍ਹੇ ਲੋਕਾਂ ਨੇ ਉਸ ਨੂੰ ਫੜ ਕੇ ਉਸਦਾ ਚੰਗੀ ਤਰ੍ਹਾਂ ਕੁਟਾਪਾ ਚਾੜ੍ਹਨ ਮਗਰੋਂ ਪੁਲੀਸ ਹਵਾਲੇ ਕਰ ਦਿੱਤਾ।
ਔਰਤ ਦਾ ਬੈਗ ਝਪਟਿਆ
ਮੋਰਿੰਡਾ (ਪੱਤਰ ਪ੍ਰੇਰਕ) ਬਾਜ਼ਾਰ ’ਚ ਮੋਟਰਸਾਈਕਲ ਸਵਾਰ ਲੁਟੇਰੇ ਇਕ ਔਰਤ ਦਾ ਬੈਗ ਖੋਹ ਕੇ ਲੈ ਗਏ ਜਿਸ ’ਚ ਢਾਈ ਲੱਖ ਦਾ ਸਾਮਾਨ ਸੀ। ਮੋਟਰਸਾਈਕਲ ’ਤੇ ਮੂੰਹ ਲਪੇਟੀ ਦੋ ਨੌਜਵਾਨਾਂ ਨੇ ਜਸਵਿੰਦਰ ਕੌਰ ਗਾਰਡਨ ਕਾਲੋਨੀ ਤੇ ਉਨ੍ਹਾਂ ਦੀ ਪੁੱਤਰੀ ਮਨਜੀਤ ਕੌਰ ਕੋਲੋਂ ਨੇੜੇ ਰਾਮਾ ਸਪੋਰਟਸ ਪਰਸ ਖੋਹ ਕੇ ਫ਼ਰਾਰ ਹੋ ਗਏ ਜਿਸ ’ਚ ਦੋ ਜੋੜੀਆਂ ਸੋਨੇ ਦੇ ਟੌਪਸ, 2 ਮੋਬਾਈਲ ਫੋਨ 7 ਕੀਮਤੀ ਘੜੀਆਂ, 45000 ਰੁਪਏ ਨਕਦ ਸੀ।