ਸਿਡਨੀ, 9 ਦਸੰਬਰ
ਭਾਰਤੀ ਕਪਤਾਨ ਵਿਰਾਟ ਕੋਹਲੀ ਇਸ ਗੱਲ ਤੋਂ ਨਿਰਾਸ਼ ਹੈ ਕਿ ਆਸਟਰੇਲਿਆਈ ਬੱਲੇਬਾਜ਼ ਮੈਥਿਊ ਵੇਡ ਨੂੰ ਪਾਈ ਗਈ ਗੇਂਦ ਦਾ ਰੀਪਲੇਅ ਵੱਡੀ ਸਕ੍ਰੀਨ ’ਤੇ 15 ਸੈਕਿੰਡ ਤੋਂ ਪਹਿਲਾਂ ਵਿਖਾਉਣ ਕਾਰਨ ਉਸ ਦੀ ਟੀਮ ਡੀਆਰਐੱਸ ਨਹੀਂ ਲੈ ਸਕੀ। ਭਾਰਤ ਨੂੰ ਤੀਜੇ ਟੀ-20 ਮੈਚ ਵਿੱਚ ਮੇਜ਼ਬਾਨ ਆਸਟਰੇਲੀਆ ਤੋਂ 12 ਦੌੜਾਂ ਨਾਲ ਹਾਰ ਝੱਲਣੀ ਪਈ ਹੈ। ਵੇਡ ਨੂੰ ਟੀ ਨਟਰਾਜਨ ਨੇ 50 ਦੌੜਾਂ ਦੇ ਸਕੋਰ ’ਤੇ ਐੱਲਬੀਡਬਲਿਊ ਆਊਟ ਕਰ ਦਿੱਤਾ ਸੀ, ਪਰ ਉਸ ਨੂੰ ਜੀਵਨਦਾਨ ਮਿਲ ਗਿਆ। ਇਸ ਮਗਰੋਂ ਉਸ ਨੇ 30 ਦੌੜਾਂ ਹੋਰ ਬਣਾਈਆਂ। ਕੋਹਲੀ ਨੇ ਮੈਚ ਮਗਰੋਂ ਪ੍ਰੈੱਸ ਕਾਨਫਰੰਸ ਦੌਰਾਨ ਕਿਹਾ, ‘‘ਅਸੀਂ 15 ਸੈਕਿੰਡ ਦੀ ਸਮਾਂ ਸੀਮਾ ਦੇ ਅੰਦਰ ਗੱਲ ਹੀ ਕਰ ਰਹੇ ਸੀ ਕਿ ਗੇਂਦ ਕਿੱਥੇ ਪਈ ਹੈ ਕਿ ਸਕ੍ਰੀਨ ’ਤੇ ਰੀਪਲੇਅ ਆ ਗਿਆ। ਉਨ੍ਹਾਂ ਕਿਹਾ, ‘‘ਅਸੀਂ ਰੀਵਿਊ ਲਿਆ, ਪਰ ਅੰਪਾਇਰ ਨੇ ਕਿਹਾ ਕਿ ਸਕ੍ਰੀਨ ’ਤੇ ਰੀਪਲੇਅ ਆ ਚੁੱਕਾ ਹੈ।’’ ਰੀਵਿਊ ਲਿਆ ਹੁੰਦਾ ਤਾਂ ਮੈਦਾਨੀ ਅੰਪਾਇਰ ਨੂੰ ਆਪਣਾ ਫ਼ੈਸਲਾ ਬਦਲਣਾ ਪੈਂਦਾ। ਉਨ੍ਹਾਂ ਕਿਹਾ ਕਿ ਭਾਰਤੀ ਟੀਮ ਮੈਨੇਜਮੈਂਟ ਨੇ ਅਧਿਕਾਰੀਆਂ ਨੂੰ ਆਪਣੀ ਨਾਰਾਜ਼ਗੀ ਸਬੰਧੀ ਜਾਣੂ ਕਰਵਾਇਆ ਅਤੇ ਕਿਹਾ ਕਿ ਕੌਮਾਂਤਰੀ ਮੈਚ ਵਿੱਚ ਇਸ ਤਰ੍ਹਾਂ ਦੀ ਗ਼ਲਤੀ ਬਰਦਾਸ਼ਤਯੋਗ ਨਹੀਂ ਹੈ। -ਪੀਟੀਆਈ
ਭਾਰਤੀ ਕ੍ਰਿਕਟ ਟੀਮ ਨੂੰ ਜੁਰਮਾਨਾ
ਸਿਡਨੀ: ਭਾਰਤੀ ਕ੍ਰਿਕਟ ਟੀਮ ਨੂੰ ਆਸਟਰੇਲੀਆ ਖ਼ਿਲਾਫ਼ ਤੀਜੇ ਟੀ-20 ਮੈਚ ਵਿੱਚ ਧੀਮੀ ਓਵਰ ਗਤੀ ਕਾਰਨ ਮੈਚ ਫ਼ੀਸ ਦਾ 20 ਫ਼ੀਸਦੀ ਜੁਰਮਾਨਾ ਲਾਇਆ ਗਿਆ ਹੈ। ਆਈਸੀਸੀ ਮੈਚ ਰੈਫਰੀ ਡੇਵਿਡ ਬੂਨ ਨੇ ਇਹ ਜੁਰਮਾਨਾ ਕੀਤਾ ਹੈ। ਭਾਰਤੀ ਟੀਮ ਮੰਗਲਵਾਰ ਨੂੰ ਮੈਚ ਵਿੱਚ ਤੈਅ ਸਮੇਂ ਦੌਰਾਨ ਇੱਕ ਓਵਰ ਪਿੱਛੇ ਰਹਿ ਗਈ ਸੀ। ਆਈਸੀਸੀ ਨੇ ਅੱਜ ਬਿਆਨ ਵਿੱਚ ਕਿਹਾ, ‘‘ਆਈਸੀਸੀ ਖਿਡਾਰੀਆਂ ਅਤੇ ਸਹਿਯੋਗੀ ਸਟਾਫ਼ ਲਈ ਜ਼ਾਬਤੇ ਦੀ ਧਾਰਾ 2.22 ਤਹਿਤ ਤੈਅ ਸਮੇਂ ਵਿੱਚ ਓਵਰ ਪੂਰੇ ਨਾ ਸੁੱਟਣ ਕਾਰਨ ਟੀਮ ਨੂੰ ਪ੍ਰਤੀ ਓਵਰ ਮੈਚ ਫ਼ੀਸ ਦਾ 20 ਫ਼ੀਸਦੀ ਜੁਰਮਾਨਾ ਲਾਇਆ ਜਾਂਦਾ ਹੈ।’’ -ਪੀਟੀਆਈ