ਪਵਨ ਗੋਇਲ
ਭੁੱਚੋ ਮੰਡੀ, 10 ਦਸੰਬਰ
ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਵੱਲੋਂ ਲਹਿਰਾ ਬੇਗਾ ਟੌਲ ਪਲਾਜ਼ਾ ਤੇ ਬੈਸਟ ਪ੍ਰਾਈਸ ਮਾਲ ਅੱਗੇ ਅੱਜ 71ਵੇਂ ਦਿਨ ਵੀ ਮੋਰਚੇ ਜਾਰੀ ਰਹੇ। ਇਨ੍ਹਾਂ ਵਿੱਚ ਔਰਤਾਂ ਅਤੇ ਬੱਚਿਆਂ ਦੀ ਗਿਣਤੀ ਜ਼ਿਆਦਾ ਸੀ। ਧਰਨਾਕਾਰੀਆਂ ਨੇ ਮੋਦੀ ਸਰਕਾਰ ਵਿਰੁੱਧ ਨਾਅਰੇਬਾਜ਼ੀ ਕੀਤੀ।
ਇਸ ਮੌਕੇ ਕਿਸਾਨ ਆਗੂ ਮੋਠੂ ਸਿੰਘ ਕੋਟੜਾ, ਦਰਸ਼ਨ ਮਾਈਸਰਖਾਨਾ, ਪਰਮਜੀਤ ਕੌਰ ਕੋਟੜਾ ਅਤੇ ਸਿਮਰਜੀਤ ਸਿੰਘ ਨੇ ਕਿਹਾ ਕਿ ਮੋਦੀ ਸਰਕਾਰ ਵੱਲੋਂ ਜਾਣਬੁੱਝ ਕੇ ਮੀਟਿੰਗਾਂ ਦੇ ਨਾਂ ’ਤੇ ਕਿਸਾਨਾਂ ਦਾ ਸਮਾਂ ਬਰਬਾਦ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਭਲਕੇ ਜ਼ਿਲ੍ਹੇ ਦੀ ਮੀਟਿੰਗ ਕਰ ਕੇ ਕਿਸਾਨ ਮੋਰਚਿਆਂ ਵਿੱਚ ਕਿਸਾਨਾਂ ਦੇ ਇਕੱਠ ਵਧਾਉਣ ਅਤੇ ਦਿੱਲੀ ਜਥੇ ਭੇਜਣ ਸਬੰਧੀ ਵਿਉਂਤਬੰਦੀ ਕੀਤੀ ਜਾਵੇਗੀ।
ਬੁਢਲਾਡਾ (ਐੱਨਪੀ ਸਿੰਘ): ਸ਼ਹਿਰ ਦੇ ਰਿਲਾਇੰਸ ਪੈਟਰੋਲ ਪੰਪ ਉੱਤੇ ਚੱਲ ਰਿਹਾ ਕਿਸਾਨ ਧਰਨਾ 68ਵੇਂ ਦਿਨ ’ਚ ਦਾਖ਼ਲ ਹੋ ਗਿਆ ਹੈ। ਇਸ ਵਿੱਚ 84 ਪਿੰਡਾਂ ਦੇ ਬਜ਼ੁਰਗ ਸ਼ਾਮਿਲ ਹੋ ਰਹੇ ਹਨ। ਇਲਾਕੇ ਦੇ ਨੌਜਵਾਨ ਅਤੇ ਕਿਸਾਨ ਬੀਬੀਆਂ ਦਿੱਲੀ ਦੀ ਹੱਦ ਵਾਲੇ ਟਿੱਕਰੀ ਬਾਰਡਰ ’ਤੇ ਡਟੇ ਹੋਏ ਹਨ। ਇੱਥੋਂ ਦੇ ਧਰਨੇ ਦੀ ਅਗਵਾਈ ਇਲਾਕੇ ਦੇ ਵੱਖ-ਵੱਖ ਕਿਸਾਨ ਜਥੇਬੰਦੀਆਂ ਦੀ ਨੁਮਾਇੰਦਗੀ ਕਰ ਰਹੇ ਵਕੀਲ ਸਵਰਨਜੀਤ ਸਿੰਘ ਦਲਿਓ ਤੇ ਬਲਕਰਨ ਬੱਲੀ ਕਰ ਰਹੇ ਹਨ। ਕਿਸਾਨ ਆਗੂਆਂ ਨੇ ਕਿਹਾ ਕਿ ਪੂਰੇ ਦੇਸ਼ ਭਰ ਵਿੱਚ ਖੇਤੀ ਕਾਨੂੰਨਾਂ ਵਿਰੁੱਧ ਉੱਠ ਰਹੀ ਲੋਕ ਲਹਿਰ ਦੇ ਬਾਵਜੂਦ ਸਰਕਾਰ ਅੜੀ ਹੋਈ ਹੈ। ਉਨ੍ਹਾਂ ਚਿਤਾਵਨੀ ਦਿੱਤੀ ਕਿ ਸਾਰੇ ਕਾਲੇ ਕਾਨੂੰਨ ਰੱਦ ਹੋਣ ਤਕ ਲੜਾਈ ਜਾਰੀ ਰਹੇਗੀ। ਧਰਨੇ ਨੂੰ ਹੋਰਨਾਂ ਤੋਂ ਇਲਾਵਾ ਹਰਿੰਦਰ ਸੋਢੀ, ਹਰਮੀਤ ਬੋੜਾਵਾਲ, ਨਛੱਤਰ ਅਹਿਮਦਪੁਰ, ਬਲਦੇਵ ਗੁਰਨੇ ਨੇ ਵੀ ਸੰਬੋਧਨ ਕੀਤਾ।
ਤਪਾ ਮੰਡੀ (ਪੱਤਰ ਪ੍ਰੇਰਕ): ਦਿੱਲੀ ਮੋਰਚੇ ਲਈ ਤਪਾ ਦੇ ਕਿਸਾਨਾਂ ਦਾ ਜਥਾ ਦਿੱਲੀ ਲਈ ਰਵਾਨਾ ਹੋਇਆ। ਕਿਸਾਨ ਆਗੂ ਧੰਨਾ ਸਿੰਘ ਚੱਠਾ ਨੇ ਕਿਹਾ ਕਿ ਕਿਸਾਨ ਹੁਣ ਕਾਨੂੰਨ ਰੱਦ ਕਰਵਾ ਕੇ ਹੀ ਵਾਪਸ ਆਉਣਗੇ।
ਫ਼ਰੀਦਕੋਟ (ਜਸਵੰਤ ਜੱਸ): ਜ਼ਿਲ੍ਹੇ ਦੇ ਸਮੂਹ ਖੇਤੀਬਾੜੀ ਅਧਿਕਾਰੀਆਂ ਤੇ ਕਰਮਚਾਰੀਆਂ ਵੱਲੋਂ ਕਿਸਾਨਾਂ-ਮਜ਼ਦੂਰਾਂ ਦੇ ਸੰਘਰਸ਼ ਨੂੰ ਬਲ ਦੇਣ ਲਈ ਡਾ. ਬਲਵਿੰਦਰ ਸਿੰਘ ਮੁੱਖ ਖੇਤੀਬਾੜੀ ਅਫ਼ਸਰ ਫਰੀਦਕੋਟ-ਮੋਗਾ ਦੀ ਅਗਵਾਈ ਵਿੱਚ ਰੋਸ ਧਰਨਾ ਲਾਇਆ ਗਿਆ। ਡਾ. ਬਲਵਿੰਦਰ ਸਿੰਘ ਨੇ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਕੀਤੀਆਂ ਜਾਂਦੀਆਂ ਵਧੀਕੀਆਂ ਬਰਦਾਸ਼ਤ ਨਹੀਂ ਕੀਤੀਆਂ ਜਾ ਸਕਦੀਆਂ। ਉਨ੍ਹਾਂ ਸਰਕਾਰ ਤੋਂ ਖੇਤੀ ਕਾਨੂੰਨ ਵਾਪਸ ਲੈਣ ਦੀ ਮੰਗ ਕੀਤੀ।
ਮਾਨਸਾ (ਪੱਤਰ ਪ੍ਰੇਰਕ): ਦਿੱਲੀ ਸੰਘਰਸ਼ ਵਿੱਚ ਯੋਗਦਾਨ ਪਾਉਣ ਲਈ ਪੰਜਾਬ ਭਰ ਦੇ ਅਧਿਆਪਕਾਂ ਨੇ ਵੀ ਸਰਗਰਮੀਆਂ ਤੇਜ਼ ਕਰ ਦਿੱਤੀਆਂ ਹਨ। ਹੋਰਨਾਂ ਅਧਿਆਪਕ ਜਥੇਬੰਦੀਆਂ ਸਣੇ ਈਟੀਟੀ ਟੀਚਰਜ਼ ਪੰਜਾਬ ਵੱਲੋਂ ਵੀ ਅਧਿਆਪਕਾਂ ਨੂੰ ਦਿੱਲੀ ਪਹੁੰਚਣ ਦਾ ਸੱਦਾ ਦਿੱਤਾ ਗਿਆ ਹੈ। ਜਥੇਬੰਦੀ ਦੇ ਸੂਬਾ ਪ੍ਰਧਾਨ ਜਗਸੀਰ ਸਹੋਤਾ ਨੇ ਕਿਹਾ ਕਿ ਅਧਿਆਪਕ ਪਹਿਲਾਂ ਹੀ ਬਣਦਾ ਯੋਗਦਾਨ ਪਾ ਰਹੇ ਹਨ ਪਰ ਹੁਣ ਉਹ ਸਿੱਧ ਸ਼ਮੂਲੀਅਤ ਵੀ ਕਰਨਗੇ। ਜਥੇਬੰਦੀ ਦੇ ਸੀਨੀਅਰ ਆਗੂ ਦੇਵਿੰਦਰ ਸਿੰਘ ਰਹਿਲ, ਮੰਗਾ ਸਿੰਘ ਅੰਟਾਲ ਫਤਿਹਗੜ੍ਹ ਸਾਹਿਬ ਤੋਂ ਅਤੇ ਤੇਜਿੰਦਰ ਸਿੰਘ ਤੇਜੀ ਸੰਗਰੂਰ ਤੋਂ ਭਲਕੇ ਰਵਾਨਾ ਹੋਣਗੇ।
ਪਰਵਾਸੀ ਪੰਜਾਬੀਆਂ ਅਤੇ ਪੈਨਸ਼ਨਰਾਂ ਵੱਲੋਂ ਮਾਇਕ ਮਦਦ
ਸ਼ਹਿਣਾ (ਪ੍ਰਮੋਦ ਕੁਮਾਰ ਸਿੰਗਲਾ): ਬਲਾਕ ਸ਼ਹਿਣਾ ਦੇ ਪਿੰਡ ਨਿੰਮ ਵਾਲਾ ਮੌੜ ਦੇ ਪਰਵਾਸੀ ਪੰਜਾਬੀਆਂ ਨੇ ਕਿਸਾਨੀ ਸੰਘਰਸ਼ ‘ਚ ਯੋਗਦਾਨ ਪਾਉਂਦਿਆ ਪਿੰਡ ਦੀ ਭਾਰਤੀ ਕਿਸਾਨ ਯੂਨੀਅਨ ਕਾਦੀਆਂ ਇਕਾਈ ਨੂੰ 76 ਹਜ਼ਾਰ ਰੁਪਏ ਦੀ ਰਕਮ ਭੇਜੀ ਹੈ। ਕਿਸਾਨ ਆਗੂ ਸਿਕੰਦਰ ਸਿੰਘ ਨਿੰਮ ਵਾਲਾ ਮੌੜ ਨੇ ਦੱਸਿਆ ਕਿ ਅਮਰੀਕਾ ਤੋਂ ਭੁਪਿੰਦਰ ਸਿੰਘ ਨੇ 21600, ਜਗਜੀਤ ਸਿੰਘ ਜੱਗੀ ਨੇ 10 ਹਜ਼ਾਰ, ਸੁਖਰਾਜ ਸਿੰਘ 10 ਹਜਾਰ, ਕੁਲਦੀਪ ਸਿੰਘ ਕੈਨੇਡਾ ਨੇ 25000, ਗੁਰਮੀਤ ਸਿੰਘ ਕੈਨੇਡਾ ਨੇ 10 ਹਜ਼ਾਰ ਰੁਪਏ ਭੇਜੇ ਹਨ। ਅੱਜ ਸਵੇਰੇ ਕਸਬੇ ਸ਼ਹਿਣਾ ਤੋਂ ਕਿਸਾਨਾਂ ਦਾ ਕਾਫ਼ਲਾ ਦਿੱਲੀ ਲਈ ਰਵਾਨਾ ਹੋਇਆ। ਕਿਸਾਨ ਜਗਸੀਰ ਸਿੰਘ, ਮੱਖਣ ਸਿੰਘ, ਰੂਪ ਸਿੰਘ, ਸੁਰਜੀਤ ਸਿੰਘ ਨੇ ਦੱਸਿਆ ਕਿ ਕਸਬੇ ’ਚੋਂ ਅੱਜ 15ਵਾਂ ਕਾਫ਼ਲਾ ਰਵਾਨਾ ਹੋਇਆ ਹੈ।
ਨਥਾਣਾ (ਭਗਵਾਨ ਦਾਸ ਗਰਗ): ਪਰਵਾਸੀ ਭਾਰਤੀ ਮਲਕੀਤ ਸਿੰਘ ਗਰੇਵਾਲ ਇੰਗਲੈਡ ਵਾਲਿਆਂ ਨੇ ਦਿੱਲੀ ਮੋਰਚੇ ਲਈ ਦਸ ਹਜ਼ਾਰ ਰੁਪਏ ਦੀ ਸਹਾਇਤਾ ਰਕਮ ਭੇਜੀ ਹੈ। ਪਰਿਵਾਰਕ ਵੱਲੋਂ ਬੀਕੇਯੂ ਏਕਤਾ ਡਕੌਂਦਾ ਦੀ ਪਿੰਡ ਗਿੱਦੜ ਇਕਾਈ ਦੇ ਨੁਮਾਇੰਦਿਆਂ ਨੂੰ ਰਕਮ ਭੇਟ ਕੀਤੀ ਗਈ। ਯੂਨੀਅਨ ਆਗੂ ਕੁਲਦੀਪ ਸਿੰਘ ਨੰਬਰਦਾਰ ਨੇ ਪਰਵਾਸੀਆਂ ਦਾ ਧੰਨਵਾਦ ਕੀਤਾ ਹੈ। ਉਨ੍ਹਾਂ ਕਿਹਾ ਕਿ ਕਿਸਾਨ ਸੰਗਠਨਾਂ ਨੂੰ ਮਿਲ ਰਹੇ ਸਹਿਯੋਗ ਸਦਕਾ ਸੰਘਰਸ਼ ਨੂੰ ਮਜ਼ਬੂਤੀ ਅਤੇ ਬਲ ਮਿਲ ਰਿਹਾ ਹੈ।
ਮਾਨਸਾ (ਜੋਗਿੰਦਰ ਸਿੰਘ ਮਾਨ): ਪੈਨਸ਼ਨਰ ਐਸੋਸੀਏਸ਼ਨ ਮਾਨਸਾ ਵੱਲੋਂ ਕਿਸਾਨ ਸੰਘਰਸ਼ ਦੀ ਹਮਾਇਤ ਕਰਦਿਆਂ 51 ਹਜ਼ਾਰ ਰੁਪਏ ਦੀ ਸਹਾਇਤਾ ਰਕਮ ਦੇਣ ਦਾ ਐਲਾਨ ਕੀਤਾ ਗਿਆ। ਜਥੇਬੰਦੀ ਵੱਲੋਂ ਕਿਸਾਨ ਸੰਘਰਸ਼ ਦੌਰਾਨ ਸ਼ਹੀਦ ਹੋਏ ਕਿਸਾਨਾਂ ਅਤੇ ਦੇਸ਼ ਦੀਆਂ ਸਰਹੱਦਾਂ ’ਤੇ ਸ਼ਹੀਦ ਹੋਏ ਫ਼ੌਜੀ ਜਵਾਨਾਂ ਨੂੰ ਦੋ ਮਿੰਟ ਦਾ ਮੋਨ ਧਾਰ ਕੇ ਸਰਧਾਂਜਲੀ ਦਿੱਤੀ ਗਈ। ਐਸੋਸੀਏਸ਼ਨ ਆਗੂ ਵੀਪੀ ਰਾਣਾ ਨੇ ਮੋਦੀ ਸਰਕਾਰ ਤੋਂ ਕਾਲੇ ਕਾਨੂੰਨਾਂ ਨੂੰ ਤੁਰੰਤ ਵਾਪਸ ਲੈਣ ਦੀ ਮੰਗ ਕੀਤੀ।