ਡਾ. ਸੁਰਿੰਦਰ ਧੰਜਲ
ਕੈਨੇਡਾ ਦੇ ਸਾਹਿਤਕਾਰਾਂ, ਕਲਾਕਾਰਾਂ, ਰੰਗਕਰਮੀਆਂ, ਖਿਡਾਰੀਆਂ, ਨਸਲਵਾਦ-ਵਿਰੋਧੀ ਕਾਰਕੁਨਾਂ, ਤਰਕਸ਼ੀਲਾਂ, ਮਜ਼ਦੂਰਾਂ, ਸਮਾਜ-ਸੇਵੀਆਂ ਅਤੇ ਔਰਤਾਂ ਦੀਆਂ ਪੈਂਤੀ ਜਥੇਬੰਦੀਆਂ ਵੱਲੋਂ ਅੱਜ ਪ੍ਰੈੱਸ ਦੇ ਨਾਮ ਸਾਂਝਾ ਬਿਆਨ ਜਾਰੀ ਕਰਦਿਆਂ ਭਾਰਤੀ ਕਿਸਾਨ ਅੰਦੋਲਨ ਦੀ ਡਟਵੀਂ ਹਮਾਇਤ ਦਾ ਐਲਾਨ ਕੀਤਾ ਗਿਆ ਹੈ। ਦੂਜੀ ਸੰਸਾਰ ਜੰਗ ਸਮੇਂ ਸੁਭਾਸ਼ ਚੰਦਰ ਬੋਸ ਵੱਲੋਂ ਦਿੱਤੇ ਗਏ ‘ਦਿੱਲੀ ਚੱਲੋ’ ਦੇ ਨਾਅਰੇ ਦੀ ਭਾਵਨਾ ਨੂੰ ਸੁਰਜੀਤ ਕਰਦਿਆਂ ਪੰਜਾਬ ਦੀਆਂ ਕਿਸਾਨ ਜਥੇਬੰਦੀਆਂ ਵੱਲੋਂ ਤਿੰਨ ਕਿਸਾਨ ਵਿਰੋਧੀ ਬਿਲਾਂ ਦੇ ਖ਼ਿਲਾਫ਼ ਜੱਦੋ-ਜਹਿਦ ਨੂੰ ਸਿਖਰਲਾ ਮੋੜ ਦਿੰਦਿਆਂ 25 ਨਵੰਬਰ 2020 ਨੂੰ ‘ਦਿੱਲੀ ਚੱਲੋ’ ਦਾ ਐਲਾਨ ਕੀਤਾ ਗਿਆ ਸੀ। ਪੰਜਾਬ ਦੀਆਂ 32 ਕਿਸਾਨ ਜਥੇਬੰਦੀਆਂ ਦੀ ਅਗਵਾਈ ਹੇਠ ਲੱਖਾਂ ਦੀ ਗਿਣਤੀ ਵਿਚ ਨੌਜਵਾਨਾਂ, ਬਜ਼ੁਰਗਾਂ, ਔਰਤਾਂ ਦੇ ਕਾਫ਼ਲੇ 25 ਨਵੰਬਰ ਤੋਂ ਦਿੱਲੀ ਪਹੁੰਚਣੇ ਸ਼ੁਰੂ ਹੋ ਗਏ ਹਨ। ਪੰਜਾਬ ਦੇ ਕਿਸਾਨਾਂ ਦੇ ਇਨ੍ਹਾਂ ਕਾਫ਼ਲਿਆਂ ਨੂੰ ਹੁਣ ਤਕ ਹਰਿਆਣਾ, ਉੱਤਰ ਪ੍ਰਦੇਸ਼, ਰਾਜਸਥਾਨ, ਬਿਹਾਰ, ਮੱਧ ਪ੍ਰਦੇਸ਼, ਉੜੀਸਾ, ਮਹਾਰਾਸ਼ਟਰ, ਕੇਰਲਾ, ਨਾਗਾਲੈਂਡ, ਕਰਨਾਟਕ ਅਤੇ ਗੁਜਰਾਤ ਦੀਆਂ ਅਨੇਕਾਂ ਕਿਸਾਨ ਜਥੇਬੰਦੀਆਂ ਦੀ ਸ਼ਮੂਲੀਅਤ ਹਾਸਲ ਹੋ ਚੁੱਕੀ ਹੈ।
ਭਾਰਤ ਦੇ 28 ਸੂਬਿਆਂ ਵਿਚੋਂ ਲੱਖਾਂ ਦੀ ਗਿਣਤੀ ਵਿਚ ਕਿਸਾਨ-ਕਾਫ਼ਲੇ, ਰਾਹਬੰਦੀ ਦੀਆਂ ਸਾਰੀਆਂ ਮੁਸ਼ਕਲਾਂ ਨੂੰ ਚੀਰਦੇ ਹੋਏ ਦਿੱਲੀ ਪਹੁੰਚ ਚੁੱਕੇ ਹਨ ਅਤੇ ਆਏ ਦਿਨ ਪਹੁੰਚ ਰਹੇ ਹਨ। ਪੰਜਾਬ ਦੀਆਂ ਕਿਸਾਨ ਜਥੇਬੰਦੀਆਂ ਦੀ ਅਗਵਾਈ ਹੇਠ ਸ਼ੁਰੂ ਹੋਏ ਇਸ ਅੰਦੋਲਨ ਨੂੰ ਸੰਸਾਰ ਭਰ ਦੀਆਂ ਮਜ਼ਦੂਰ ਜਥੇਬੰਦੀਆਂ, ਅਧਿਆਪਕ ਜਥੇਬੰਦੀਆਂ, ਵਿਦਿਆਰਥੀ ਜਥੇਬੰਦੀਆਂ, ਔਰਤ ਜਥੇਬੰਦੀਆਂ, ਤਰਕਸ਼ੀਲ ਜਥੇਬੰਦੀਆਂ, ਸਾਹਿਤਕ-ਸੱਭਿਆਚਾਰਕ ਸਭਾਵਾਂ, ਨਾਟ-ਮੰਡਲੀਆਂ, ਪੱਤਰਕਾਰਾਂ, ਬੁੱਧੀਜੀਵੀਆਂ, ਗੀਤਕਾਰਾਂ, ਗਾਇਕਾਂ, ਵਿਦਿਆਵੇਤਾਵਾਂ, ਪ੍ਰੋਫ਼ੈਸਰਾਂ, ਡਾਕਟਰਾਂ, ਨਰਸਾਂ, ਵਕੀਲਾਂ, ਖਿਡਾਰੀਆਂ, ਵਿਗਿਆਨੀਆਂ, ਰਿਸਰਚ ਸਕਾਲਰਾਂ, ਕਰਮਚਾਰੀਆਂ, ਦੁਕਾਨਦਾਰਾਂ, ਛੋਟੇ ਵਪਾਰੀਆਂ, ਢਾਬਿਆਂ, ਟਰੇਡ ਯੂਨੀਅਨਾਂ, ਟੈਕਸੀ ਅਤੇ ਆਟੋ ਯੂਨੀਅਨਾਂ, ਟਰਾਂਸਪੋਰਟ ਯੂਨੀਅਨਾਂ, ਜਮਹੂਰੀ ਅਧਿਕਾਰ ਸੰਸਥਾਵਾਂ ਅਤੇ ਸਮਾਜ-ਸੇਵਕ ਸੰਸਥਾਵਾਂ ਵੱਲੋਂ ਭਰਵੀਂ ਹਮਾਇਤ ਦੇਣ ਦੇ ਐਲਾਨ ਜਾਰੀ ਹੋ ਚੁੱਕੇ ਹਨ ਤੇ ਹੋ ਰਹੇ ਹਨ।
ਪੰਜਾਬ ਦੀ ਨੌਜਵਾਨੀ ਨੇ ਇਹ ਦਰਸਾ ਦਿੱਤਾ ਹੈ ਕਿ ਉਨ੍ਹਾਂ ਵਿਚ ਗ਼ਦਰ ਲਹਿਰ ਅਤੇ ਹਿੰਦੁਸਤਾਨ ਸੋਸ਼ਲਿਸਟ ਰਿਪਬਲਿਕਨ ਐਸੋਸੀਏਸ਼ਨ ਦੇ ਸ਼ਹੀਦ ਕਰਤਾਰ ਸਿੰਘ ਸਰਾਭਾ, ਸ਼ਹੀਦ ਭਗਤ ਸਿੰਘ-ਰਾਜਗੁਰੂ-ਸੁਖਦੇਵ, ਸ਼ਹੀਦ ਊਧਮ ਸਿੰਘ ਸੁਨਾਮ ਉਰਫ਼ ਮੁਹੰਮਦ ਸਿੰਘ ਆਜ਼ਾਦ ਦੀ ਭਾਵਨਾ ਜਿਊਂਦੀ ਜਾਗਦੀ ਹੈ। ਭਾਰਤ ਦੇ ਕੋਨੇ ਕੋਨੇ ਵਿਚੋਂ ਗੂੰਜਣ ਲੱਗੇ ‘ਕਿਸਾਨ-ਮਜ਼ਦੂਰ ਏਕਤਾ ਜ਼ਿੰਦਾਬਾਦ’ ਦੇ ਨਾਅਰਿਆਂ ਵਿਚੋਂ ਪੂਰੇ ਦੇ ਪੂਰੇ ਭਾਰਤ ਦੀ ਜਗਦੀ ਤੇ ਮਘਦੀ ਸ਼ਮੂਲੀਅਤ ਨਜ਼ਰ ਆ ਰਹੀ ਹੈ। ਸੰਯੁਕਤ ਕਿਸਾਨ ਮੋਰਚੇ ਵਿਚ ਔਰਤਾਂ ਦੀ ਭਰਵੀਂ ਸ਼ਮੂਲੀਅਤ ‘ਖੇਤਾਂ ਦੇ ਪੁੱਤ’ ਕਿਸਾਨਾਂ ਨੂੰ ‘ਧਰਤੀ ਮਾਂ’ ਵਾਂਗ ਅਸ਼ੀਰਵਾਦ ਦੇ ਰਹੀ ਹੈ।
ਇਸ ਸਾਂਝੇ ਬਿਆਨ ਰਾਹੀਂ ਜਥੇਬੰਦੀਆਂ ਨੇ ਕਿਹਾ ਕਿ ਅਸੀਂ ਭਾਰਤ ਸਰਕਾਰ ਵੱਲੋਂ ਕਿਸਾਨਾਂ ਉੱਪਰ ਜਬਰੀ ਠੋਸੇ ਗਏ ਸਾਰੇ ਖੇਤੀ ਕਾਨੂੰਨਾਂ ਦੀ ਪੁਰਜ਼ੋਰ ਨਿਖੇਧੀ ਕਰਦੇ ਹੋਏ ਬਿਨਾਂ ਸ਼ਰਤ ਇਨ੍ਹਾਂ ਸਾਰੇ ਕਾਲੇ ਕਾਨੂੰਨਾਂ ਨੂੰ ਤੁਰੰਤ ਵਾਪਸ ਲੈਣ ਦੀ ਮੰਗ ਕਰਦੇ ਹਾਂ।
ਜਥੇਬੰਦੀਆਂ ਨੇ ਕਿਹਾ ਕਿ ਉਹ ਭਾਰਤ ਸਰਕਾਰ ਵੱਲੋਂ ਆਪਣੀ ਬਹੁ-ਸੰਮਤੀ ਹੋਣ ਕਾਰਨ ਅੜੀਅਲ ਵਤੀਰੇ ਅਤੇ ਸਮੱਸਿਆ ਦੇ ਹੱਲ ਨੂੰ ਲਮਕਾਉਣ ਦੀ ਟਾਲ-ਮਟੋਲ ਵਾਲੀ ਨੀਤੀ ਦੀ ਪੁਰ-ਜ਼ੋਰ ਨਿੰਦਾ ਕਰਦੇ ਹਨ। ਭਾਰਤ ਸਰਕਾਰ ਵੱਲੋਂ ਕਿਸਾਨਾਂ ਉੱਤੇ ਰਾਹਬੰਦੀ ਦੀਆਂ ਸਾਰੀਆਂ ਅੜਚਣਾਂ (ਲਾਠੀ-ਚਾਰਜ, ਅੱਥਰੂ ਗੈਸ ਦੇ ਗੋਲੇ, ਕੰਡਿਆਲੀਆਂ ਵਾੜਾਂ, ਪਥਰੀਲੇ ਬੈਰੀਕੇਡ, ਪਾਣੀ ਤੋਪਾਂ, ਟੈਂਟ ਉਖਾੜਨੇ) ਠੋਸਣ ਦੀ ਪੁਰ-ਜ਼ੋਰ ਨਿਖੇਧੀ ਕੀਤੀ। ਉਨ੍ਹਾਂ ਨੇ ਭਾਰਤ ਸਰਕਾਰ ਦੇ ਕੰਟਰੋਲ ਵਿਚ ਚੱਲ ਰਹੇ ‘ਗੋਦੀ ਮੀਡੀਆ’ ਵੱਲੋਂ ਕਿਸਾਨ ਅੰਦੋਲਨ ਦੀ ਗ਼ਲਤ ਤਸਵੀਰਕਸ਼ੀ ਕਰਨ ਦਾ ਵਿਰੋਧ ਕੀਤਾ।
ਪੰਜਾਬ ਵਿਚਲੀਆਂ ਤਿੰਨੇ ਸਿਆਸੀ ਪਾਰਟੀਆਂ ਵੱਲੋਂ ਕਿਸਾਨਾਂ ਦੀ ਹਮਾਇਤ ਵਿਚ ਠੋਸ ਐਲਾਨ ਨਾ ਕਰ ਕੇ ਸਿਰਫ਼ ਡੰਗ-ਟਪਾਊ ਬਿਆਨਬਾਜ਼ੀ ਦੀ ਵੀ ਉਨ੍ਹਾਂ ਨੇ ਨਿਖੇਧੀ ਕੀਤੀ। ਇਨ੍ਹਾਂ ਸਮੂਹ ਜਥੇਬੰਦੀਆਂ ਨੇ ਜਿੱਥੇ ਸਰਕਾਰਾਂ ਤੇ ਵੱਖ ਵੱਖ ਰਾਜਨੀਤਕ ਪਾਰਟੀਆਂ ਦੀਆਂ ਚਾਲਾਂ ਦੀ ਨਿੰਦਾ ਕੀਤੀ, ਉੱਥੇ ਲੋਕਾਈ ਦੀ ਕਿਸਾਨਾਂ ਨੂੰ ਸਮਰਥਨ ਦੇਣ ਦੀ ਸ਼ਲਾਘਾ ਕੀਤੀ। ਉਨ੍ਹਾਂ ਨੇ ਕਿਸਾਨ ਜਥੇਬੰਦੀਆਂ ਵੱਲੋਂ ਇਸ ਅੰਦੋਲਨ ਨੂੰ ਸ਼ਾਂਤਮਈ ਅਤੇ ਅਨੁਸ਼ਾਸਨ-ਬੱਧ ਤਰੀਕੇ ਨਾਲ ਚਲਾਉਣ ਦੀ ਸ਼ਲਾਘਾ ਕੀਤੀ। ਉਨ੍ਹਾਂ ਨੇ ਕਿਸਾਨ ਜਥੇਬੰਦੀਆਂ ਵੱਲੋਂ ਭਾਰਤੀ ਕਿਸਾਨ ਅੰਦੋਲਨ ਨੂੰ ਮੌਕਾਪ੍ਰਸਤ ਰਾਜਨੀਤਕ ਪਾਰਟੀਆਂ, ਧਾਰਮਿਕ ਅਤੇ ਫਿਰਕੂ ਰੁਝਾਨਾਂ ਤੋਂ ਨਿਰਲੇਪ ਰੱਖ ਕੇ ਇਸ ਅੰਦੋਲਨ ਨੂੰ ਲੋਕ-ਏਕਤਾ ਦਾ ਪ੍ਰਤੀਕ ਬਣਾ ਕੇ ਚਲਾਉਣ ਦਾ ਸਵਾਗਤ ਕੀਤਾ।
ਕਿਸਾਨ- ਮਜ਼ਦੂਰ ਭਾਈਚਾਰੇ ਦੀਆਂ ਅੰਦੋਲਨਕਾਰੀਆਂ ਲਈ ਅਤੇ ਲੋੜਵੰਦ ਸਰਕਾਰੀ ਅਮਲੀ-ਫੈਲੇ ਵਾਸਤੇ ਦਿਲ-ਖੋਲ੍ਹਵੇਂ ਲੰਗਰ ਲਾਉਣ ਦੀਆਂ ਸੇਵਾਵਾਂ ਦੀ ਉਨ੍ਹਾਂ ਨੇ ਭਰਪੂਰ ਪ੍ਰਸੰਸਾ ਕੀਤੀ। ਅੰਤਰਰਾਸ਼ਟਰੀ ਸੰਸਥਾਵਾਂ ਅਤੇ ਪਰਵਾਸੀ ਭਾਰਤੀਆਂ ਵੱਲੋਂ ਮੈਡੀਕਲ ਸਹਾਇਤਾ, ਰੋਸ ਮੁਜ਼ਾਹਰੇ ਅਤੇ ਮੀਡੀਆ ਰਿਪੋਰਟਾਂ ਰਾਹੀਂ ਕਿਸਾਨ ਸੰਘਰਸ਼ ਦੀ ਹਮਾਇਤ ਅਤੇ ਆਗੂ ਜਥੇਬੰਦੀਆਂ ਦੁਆਰਾ ਸਰਕਾਰੀ ਏਜੰਸੀਆਂ ਵੱਲੋਂ ਘੁਸਪੈਠ ਕਰਕੇ ਅੰਦੋਲਨ ਨੂੰ ਗ਼ਲਤ ਦਿਸ਼ਾ ਵਿਚ ਭਟਕਾਉਣ ਤੋਂ ਮੁਕਤ ਰੱਖਣ ਦੀ ਭਰਪੂਰ ਸ਼ਲਾਘਾ ਕੀਤੀ ਗਈ।
ਇਨ੍ਹਾਂ ਜਥੇਬੰਦੀਆਂ ਨੇ ਕਿਹਾ ਕਿ ਆਗੂ ਜਥੇਬੰਦੀਆਂ ਜਾਣੀਆਂ-ਪਛਾਣੀਆਂ ਸਰਕਾਰੀ ਚਾਲਾਂ ਤੋਂ ਚੁਕੰਨੇ ਰਹਿਣ ਦੀ ਰਣਨੀਤੀ ’ਤੇ ਇਸ ਤਰ੍ਹਾਂ ਹੀ ਡਟੇ ਰਹਿਣ। ਉਨ੍ਹਾਂ ਨੇ ਕਿਸਾਨਾਂ ਨੂੰ ਸੁਚੇਤ ਕੀਤਾ ਕਿ ਹਕੂਮਤ ‘ਪਾੜੋ ਤੇ ਰਾਜ ਕਰੋ’ ਦੀ ਸਿੱਕੇਬੰਦ ਰਾਜਨੀਤੀ ਦੀ ਬੇਰਹਿਮ ਵਰਤੋਂ ਕਰ ਸਕਦੀ ਹੈ; ਕਿਸੇ ਨਾ ਕਿਸੇ ਬਹਾਨੇ ਅੰਦੋਲਨਕਾਰੀਆਂ ’ਤੇ ਅਤਿਵਾਦੀ, ਵੱਖਵਾਦੀ, ਫਿਰਕੂ, ਮਾਓਵਾਦੀ, ਨਕਸਲਵਾਦੀ ਅਤੇ ਦੇਸ਼-ਧ੍ਰੋਹੀ ਹੋਣ ਦੇ ਇਲਜ਼ਾਮ ਲਾ ਕੇ ਕਿਸੇ ਵੀ ਸੂਬੇ (ਵਿਸ਼ੇਸ਼ ਤੌਰ ’ਤੇ ਪੰਜਾਬ) ਵਿਚ ਰਾਸ਼ਟਰਪਤੀ ਰਾਜ ਲਾਗੂ ਕਰ ਸਕਦੀ ਹੈ; ਦੇਸ਼ ਨੂੰ ਸੈਨਾ ਜਾਂ ਸੁਰੱਖਿਆ ਬਲਾਂ ਦੇ ਹਵਾਲੇ ਕਰ ਸਕਦੀ ਹੈ; ਘੇਰਾਬੰਦੀ ਕਰਕੇ ਕਿਸਾਨਾਂ ’ਤੇ ਸਿੱਧਾ ਹਮਲਾ ਕਰ ਸਕਦੀ ਹੈ; ਕਿਸਾਨਾਂ ਦੇ ਚਰਿੱਤਰ ਨੂੰ ਬਦਨਾਮ ਕਰਨ ਦੀਆਂ ਸਾਜ਼ਿਸ਼ਾਂ ਰਚ ਸਕਦੀ ਹੈ; ਝੂਠੇ ਕੇਸ ਮੜ੍ਹ ਸਕਦੀ ਹੈ।
ਉਨ੍ਹਾਂ ਨੇ ਕਿਸਾਨਾਂ ਦੇ ਇਸ ਵਿਆਪਕ ਰੋਹ ਨੂੰ ਅਨੁਸ਼ਾਸਨ-ਬੱਧ ਭਾਰਤੀ ਜਨ ਅੰਦੋਲਨ ਵਿਚ ਤਬਦੀਲ ਕਰਕੇ ਆਪਣੇ ਅੰਦੋਲਨ ਨੂੰ ਜਿੱਤ ਦੀ ਮੰਜ਼ਿਲ ਤਕ ਪਹੁੰਚਾਉਣ ਦੇ ਨਿਰੰਤਰ ਤੇ ਅਣਥੱਕ ਯਤਨਾਂ ਦੀ ਸ਼ਲਾਘਾ ਕੀਤੀ। ਉਨ੍ਹਾਂ ਨੇ ਜਾਰੀ ਪ੍ਰੈੱਸ ਬਿਆਨ ਵਿਚ ਕਿਹਾ ਕਿ ਸਾਰੀਆਂ ਕਿਸਾਨ ਜਥੇਬੰਦੀਆਂ ਉਨ੍ਹਾਂ ਦੇ ਮੋਢੇ ਨਾਲ ਮੋਢਾ ਡਾਹ ਕੇ ਡਟੀਆਂ ਹੋਈਆਂ ਹੋਰ ਜਥੇਬੰਦੀਆਂ ਤੇ ਯੂਨੀਅਨਾਂ ਅਤੇ ਇਨ੍ਹਾਂ ਦੀ ਹਮਾਇਤ ’ਚ ਨਿੱਤਰੇ ਜਨ-ਸਧਾਰਨ ਦੀ ਭਰਪੂਰ ਉਪਮਾ ਕਰਦੇ ਹਨ।
ਈਮੇਲ : drsdhanjal@gmail.com
ਕਿਸਾਨਾਂ ਦੇ ਹੱਕ ਵਿਚ ਨਿੱਤਰੀਆਂ ਜਥੇਬੰਦੀਆਂ
ਪਾਸ਼ ਯਾਦਗਾਰੀ ਕੌਮਾਂਤਰੀ ਟਰੱਸਟ, ਪੰਜਾਬੀ ਸਾਹਿਤਕ ਅਤੇ ਸੱਭਿਆਚਾਰਕ ਵਿਚਾਰ ਮੰਚ, ਸਰੀ, ਵਤਨੋਂ ਦੂਰ ਆਰਟ ਫਾਊਂਡੇਸ਼ਨ, ਸਰੀ, ਸ਼ਬਦ-ਲੋਕ, ਸਰੀ, ਸ਼ਹੀਦ ਊਧਮ ਸਿੰਘ ਹੈਲਪਿੰਗ ਹੈਂਡ ਫਾਊਂਡੇਸ਼ਨ, ਸਰੀ, ਤਰਕਸ਼ੀਲ ਸੱਭਿਆਚਾਰਕ ਸੁਸਾਇਟੀ ਆਫ ਕੈਨੇਡਾ, ਗਲੋਬਲ ਪੰਜਾਬ ਫਾਊਂਡੇਸ਼ਨ, ਵੈਨਕੂਵਰ ਚੈਪਟਰ, ਈਸਟ ਇੰਡੀਅਨ ਡਿਫੈਂਸ ਕਮੇਟੀ, ਪੰਜਾਬ ਸਪੋਰਟਸ ਕਲੱਬ, ਕੈਮਲੂਪਸ, ਕੈਮਲੂਪਸ ਫਰੈਂਡਜ਼ ਕਲੱਬ, ਕੈਮਲੂਪਸ, ਇੰਡੀਆ ਕਿਸਾਨ: ਇਕ, ਕੈਮਲੂਪਸ, ਪ੍ਰੋਗਰੈਸਿਵ ਆਰਟਸ ਕਲੱਬ, ਸਰੀ, ਵਤਨ (ਔਨਲਾਈਨ ਪੰਜਾਬੀ ਮੈਗਜ਼ੀਨ), ਵੈਨਕੂਵਰ ਵਿਚਾਰ ਮੰਚ, ਦਿਸ਼ਾ (ਕੈਨੇਡੀਅਨ ਪੰਜਾਬੀ ਔਰਤਾਂ ਦੀ ਜਥੇਬੰਦੀ), ਦਿ ਲਿਟਰੇਰੀ ਰਿਫਲੈਕਸ਼ਨਜ਼, ਟੋਰਾਂਟੋ, ਮਮਤਾ ਫਾਊਂਡੇਸ਼ਨ ਆਫ ਕੈਨੇਡਾ, ਸਰੀ, ਪ੍ਰੋਗਰੈਸਿਵ ਕਲਚਰਲ ਐਸੋਸੀਏਸ਼ਨ, ਕੈਲਗਰੀ, ਸਿੱਖ ਵਿਰਸਾ ਇੰਟਰਨੈਸ਼ਨਲ (ਮਾਸਕ), ਕੈਲਗਰੀ, ਕੈਲਗਰੀ ਬੱਸ ਅਪਰੇਟਰਜ਼ ਸੁਸਾਇਟੀ, ਕੈਲਗਰੀ, ਅਰਪਨ ਲਿਖਾਰੀ ਸਭਾ, ਕੈਲਗਰੀ, ਲੋਕ ਵਿਰਸਾ ਕਲਚਰਲ ਐਸੋਸੀਏਸ਼ਨ ਆਫ ਬੀਸੀ, ਐਬਟਸਫੋਰਡ, ਪ੍ਰੋਗਰੈਸਿਵ ਆਰਟਸ ਐਸੋਸੀਏਸ਼ਨ ਆਫ ਅਲਬਰਟਾ, ਐਡਮਿੰਟਨ, ਮੇਪਲ ਲੀਫ ਰਾਈਟਰਜ਼ ਫਾਊਂਡੇਸ਼ਨ ਆਫ ਐਡਮਿੰਟਨ, ਪ੍ਰੋਗਰੈਸਿਵ ਪੀਪਲਜ਼ ਫਾਊਂਡੇਸ਼ਨ ਆਫ ਐਡਮਿੰਟਨ, ਪੰਜਾਬੀ ਹੈਰੀਟੇਜ਼ ਥੀਏਟਰ ਸੁਸਾਇਟੀ ਆਫ ਅਲਬਰਟਾ, ਐਡਮਿੰਟਨ, ਪੰਜਾਬੀ ਕਲਚਰਲ ਐਸੋਸੀਏਸ਼ਨ, ਐਡਮਿੰਟਨ, ਕਹਾਣੀ ਵਿਚਾਰ ਮੰਚ, ਟੋਰਾਂਟੋ, ਪੰਜਾਬੀ ਕਲਮਾਂ ਦਾ ਕਾਫ਼ਲਾ, ਟੋਰਾਂਟੋ, ਰਾਮਗੜ੍ਹੀਆ ਸਿੱਖ ਫਾਊਂਡੇਸ਼ਨ ਆਫ ਓਂਟਾਰੀਓ, ਟੋਰਾਂਟੋ, ਕੈਨੇਡੀਅਨ ਪੰਜਾਬੀ ਸਾਹਿਤ ਸਭਾ, ਟੋਰਾਂਟੋ, ਰੇਡੀਓ ਧਮਾਲ, ਵਿਨੀਪੈੱਗ, ਗੁਰਸ਼ਰਨ ਸਿੰਘ ਮੈਮੋਰੀਅਲ ਲੈਕਚਰ ਕਮੇਟੀ, ਵੈਨਕੂਵਰ, ਕੈਨੇਡੀਅਨ ਫਾਰਮਵਰਕਰਜ਼ ਯੂਨੀਅਨ, ਕੇਂਦਰੀ ਪੰਜਾਬੀ ਲੇਖਕ ਸਭਾ (ਉੱਤਰੀ ਅਮਰੀਕਾ), ਸਰੀ।
ਨਾਨਕ ਦਾ ਹਲ਼
ਜੀ.ਐੱਸ. ਭੰਡਾਲ
ਕਰਤਾਰਪੁਰ ਦੇ ਖੇਤਾਂ ਵਿਚ ਵੱਗਦਾ
ਬਾਬੇ ਨਾਨਕ ਦਾ ਹਲ਼
ਮਨ-ਮਿੱਟੀ ਦੀ ਜ਼ਰਖੇਜ਼ਤਾ ਟੋਹ
ਸ਼ਬਦ-ਜੋਤ ਬੀਜਦਾ
ਕਿਰਤ ਦਾ ਮਾਣ ਬਿਖੇਰਦਾ ਸੀ।
ਬਾਬੇ ਦਾ ਹਲ਼
ਕਦੇ ਚੜ੍ਹਦੇ ਵੰਨੀਂ ਜਾਂਦਾ
ਤੇ ਫਿਰ ਲਹਿੰਦੇ ਵੰਨੀਂ ਪਰਤਦਾ
ਨਹੀਂ ਸਨ ਹੱਦਾਂ-ਸਰਹੱਦਾਂ
ਤੇ ਕੱਟੜਤਾ ਦੀਆਂ ਵਲਗਣਾਂ
ਨਾਨਕ ਦਾ ਹਲ਼
ਵਾਹੁੰਦਾ ਸੀ ਜਾਤ-ਪਾਤ ਦੀਆਂ ਵੱਟਾਂ
ਤੇ ਬੋਹਲ਼ ਦੇ ਦਸਵੰਧ ਨਾਲ
ਚੱਲਦਾ ਸੀ ਲੰਗਰ ਦਾ ਪ੍ਰਵਾਹ।
ਜੋਗ ਦੀਆਂ ਟੱਲੀਆਂ ਨਾਲ
ਗੁੰਜਦਾ ਸੀ ਫ਼ਿਜ਼ਾ ਵਿਚ
ਕਿਰਤ ਦਾ ਹੋਕਰਾ
ਸੱਚ ਦੀ ਸੱਦ
ਤੇ ਅਨਿਆਂ ਵਿਰੁੱਧ ਬੁਲੰਦਗੀ।
ਹਲ਼ ਵਾਹੁੰਦਿਆਂ
ਨਾਨਕ ਹਾਲ਼ੀ ਦੇ ਪ੍ਰਵਚਨਾਂ ’ਚੋਂ
ਪ੍ਰਕਾਸ਼ਮਾਨ ਹੁੰਦਾ ਸੀ
‘ਸੁਰਤਿ ਮਤਿ ਬੁਧਿ ਪਰਗਾਸੁ’
ਹੁਣ ਵੀ
ਕਿਧਰੇ ਨਹੀਂ ਗਿਆ
ਨਾਨਕ ਦਾ ਹਲ਼
ਦਿੱਲੀ ਦੇ ਧੁੰਧਲਕੇ ’ਚ ਉੱਗਿਆ
ਸੂਰਜ ਹੀ ਤਾਂ ਹੈ
ਲੋਕ-ਮਨਾਂ ਵਿਚ
ਨਾਨਕ ਦੇ ਹਲ਼ ਦਾ ਜੋਤਰਾ।
**
ਸਿਆੜ ’ਚ ਉੱਗਦੀ ਕਵਿਤਾ
ਧਰਤੀ ਦੀ ਹਿੱਕ ’ਤੇ
ਸਿਆੜਾਂ ਨਾਲ ਲਿਖੀ ਜਾ ਰਹੀ ਕਵਿਤਾ
ਬਹੁਤ ਉਦਾਸ ਤੇ ਹਤਾਸ਼ ਹੈ
ਸ਼ਬਦਾਂ ਵਿਚਲੀਆਂ ਸਿਸਕੀਆਂ
ਤੇ ਅਰਥਾਂ ਦੇ ਅੱਥਰੂਆਂ ਨੇ
ਅਗਵਾ ਕਰ ਲਈ ਏ
ਇਸਦੀ ਰਵਾਨੀ, ਰੂਹ, ਰਹਿਮਤ ਤੇ ਰੰਗਰੇਜ਼ਤਾ
ਅਤੇ
ਫੱਕਰਾਂ ਵਰਗੀ ਕਵਿਤਾ ਦੀ
ਬਦਲ ਗਈ ਏ
ਤਰਤੀਬ, ਤਾਸੀਰ ਤੇ ਤਹਿਜ਼ੀਬ
ਹੁਣ ਇਹ ਕਵਿਤਾ
ਸੜਕਾਂ ’ਤੇ ਉੱਕਰਨ ਲਈ ਅਵਾਜ਼ਾਰ
ਰੇਲ-ਪਟੜੀਆਂ ’ਤੇ ਲਿਖੀ ਜਾਣ ਲਈ ਮਜਬੂਰ
ਹਵੇਲੀ ਤੋਂ ਧਰਨਾ-ਚੌਕ ਦਾ ਸਫ਼ਰ ਕਰਦੀ
ਕਵਿਤਾ ਨੂੰ ਪਤਾ ਹੈ ਕਿ
ਰਾਹਾਂ ’ਚ ਉੱਗੀਆਂ ਸੂਲਾਂ ਦੀ ਪੀੜ ਵੀ ਜਰਨੀ ਹੈ
ਪੱਥਰਾਂ ਦੀ ਬਾਰਸ਼ ਤੋਂ ਵੀ ਬੇਨਿਆਜ਼ ਰਹਿਣਾ ਹੈ
ਅਤੇ ਇਸ ਦੌਰ ਦੀ ਅਕਵਿਤਾ ਤੋਂ ਵੀ ਮੁੱਨਕਰ ਹੋ
ਸੇਧਤ ਮਾਰਗ ਦੀ ਤਲਾਸ਼ ਬਣਨਾ ਹੈ
ਖੇਤਾਂ ਦੀ ਕਵਿਤਾ
ਜਦ ਖ਼ਿਆਲ ਦਾ ਰੂਪ ਧਾਰ
ਖ਼ਬਤ ਦੀ ਉਂਗਲ ਫੜਦੀ ਹੈ
ਤਾਂ ਇਹ ਮਨੁੱਖੀ ਹੋਂਦ ਦੇ ਸਵਾਲ
ਅਤੇ ਖ਼ਾਬ ’ਤੇ ਉੱਕਰੀ ਖੁਦਕੁਸ਼ੀ ਨੂੰ ਵੀ ਮੁਖ਼ਾਤਬ ਹੁੰਦੀ ਹੈ
ਇਸ ਕਵਿਤਾ ਨੂੰ ਕਿੰਝ ਕਤਲ ਕਰੋਗੇ
ਇਸਨੇ ਤਾਂ ਹਨੇਰਿਆਂ ਦੀ ਨਿਆਈਂਏ
ਸਿਆੜਾਂ ਵਿਚ
ਪੋਰ ਨਾਲ/ ਤਾਰਿਆਂ ਨੂੰ ਕੇਰਦੇ ਹੀ ਰਹਿਣਾ ਏ।
ਸੰਪਰਕ: 216-556-2080