ਨਵੀਂ ਦਿੱਲੀ, 9 ਦਸੰਬਰ
ਵਿਦੇਸ਼ ਮਾਮਲਿਆਂ ਬਾਰੇ ਮੰਤਰੀ ਐੱਸ. ਜੈਸ਼ੰਕਰ ਨੇ ਅੱਜ ਕਿਹਾ ਕਿ ਚੀਨ ਨੇ ਅਸਲ ਕੰਟਰੋਲ ਰੇਖਾ ’ਤੇ ਵੱਡੀ ਗਿਣਤੀ ਫੌਜਾਂ ਤਾਇਨਾਤ ਕਰਨ ਦੇ ਮਾਮਲੇ ਵਿੱਚ ਭਾਰਤ ਨੂੰ ‘ਪੰਜ ਵੱਖੋ-ਵੱਖਰੇ ਤਰਕ’ ਦਿੱਤੇ ਹਨ। ਨਾਲ ਹੀ ਉਨ੍ਹਾਂ ਇਹ ਵੀ ਕਿਹਾ ਕਿ ਇਸ ਤਰ੍ਹਾਂ ਦੁਵੱਲੇ ਸਮਝੌਤਿਆਂ ਦੀ ਉਲੰਘਣਾ ਨਾਲ ਰਿਸ਼ਤੇ ‘ਬਹੁਤ ਬੁਰੀ ਤਰ੍ਹਾਂ ਖ਼ਰਾਬ’ ਹੋਏ ਹਨ, ਜੋ ਕਿ ਹੁਣ ਪਿਛਲੇ 30-40 ਸਾਲਾਂ ਦੇ ‘ਸਭ ਤੋਂ ਮੁਸ਼ਕਲ ਪੜਾਅ’ ਵਿੱਚ ਹਨ।
ਜੈਸ਼ੰਕਰ ਨੇ ਇਹ ਟਿੱਪਣੀਆਂ ਆਸਟਰੇਲੀਆ ਦੇ ਥਿੰਕ ਟੈਂਕ ਲੋਵੀ ਇੰਸਟੀਚਿਊਟ ਵਲੋਂ ਕਰਵਾਏ ਆਨਲਾਈਨ ਸੈਸ਼ਨ ਦੌਰਾਨ ਕੀਤੀਆਂ। ਉਨ੍ਹਾਂ ਦੀਆਂ ਇਹ ਟਿੱਪਣੀਆਂ ਪਿਛਲੇ ਸੱਤ ਮਹੀਨਿਆਂ ਤੋਂ ਵੱਧ ਸਮੇਂ ਤੋਂ ਭਾਰਤ ਅਤੇ ਚੀਨ ਵਿਚਾਲੇ ਪੂਰਬੀ ਲੱਦਾਖ ਵਿੱਚ ਅਸਲ ਕੰਟਰੋਲ ਰੇਖਾ ’ਤੇ ਬਣੇ ਫੌਜੀ ਤਣਾਅ ਦੌਰਾਨ ਆਈਆਂ ਹਨ। ਪਿਛਲੇ ਤਿੰਨ ਦਹਾਕਿਆਂ ਦੇ ਦੁਵੱਲੇ ਸਬੰਧਾਂ ਦੇ ਵੱਖ-ਵੱਖ ਪੱਖਾਂ ਨੂੰ ਉਭਾਰਦਿਆਂ ਜੈਸ਼ੰਕਰ ਨੇ ਕਿਹਾ, ‘‘ਅੱਜ ਚੀਨ ਨਾਲ ਅਸੀਂ ਆਪਣੇ ਸਬੰਧਾਂ ਦੇ ਸਭ ਤੋਂ ਮੁਸ਼ਕਲ ਦੌਰ ਵਿੱਚ ਹਾਂ, ਅਜਿਹਾ ਪਿਛਲੇ 30 ਤੋਂ 40 ਸਾਲਾਂ ਜਾਂ ਇਸ ਤੋਂ ਵੀ ਵੱਧ ਸਮੇਂ ਵਿੱਚ ਨਹੀਂ ਹੋਇਆ। ਇਸ ਵਰ੍ਹੇ ਇਹ ਸਬੰਧ ਬਹੁਤ ਜ਼ਿਆਦਾ ਖ਼ਰਾਬ ਹੋਏ ਹਨ।’’ ਉਨ੍ਹਾਂ ਅੱਗੇ ਕਿਹਾ, ‘‘ਅਸੀਂ ਬਹੁਤ ਸਪੱਸ਼ਟ ਹਾਂ ਕਿ ਅਸਲ ਕੰਟਰੋਲ ਰੇਖਾ ’ਤੇ ਸ਼ਾਂਤੀ ਅਤੇ ਸਥਿਰਤਾ ਹੀ ਤਰੱਕੀ ਲਈ ਬਾਕੀ ਸਬੰਧਾਂ ਦਾ ਆਧਾਰ ਬਣੇਗੀ। ਤੁਸੀਂ ਇਹ ਨਹੀਂ ਕਰ ਸਕਦੇ ਕਿ ਜਿਸ ਤਰ੍ਹਾਂ ਦੇ ਤੁਹਾਡੇ ਸਰਹੱਦ ’ਤੇ ਹਾਲਾਤ ਹਨ ਅਤੇ ਤੁਸੀਂ ਕਹੋ ਕਿ ਚਲੋ ਬਾਕੀ ਖੇਤਰਾਂ ਵਿੱਚ ਜ਼ਿੰਦਗੀ ਆਮ ਵਾਂਗ ਚੱਲਣ ਦਿੰਦੇ ਹਾਂ। ਇਹ ਅਸਲੀਅਤ ਤੋਂ ਬਿਲਕੁਲ ਪਰ੍ਹੇ ਦੀ ਗੱਲ ਹੈ।’’ ਉਨ੍ਹਾਂ ਕਿਹਾ ਕਿ ਅਜਿਹਾ ਨਹੀਂ ਹੈ ਕਿ ਗੱਲਬਾਤ ਦੇ ਰਾਹ ਨਹੀਂ ਹਨ , ਅਸਲ ਵਿੱਚ ਸਮਝੌਤਿਆਂ ’ਤੇ ਅਮਲ ਨਹੀਂ ਹੁੰਦਾ।’’ -ਪੀਟੀਆਈ