ਮਨਧੀਰ ਸਿੰਘ ਦਿਓਲ
ਨਵੀਂ ਦਿੱਲੀ, 11 ਦਸੰਬਰ
ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਸਬੰਧੀ ਦਿੱਲੀ ਸਰਕਾਰ ਦੇ ਮੰਤਰੀ ਰਾਜੇਂਦਰ ਪਾਲ ਗੌਤਮ ਨੇ ਵੀਰਵਾਰ ਨੂੰ ਸਾਰੇ ਦਲਾਂ ਦੀ ਮੀਟਿੰਗ ਬੁਲਾਈ ਸੀ। ਇਸ ਮੀਟਿੰਗ ਵਿਚ ਦਿੱਲੀ ਸਰਕਾਰ ਦਾ ਸਿੱਖਾਂ ਪ੍ਰਤੀ ਦੋਗਲਾ ਚਿਹਰਾ ਸਾਹਮਣੇ ਆਇਆ। ਇਹ ਗੱਲ ਅੱਜ ਦਿੱਲੀ ਗੁਰਦੁਆਰਾ ਪਬ੍ਰੰਧਕ ਕਮੇਟੀ ਦੇ ਲੀਗਲ ਸੈੱਲ ਦੇ ਚੇਅਰਮੈਨ ਜਗਦੀਪ ਸਿੰਘ ਕਾਹਲੋਂ ਅਤੇ ਚੀਫ਼ ਕੋ-ਆਰਡੀਨੇਟਰ ਇੰਦਰਮੋਹਨ ਸਿੰਘ ਨੇ ਪ੍ਰੈੱਸ ਕਾਨਫਰੰਸ ਦੌਰਾਨ ਕਹੀ। ਲੀਗਲ ਸੈੱਲ ਦੇ ਚੇਅਰਮੈਨ ਜਗਦੀਪ ਸਿੰਘ ਕਾਹਲੋਂ ਦਾ ਕਹਿਣਾ ਹੈ ਕਿ ਦਿੱਲੀ ਸਰਕਾਰ 1 ਲੱਖ ਤੋਂ ਵੱਧ ਸਿੱਖ ਵੋਟਰਾਂ ਦੇ ਨਾਂ ਵੋਟਰ ਲਿਸਟ ਤੋਂ ਹਟਾਉਣ ਦੀ ਡੂੰਘੀ ਸਾਜ਼ਿਸ਼ ਕਰ ਰਹੀ ਹੈ ਅਤੇ ਦਿੱਲੀ ਸਰਕਾਰ ਦੀ ਇਸ ਸਾਜਿਸ਼ ਵਿਚ ਸ਼੍ਰੋਮਣੀ ਅਕਾਲੀ ਦਲ (ਦਿੱਲੀ) ਅਤੇ ਜਾਗੋ ਪਾਰਟੀ ਵੀ ਦਿੱਲੀ ਸਰਕਾਰ ਦਾ ਸਾਥ ਦੇ ਰਹੀ ਹੈ। ਸ੍ਰੀ ਕਾਹਲੋਂ ਦਾ ਕਹਿਣਾ ਹੈ ਕਿ ਦਿੱਲੀ ਵਿਚ ਸਿੱਖਾਂ ਦੀ ਆਬਾਦੀ 10 ਲੱਖ ਤੋਂ ਵੱਧ ਹੈ। ਜਦੋਂ ਕਿ ਵੀਰਵਾਰ ਨੂੰ ਪੇਸ਼ ਕੀਤੀ ਗਈ ਵੋਟਰ ਲਿਸਟ ਵਿਚ ਸਿਰਫ਼ 3 ਲੱਖ 84 ਹਜ਼ਾਰ ਵੋਟ ਹਨ। ਮੀਟਿੰਗ ’ਜ ਦਿੱਲੀ ਸਰਕਾਰ ਦੇ ਮੰਤਰੀ ਨੇ ਕਿਹਾ ਕਿ ਬਿਨਾ ਫ਼ੋਟੋ ਵਾਲੇ 1 ਲੱਖ ਤੋਂ ਵੱਧ ਵੋਟਰਾਂ ਨੂੰ ਲਿਸਟ ਤੋਂ ਹਟਾ ਦਿੱਤਾ ਜਾਵੇ। ਜਿਸ ਦਾ ਉਨ੍ਹਾਂ ਵਿਰੋਧ ਕੀਤਾ। ਉੱਥੇ ਸਰਨਾ ਦਲ ਅਤੇ ਜਾਗੋ ਪਾਰਟੀ ਦਿੱਲੀ ਸਰਕਾਰ ਦਾ ਸਮਰਥਨ ਕਰ ਰਹੀ ਸੀ। ਸ੍ਰੀ ਕਾਹਲੋਂ ਨੇ ਕਿਹਾ ਕਿ ਮੀਟਿੰਗ ਵਿਚ ਡਾਇਰੈਕਟਰ ਗੁਰਦੁਆਰਾ ਚੋਣ ਨੇ ਆਪ ਕਿਹਾ ਕਿ ਉਨ੍ਹਾਂ ਫ਼ਿਜ਼ੀਕਲ ਵੈਰੀਫ਼ਿਕੇਸ਼ਨ ਕੀਤੀ ਹੈ ਅਤੇ ਉਹ ਲੋਕ ਉੱਥੇ ਹੀ ਮਿਲੇ ਹਨ। ਜਦੋਂ ਲੋਕ ਉੱਥੇ ਹੀ ਰਹਿੰਦੇ ਹਨ ਤਾਂ ਉਨ੍ਹਾਂ ਨੂੰ ਵੋਟ ਦੇ ਅਧਿਕਾਰ ਤੋਂ ਕਿਵੇਂ ਵਾਂਝੇ ਰੱਖਿਆ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਵਿਚ ਪਹਿਲੀ ਪਾਰੀ ਵਿਚ 4 ਸਿੱਖ ਵਿਧਾਇਕ ਜਿੱਤ ਕੇ ਆਏ ਸਨ ਜਦੋਂ ਕਿ ਦੂਜੀ ਪਾਰੀ ਵਿਚ 2 ਸਿੱਖ ਵਿਧਾਇਕ ਹਨ ਪਰ ਕਿਸੇ ਨੂੰ ਵੀ ਮੰਤਰੀ ਨਹੀਂ ਬਣਾਇਆ ਗਿਆ। ਚੀਫ਼ ਕੋਆਰਡੀਨੇਟਰ ਸ. ਇੰਦਰਮੋਹਨ ਸਿੰਘ ਨੇ ਕਿਹਾ ਕਿ ਵੋਟਰਾਂ ਦੀ ਜੋ ਲਿਸਟ ਸਰਕਾਰ ਕੋਲ ਹੈ ਉਹ 37 ਵਰ੍ਹੇ ਪੁਰਾਣੀ ਹੈ। ਤਿੰਨ ਸਾਲ ਪਹਿਲਾਂ ਉਨ੍ਹਾਂ ਅਤੇ ਸ਼੍ਰੋਮਣੀ ਅਕਾਲੀ ਦਲ ਦਿੱਲੀ ਨੇ ਮਿਲ ਕੇ ਹਾਈ ਕੋਰਟ ਵਿਚ ਪਟੀਸ਼ਨ ਦਾਇਰ ਕੀਤੀ ਸੀ ਕਿ ਨਵੇਂ ਵੋਟਰ ਬਣਾਉਣ ਦੀ ਇਜਾਜ਼ਤ ਦਿੱਤੀ ਜਾਵੇ। ਹਾਲਾਂਕਿ 2 ਮਹੀਨੇ ਪਹਿਲਾਂ ਸ਼੍ਰੋਮਣੀ ਅਕਾਲੀ ਦਲ ਦਿੱਲੀ ਨੇ ਆਪਣੀ ਪਟੀਸ਼ਨ ਵਾਪਸ ਲੈ ਲਈ ਹੈ ਪਰ ਉਹ ਹੁਣ ਵੀ ਸਿੱਖ ਵੋਟਰਾਂ ਦੇ ਹੱਕ ਲਈ ਅਦਾਲਤ ਵਿਚ ਕੇਸ ਲੜ ਰਹੇ ਹਨ। ਕਰੋਨਾ ਦੇ ਚਲਦੇ ਵੋਟਰ ਆਪਣੀ ਫ਼ੋਟੋ ਨਹੀਂ ਦੇ ਰਹੇ ਅਜਿਹੀ ਹਾਲਤ ਵਿਚ ਵੋਟਰਾਂ ਨੂੰ ਰਾਹਤ ਦੇਣ ਦੀ ਬਜਾਇ ਦਿੱਲੀ ਸਰਕਾਰ ਵੋਟਰ ਲਿਸਟ ਤੋਂ ਨਾਮ ਹਟਾਉਣ ਦੀ ਗੱਲ ਕਹਿ ਰਹੀ ਹੈ। ਇਸ ਮੌਕੇ ਦਿੱਲੀ ਕਮੇਟੀ ਮੈਂਬਰ ਗੁਰਮੀਤ ਸਿੰਘ ਭਾਟੀਆ, ਸਰਵਜੀਤ ਸਿੰਘ ਵਿਰਕ, ਹਰਜੀਤ ਸਿੰਘ ਪੱਪਾ ਅਤੇ ਅਕਾਲੀ ਜਗਜੀਤ ਸਿੰਘ ਗਾਂਧੀ ਵੀ ਮੌਜੂਦ ਰਹੇ।