ਸਰਬਜੀਤ ਸਿੰਘ ਭੰਗੂ
ਪਟਿਆਲਾ, 10 ਦਸੰਬਰ
ਲੋਕ ਸਭਾ ਮੈਂਬਰ ਪ੍ਰਨੀਤ ਕੌਰ ਦੀ ਪਹਿਲਕਦਮੀ ਨਾਲ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਪਟਿਆਲਾ ਸ਼ਹਿਰ ਦੀ ਰਾਜਿੰਦਰਾ ਝੀਲ ਲਈ ਜਾਰੀ ਕੀਤੇ 5.04 ਕਰੋੜ ਰੁਪਏ ਨਾਲ ਝੀਲ ਦੇ ਸੁੰਦਰੀਕਰਨ ਦਾ ਕੰਮ ਹੁਣ ਮੁਕੰਮਲ ਹੋਣ ਨੇੜੇ ਹੈ। ਝੀਲ ਦੇ ਸੁੰਦਰੀਕਰਨ ਤੇ ਵਿਰਾਸਤੀ ਦਿੱਖ ਨੂੰ ਸੰਭਾਲਣ ਲਈ ਪਟਿਆਲਾ ਡਿਵੈਲਪਮੈਂਟ ਅਥਾਰਟੀ, ਡਰੇਨੇਜ ਵਿਭਾਗ ਤੇ ਲੋਕ ਨਿਰਮਾਣ ਵਿਭਾਗ (ਸੜਕਾਂ ਤੇ ਭਵਨ ਉਸਾਰੀ) ਵੱਲੋਂ ਸਾਂਝੇ ਤੌਰ ’ਤੇ ਕੀਤੇ ਜਾ ਰਹੇ ਕੰਮ ਵਿੱਚੋਂ ਡਰੇਨੇਜ ਵਿਭਾਗ ਵੱਲੋਂ ਝੀਲ ਅੰਦਰ ਫੁਹਾਰੇ ਲਗਾਉਣ ਦਾ ਕੰਮ ਪੂਰਾ ਕਰ ਲਿਆ ਗਿਆ ਹੈ। ਇਹ ਫੁਹਾਰੇ ਪਟਿਆਲਾ ਵਾਸੀਆਂ ਲਈ ਖਿੱਚ ਦਾ ਕੇਂਦਰ ਬਣ ਰਹੇ ਹਨ।
ਡਿਪਟੀ ਕਮਿਸ਼ਨਰ ਕੁਮਾਰ ਅਮਿਤ ਨੇ ਦੱਸਿਆ ਕਿ 504.20 ਲੱਖ ਰੁਪਏ ਦੀ ਲਾਗਤ ਨਾਲ ਹੋਣ ਵਾਲੇ ਕੰਮਾਂ ਵਿੱਚੋਂ 2.52 ਕਰੋੜ ਰੁਪਏ ਨਾਲ ਝੀਲ ਦੀ ਸਫ਼ਾਈ, ਦੁਆਲੇ ਦੀਆਂ ਸੜਕਾਂ ਨੂੰ ਚੌੜਾ ਤੇ ਮਜ਼ਬੂਤ ਕਰਨ ਸਣੇ ਫੁਟਪਾਥ ਦੀ ਉਸਾਰੀ ਦਾ ਕੰਮ ਜਾਰੀ ਹੈ। 1.19 ਕਰੋੜ ਦੀ ਲਾਗਤ ਨਾਲ ਝੀਲ ਵਿੱਚ ਫੁਹਾਰੇ ਤੇ ਪੰਪ ਹਾਊਸ ਲਗਾਏ ਜਾ ਚੁੱੱਕੇ ਹਨ। 83 ਲੱਖ ਨਾਲ ਬਿਜਲੀ ਦਾ ਕੰਮ ਕੀਤਾ ਜਾ ਰਿਹਾ ਹੈ, ਜਿਸ ’ਚ ਫੁਟਪਾਥ ਦੇ ਨਾਲ ਨਾਲ ਹੈਰੀਟੇਜ ਲਾਈਟਾਂ ਲਗਾਈਆਂ ਜਾਣਗੀਆਂ। 31 ਲੱਖ ਨਾਲ ਝੀਲ ਦੀ ਲੈਂਡ ਸਕੇਪਿੰਗ ਅਤੇ ਸਜਾਵਟੀ ਬੂਟੇ ਲਗਾਉਣ ਦਾ ਕੰਮ ਕੀਤਾ ਜਾ ਰਿਹਾ ਹੈ।
ਇਸ ਕੰਮ ਦੀ ਦੇਖ-ਰੇਖ ਕਰ ਰਹੇ ਪੀ.ਡਬਲਿਊ.ਡੀ. ਦੇ ਐਕਸੀਅਨ ਸੋਹਣ ਲਾਲ ਗਰਗ ਨੇ ਦੱਸਿਆ ਕਿ ਝੀਲ ਦੇ ਤਲ ਨੂੰ ਲੇਜ਼ਰ ਲੈਵਲਰ ਨਾਲ ਪੱਧਰ ਕਰਕੇ ਫੇਰ ਚੀਕਣੀ ਮਿੱਟੀ ਦੀਆਂ ਦੋ ਪਰਤਾਂ ਵਿਛਾਈਆਂ ਗਈਆਂ ਹਨ, ਤਾਂ ਜੋ ਪਾਣੀ ਦੇ ਰਿਸਾਅ ਨੂੰ ਰੋਕਿਆ ਜਾ ਸਕੇ। ਨਾਲ ਹੀ ਝੀਲ ਦੇ ਕਿਨਾਰਿਆਂ ’ਤੇ ਬਣੀ ਸਲੋਪ ’ਤੇ ਚਿੱਟੇ ਪੱਥਰ ਲਗਾਏ ਗਏ ਹਨ। ਇਸ ਮੌਕੇ ਡਰੇਨੇਜ ਵਿਭਾਗ ਦੇ ਐੱਸਈ ਇੰਜ. ਦਵਿੰਦਰ ਸਿੰਘ ਨੇ ਦੱਸਿਆ ਕਿ ਝੀਲ ਅੰਦਰ ਪੰਜ ਰੰਗਦਾਰ ਲਾਈਟਾਂ ਵਾਲੇ ਫੁਹਾਰੇ ਲਗਾਏ ਗਏ ਹਨ। ਜਿਸ ਵਿੱਚੋਂ ਇਕ ਫੁਹਾਰਾ 80 ਫੁੱਟ ਉੱਚਾ, ਦੋ 50 ਫੁੱਟ ਤੇ ਦੋ ਗੀਜ਼ਰ ਫੁਹਾਰੇ ਲਗਾਏ ਗਏ ਹਨ, ਜੋ ਹੁਣ ਚੱਲ ਕੇ ਝੀਲ ਨੂੰ ਆਕਰਸ਼ਿਕ ਦਿੱਖ ਪ੍ਰਦਾਨ ਕਰ ਰਹੇ ਹਨ। ਝੀਲ ’ਚ ਆ ਰਹੇ ਪਾਣੀ ਸਬੰਧੀ ਜਾਣਕਾਰੀ ਦਿੰਦਿਆਂ, ਐੱਸਈ. ਦਵਿੰਦਰ ਸਿੰਘ ਨੇ ਦੱਸਿਆ ਕਿ ਇਹ ਭਾਖੜਾ ਮੇਨ ਲਾਈਨ ਤੋਂ ਗੁਰੂਦੁਆਰਾ ਦੂਖਨਿਵਾਰਨ ਸਾਹਿਬ ਦੇ ਸਰੋਵਰ ਤੇ ਮੋਤੀ ਬਾਗ ਸਾਹਿਬ ਗੁਰੂਦੁਆਰਾ ਸਾਹਿਬ ਦੇ ਸਰੋਵਰ ਲਈ ਜਾਂਦੀ ਹੰਸਲੀ ਤੇ 21 ਨੰਬਰ ਫਾਟਕ ਕੋਲ ਰੈਗੁਲੇਸ਼ਨ ਗੇਟ ਵਾਲਵ ਲਗਾ ਕੇ ਝੀਲ ਤੱਕ ਪੁੱਜਦਾ ਕੀਤਾ ਗਿਆ ਹੈ।