ਚਰਨਜੀਤ ਸਿੰਘ ਚੰਨੀ
ਮੁੱਲਾਂਪੁਰ ਗਰੀਬਦਾਸ, 11 ਦਸੰਬਰ
ਨੇੜਲੇ ਪਿੰਡ ਕਾਂਸਲ ਵਿੱਚ ਰੈਜ਼ੀਡੈਂਟਸ ਵੈਲਫੇਅਰ ਐਸੋਸੀਏਸ਼ਨ ਨੇ ਦਿੱਲੀ ਵਿੱਚ ਜਾਰੀ ਕਿਸਾਨ ਅੰਦੋਲਨ ਦੇ ਹੱਕ ਵਿੱਚ ਅੱਜ ਮੋਮਬੱਤੀ ਮਾਰਚ ਕੀਤਾ। ਨਗਰ ਕੌਂਸਲ ਨਵਾਂ ਗਾਉਂ ਦੇ ਸਾਬਕਾ ਕੌਂਸਲਰ ਜਥੇਦਾਰ ਇਕਬਾਲ ਸਿੰਘ ਸੈਣੀ ਦੀ ਅਗਵਾਈ ਵਿੱਚ ਲੋਕਾਂ ਨੇ ਟ੍ਰਿਬਿਊਨ ਕਲੋਨੀ ਕਾਂਸਲ ਤੋਂ ਲੈ ਕੇ ਸੁਖਨਾ ਗੇਟ ਤੱਕ ਮਾਰਚ ਕੀਤਾ ਤੇ ਕੇਂਦਰ ਸਰਕਾਰ ਵਿਰੁੱਧ ਨਾਅਰੇਬਾਜ਼ੀ ਕੀਤੀ। ਇਸ ਮੌਕੇ ਬੁਲਾਰਿਆਂ ਨੇ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਲਾਗੂ ਕੀਤੇ ਨਵੇਂ ਖੇਤੀਬਾੜੀ ਕਾਨੂੰਨ ਕਿਸਾਨਾਂ ਦੇ ਹਿੱਤ ਵਿੱਚ ਨਹੀਂ ਹਨ ਅਤੇ ਕਿਸਾਨੀ ਨੂੰ ਤਬਾਹ ਕਰਨ ਲਈ ਸਾਜਿਸ਼ ਤਹਿਤ ਇਹ ਕਾਨੂੰਨ ਬਣਾਏ ਗਏ ਹਨ। ਬੁਲਾਰਿਆਂ ਨੇ ਮੋਦੀ ਸਰਕਾਰ ਦੇ ਅੜੀਅਲ ਵਤੀਰੇ ਦੀ ਆਲੋਚਨਾ ਕਰਦਿਆਂ ਕੜਾਕੇ ਦੀ ਠੰਢ ਵਿੱਚ ਘਰ ਪਰਿਵਾਰ ਛੱਡ ਕੇ ਦਿੱਲੀ ਦੀਆਂ ਸੜਕਾਂ ’ਤੇ ਧਰਨਾ ਦੇ ਰਹੇ ਕਿਸਾਨਾਂ ਦੇ ਸਮਰਥਨ ਦਾ ਐਲਾਨ ਕੀਤਾ। ਉਨ੍ਹਾਂ ਨੇ ਕੇਂਦਰ ਸਰਕਾਰ ਨੂੰ ਖੇਤੀ ਬਿੱਲ ਵਾਪਸ ਲੈਣ ਦੀ ਅਪੀਲ ਕੀਤੀ।
ਇਸ ਮੌਕੇ ਸਾਬਕਾ ਕੌਂਸਲਰ ਤਰਨਜੀਤ ਕੌਰ ਬੈਂਸ, ਕ੍ਰਿਸ਼ਨ ਕੁਮਾਰ, ਐਡਵੋਕੇਟ ਰਵਨੀਤ ਸਿੰਘ ਬੈਂਸ, ਹਰਜੋਤ ਉਬਰਾਏ, ਯੂਥ ਆਗੂ ਕੁਲਜੀਤ ਸਿੰਘ, ਮਾਸਟਰ ਜਸਵੰਤ ਸਿੰਘ, ਤਿਲਕ ਰਾਜ, ਪਵਨ ਕੁਮਾਰ ਸ਼ਰਮਾ ਨੇ ਵੀ ਵਿਚਾਰ ਪੇਸ਼ ਕੀਤੇ।
ਸਿਆਸੀ ਸੁਧਾਰਾਂ ਲਈ ਕਿਸਾਨ ਤੇ ਮਜ਼ਦੂਰ ਅੱਗੇ ਆਉਣ: ਬੈਂਸ
ਕੁਰਾਲੀ (ਮਿਹਰ ਸਿੰਘ): ਲੋਕ ਹਿੱਤ ਮਿਸ਼ਨ ਵਲੋਂ ਦਿੱਲੀ ਦੇ ਸਿੰਘੂ ਬਾਰਡਰ ’ਤੇ ਲਗਾਏ ਧਰਨੇ ਵਿੱਚ ਹਾਜ਼ਰੀ ਲਵਾਉਂਦਿਆਂ ਲੋਕ ਇਨਸਾਫ਼ ਪਾਰਟੀ ਦੇ ਪ੍ਰਧਾਨ ਤੇ ਵਿਧਾਇਕ ਸਿਰਮਜੀਤ ਸਿੰਘ ਬੈਂਸ ਨੇ ਕਿਸਾਨੀ ਨੂੰ ਬਚਾਉਣ ਲਈ ਕਿਸਾਨਾਂ ਤੇ ਮਜ਼ਦੂਰਾਂ ਨੂੰ ਸਰਗਰਮ ਸਿਆਸਤ ਵਿੱਚ ਆਉਣ ਦੀ ਅਪੀਲ ਕੀਤੀ ਹੈ। ਉਨ੍ਹਾਂ ਕਿਹਾ ਕਿ ਮੋਦੀ ਸਰਕਾਰ ਦੇ ਗਲਤ ਫੈਸਲਿਆਂ ਕਾਰਨ ਅੰਨਦਾਤਾ ਠੰਢ ਵਿੱਚ ਸੜਕਾਂ ’ਤੇ ਰਾਤਾਂ ਗੁਜ਼ਾਰਨ ਲਈ ਮਜ਼ਬੂਰ ਹੈ। ਇਸ ਕਾਰਨ ਰਵਾਇਤੀ ਸਿਆਸਤ ਦੇ ਬਦਲਾਅ ਲਈ ਦੇਸ਼ ਦੇ ਕਿਰਤੀ ਕਿਸਾਨਾਂ ਤੇ ਮਜ਼ਦੂਰਾਂ ਨੂੰ ਅੱਗੇ ਆਉਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਜੇਕਰ ਇਹ ਕਿਰਤੀ ਲੋਕ ਸਿਆਸਤ ਨੂੰ ਅਪਣਾਕੇ ਚੋਣਾਂ ਲੜਦੇ ਹਨ ਤਾਂ ਉਹ ਖੁਦ ਉਨ੍ਹਾਂ ਨਾਲ ਤੁਰਨਗੇ ਕਿਉਂਕਿ ਸਿਆਸਤ ਲੋਕਾਂ ਦੇ ਹਾਲਾਤ ਬਦਲਣ ਲਈ ਹੁੰਦੀ ਹੈ ਪਰ ਮੌਜੂਦਾ ਆਗੂਆਂ ਨੇ ਲੋਕਾਂ ਲਈ ਮੁਸ਼ਕਿਲਾਂ ਪੈਦਾ ਕੀਤੀਆਂ ਹੋਈਆਂ ਹਨ। ਇਸ ਮੌਕੇ ਗੁਰਮੀਤ ਸਿੰਘ ਸ਼ਾਂਟੂ, ਰਵਿੰਦਰ ਸਿੰਘ ਵਜੀਦਪੁਰ, ਹਰਨੇਕ ਸਿੰਘ ਬੜੌਦੀ, ਸੁਖਦੇਵ ਸਿੰਘ ਸੁੱਖਾ ਕੰਸਾਲਾ, ਜੱਗੀ ਕਾਦੀਮਾਜਰਾ ਤੇ ਗੁਰਦੀਪ ਸਿੰਘ ਸੰਗਤਪੁਰਾ ਹਾਜ਼ਰ ਸਨ।