ਨਵਕਿਰਨ ਸਿੰਘ
ਮਹਿਲ ਕਲਾਂ, 8 ਦਸੰਬਰ
ਕਿਸਾਨ ਜਥੇਬੰਦੀਆਂ ਵੱਲੋਂ ਦਿੱਤੇ ਭਾਰਤ ਬੰਦ ਦੇ ਸੱਦੇ ਤਹਿਤ ਅੱਜ ਮਹਿਲ ਕਲਾਂ ਦੇ ਬਾਜ਼ਾਰਾਂ ਸਮੇਤ ਪੂਰਾ ਖੇਤਰ ਮੁਕੰਮਲ ਬੰਦ ਰਿਹਾ ਅਤੇ ਬਰਨਾਲਾ-ਲੁਧਿਆਣਾ ਮੁੱਖ ਮਾਰਗ ‘ਤੇ ਚੱਕਾ ਜਾਮ ਰਿਹਾ। ਮੁੱਖ ਮਾਰਗ ‘ਤੇ ਟੌਲ ਪਲਾਜ਼ਾ ਅੱਗੇ ਚੱਲ ਰਹੇ ਪੱਕੇ ਮੋਰਚੇ ਨੂੰ ਸੰਬੋਧਨ ਕਰਦਿਆਂ ਭਾਰਤੀ ਕਿਸਾਨ ਯੂਨੀਅਨ (ਡਕੌਂਦਾ) ਦੇ ਜ਼ਿਲ੍ਹਾ ਜਨਰਲ ਸਕੱਤਰ ਮਲਕੀਤ ਸਿੰਘ ਮਹਿਲ ਕਲਾਂ ਤੇ ਭਾਰਤੀ ਕਿਸਾਨ ਯੂਨੀਅਨ (ਕਾਦੀਆਂ) ਦੇ ਆਗੂ ਜਰਨੈਲ ਸਿੰਘ ਸਹੌਰ ਨੇ ਕਿਹਾ ਕਿ ਖੇਤੀ ਕਾਨੂੰਨ ਵਾਪਸ ਕਰਵਾਉਣ ਲਈ ਪੰਜਾਬ ਦੇ ਲੋਕ ਹਰ ਕੁਰਬਾਨੀ ਲਈ ਤਿਆਰ ਹਨ। ਇਸੇ ਤਰ੍ਹਾਂ ਪਿੰਡ ਸਹਿਜੜ੍ਹਾ ਵਿੱਚ ਮੁੱਖ ਮਾਰਗ ‘ਤੇ 30 ਕਿਸਾਨ ਜਥੇਬੰਦੀਆਂ ਵੱਲੋਂ ਚੱਕਾ ਜਾਮ ਕੀਤਾ ਗਿਆ ਅਤੇ ਭਾਰਤੀ ਕਿਸਾਨ ਯੂਨੀਅਨ (ਉਗਰਾਹਾਂ) ਵੱਲੋਂ ਰਿਲਾਇੰਸ ਪੈਟਰੋਲ ਪੰਪ ਅੱਗੇ ਚੱਲ ਰਹੇ ਪੱਕੇ ਮੋਰਚੇ ਨੇੜੇ ਮੁੱਖ ਮਾਰਗ ‘ਤੇ ਚੱਕਾ ਜਾਮ ਕਰਕੇ ਰੋਸ ਪ੍ਰਦਰਸ਼ਨ ਕੀਤਾ ਗਿਆ।
ਰੂੜੇਕੇ ਕਲਾਂ (ਅੰਮ੍ਰਿਤਪਾਲ ਧਾਲੀਵਾਲ): ਭਾਰਤ ਬੰਦ ਦੇ ਸੱਦੇ ‘ਤੇ ਅੱਜ ਧੌਲਾ ਵਿੱਚ ਕਿਸਾਨਾਂ ਨੇ ਬਰਨਾਲਾ- ਮਾਨਸਾ ਮਾਰਗ ਜਾਮ ਕਰਕੇ ਮੋਦੀ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਇਸ ਮੌਕੇ ਇਨਕਲਾਬੀ ਲੇਖਕ ਜਗਰਾਜ ਧੌਲਾ ਤੇ ਬੇਅੰਤ ਬਾਜਵਾ ਤੇ ਰੂਪ ਸਿੰਘ ਧੌਲਾ ਨੇ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਨੂੰ ਕਾਲੇ ਕਾਨੂੰਨ ਹਰ ਹਾਲਤ ਵਿਚ ਵਾਪਸ ਲੈਣੇ ਪੈਣਗੇ ਨਹੀਂ ਤਾਂ ਕਿਸਾਨਾਂ ਦਾ ਜਾਰੀ ਰਹੇਗਾ।
ਭਦੌੜ (ਰਾਜਿੰਦਰ ਵਰਮਾ): ਕਿਸਾਨ ਜਥੇਬੰਦੀਆਂ ਵੱਲੋਂ ਭਾਰਤ ਬੰਦ ਦੇ ਦਿੱਤੇ ਸੱਦੇ ਨੂੰ ਲੈ ਕੇ ਅੱਜ ਕਸਬੇ ਦੀਆਂ ਵੱਖ-ਵੱਖ ਸਮਾਜਿਕ ਜਥੇਬੰਦੀਆਂ, ਆੜ੍ਹਤੀਆਂ, ਵਪਾਰੀਆਂ ਵੱਲੋਂ ਕਿਸਾਨ ਅੰਦੋਲਨ ਦਾ ਸਮਰਥਨ ਕਰਦੇ ਹੋਏ ਤਿੰਨ ਕੋਨੀ ’ਤੇ ਧਰਨਾ ਲਗਾਇਆ ਗਿਆ। ਇਸ ਧਰਨੇ ਨੂੰ ਮਾਸਟਰ ਗੁਰਮੇਲ ਸਿੰਘ ਭੁਟਾਲ, ਤਰਕਸ਼ੀਲ ਸੁਸਾਇਟੀ ਦੇ ਸੂਬਾ ਆਗੂ ਮਾਸਟਰ ਰਜਿੰਦਰ ਸਿੰਘ ਭਦੌੜ ਤੇ ਮਾਰਕੀਟ ਕਮੇਟੀ ਦੇ ਚੇਅਰਮੈਨ ਅਜੇ ਕੁਮਾਰ ਨੇ ਸੰਬੋਧਨ ਕੀਤਾ।
ਬੁਢਲਾਡਾ (ਐਨਪੀ. ਸਿੰਘ): ਇਥੋਂ ਦੇ ਆਈ.ਟੀ.ਆਈ ਚੌਕ ਵਿੱਚ ਚਾਰ ਘੰਟੇ ਮੁਕੰਮਲ ਚੱਕਾ ਜਾਮ ਕੀਤਾ ਗਿਆ। ਇਸ ਦੌਰਾਨ ਲੋਕਾਂ ਦੇ ਇੱਕਠ ਨੂੰ ਡਕੌਂਦਾ ਦੇ ਜ਼ਿਲ੍ਹਾ ਪ੍ਰਧਾਨ ਮਹਿੰਦਰ ਸਿੰਘ ਦਿਆਲਪੁਰਾ ਤੇ ਕਿਸਾਨ ਯੁੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਰਾਮਫਲ ਚੱਕ ਅਲੀਸ਼ੇਰ ਨੇ ਸੰਬੋਧਨ ਕੀਤਾ। ਇਸੇ ਦੌਰਾਨ ਪੀ.ਆਰ.ਟੀ.ਸੀ ਦੇ ਸਰਕਾਰੀ ਬੱਸ ਡਿੱਪੂ ਸਮੇਤ ਸ਼ਹਿਰ ਦੇ ਸਾਰੇ ਹੀ ਟਰਾਂਸਪੋਰਟ ਅਦਾਰੇ ਮੁਕੰਮਲ ਬੰਦ ਰਹੇ। ਅੱਜ ਦੇ ਬੰਦ ਤਹਿਤ ਜਿੱਥੇ ਪੀ.ਆਰ.ਟੀ.ਸੀ ਬੱਸ ਡਿੱਪੂ ਬੁਢਲਾਡਾ ਨੂੰ 10 ਲੱਖ ਰੁਪਏ ਦਾ ਘਾਟਾ ਸਹਿਣਾ ਪਿਆ ਉਥੇ ਹੀ ਟਰੱਕ ਅਪਰੇਟਰਾਂ ਤੇ ਟੈਕਸੀ ਚਾਲਕਾਂ ਨੂੰ ਵੀ ਭਾਰੀ ਘਾਟਾ ਸਹਿਣਾ ਪਿਆ ਹੈ।
ਮਲੋਟ (ਲਖਵਿੰਦਰ ਸਿੰਘ): ਪਿੰਡ ਅਬੁੱਲ ਖੁਰਾਣਾ ਅਤੇ ਮਲੋਟ ਦੇ ਵਿਚਾਲੇ ਨੈਸ਼ਨਲ ਹਾਈਵੇਅ ‘ਤੇ ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ, ਭਾਰਤੀ ਕਿਸਾਨ ਯੂਨੀਅਨ ਕਾਦੀਆਂ ਅਤੇ ਪਿੰਡ ਅਬੁੱਲਖੁਰਾਣਾ ਦੇ ਵਸਨੀਕਾਂ ਵੱਲੋਂ ਅਮਨਦੀਪ ਸਿੰਘ ਬਰਾੜ ਦੀ ਅਗਵਾਈ ਹੇਠ 11 ਵਜੇ ਤੋਂ ਸ਼ਾਮ ਤੱਕ ਜਾਮ ਜਾਰੀ ਰੱਖਿਆ ਗਿਆ ਅਤੇ ਕੇਂਦਰ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਇਸੇ ਤਰ੍ਹਾਂ ਤਿਕੋਨੀ ਚੌਕ ਮਲੋਟ ਵਿੱਚ ਆਵਾਜਾਈ ਬੰਦ ਰੱਖੀ।
ਤਪਾ ਮੰਡੀ (ਸੀ ਮਾਰਕੰਡਾਤਪਾ): ਅੱਜ ਤਪਾ ਮੰਡੀ ਨੂੰ ਮੁਕੰਮਲ ਤੌਰ ’ਤੇ ਬੰਦ ਰੱਖਿਆ ਗਿਆ। ਇਸ ਦੌਰਾਨ ਕਿਸਾਨਾਂ ਨੇ ਬਠਿੰਡਾ-ਬਰਨਾਲਾ ਹਾਈ ਵੇਅ ਅਤੇ ਲਿੰਕ ਸੜਕਾਂ ’ਤੇ ਚੱਕਾ ਜਾਮ ਕਰ ਦਿੱਤਾ ਤੇ ਕੇਂਦਰ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕਰਦਿਆਂ ਕਾਨੂੰਨ ਰੱਦ ਕਰਨ ਦੀ ਮੰਗ ਕੀਤੀ।
ਗਿੱਦੜਬਾਹਾ (ਦਵਿੰਦਰ ਮੋਹਨ ਬੇਦੀ): ਭਾਰਤੀ ਕਿਸਾਨ ਯੂਨੀਅਨਾਂ ਵੱਲੋਂ ਦਿੱਤੇ ਗਏ ਪੰਜਾਬ ਬੰਦ ਦੇ ਸੱਦੇ ਨੂੰ ਗਿੱਦੜਬਾਹਾ ਵਿੱਚ ਭਰਪੂਰ ਸਮਰਥਨ ਮਿਲਿਆ, ਜਿਸ ਦੇ ਚੱਲਦਿਆਂ ਗਿੱਦੜਬਾਹਾ ਦੇ ਸਮੂਹ ਦੁਕਾਨਦਾਰਾਂ, ਆੜ੍ਹਤੀਆਂ, ਵਪਾਰੀਆਂ ਆਦਿ ਨੇ ਆਪਣੇ ਕਾਰੋਬਾਰ ਬੰਦ ਰੱਖ ਕੇ ਕਿਸਾਨ ਯੂਨੀਅਨਾਂ ਦੇ ਧਰਨੇ ਵਿੱਚ ਸ਼ਮੂਲੀਅਤ ਕੀਤੀ।
ਸਰਦੂਲਗੜ੍ਹ (ਬਲਜੀਤ ਸਿੰਘ): ਅੱਜ ਭਾਰਤ ਬੰਦ ਦੇ ਸੱਦੇ ਨੂੰ ਭਰਵਾਂ ਹੁੰਗਾਰਾ ਮਿਲਿਆ। ਇਸ ਬੰਦ ਦੌਰਾਨ ਆਮ ਲੋਕਾਂ ਨੇ ਆਪਣੇ ਕਾਰੋਬਾਰ ਬੰਦ ਕਰਕੇ ਕਿਸਾਨਾਂ ਦਾ ਸਾਥ ਦਿੱਤਾ। ਇਸ ਮੌਕੇ ਕਿਸਾਨ ਆਗੂ ਮਨਜੀਤ ਸਿੰਘ ਉਲਕ ਤੇ ਕਾਮਰੇਡ ਆਤਮਾ ਰਾਮ ਨੇ ਕਾਨੂੰਨ ਵਾਪਸ ਹੋਣ ਤੱਕ ਵਿਰੋਧ ਜਾਰੀ ਰੱਖਣ ਦਾ ਐਲਾਨ ਕੀਤਾ।
ਅਬੋਹਰ (ਸੁੰਦਰ ਨਾਥ ਆਰੀਆ): ਭਾਰਤ ਬੰਦ ਦੇ ਸੱਦੇ ਤਹਿਤ ਅਬੋਹਰ ਬੰਦ ਨੂੰ ਭਰਵਾਂ ਹੁੰਗਾਰਾ ਮਿਲਿਆ। ਇਸ ਦੌਰਾਨ ਸਿਆਸੀ ਤੇ ਵਾਪਰਕ ਜਥੇਬੰਦੀਆਂ ਤੋਂ ਇਲਾਵਾ ਮੋਚੀਆਂ ਵੱਲੋਂ ਬੰਦ ਨੂੰ ਸਮਰਥਨ ਦਿੱਤਾ ਗਿਆ। ਇਸੇ ਤਰ੍ਹਾਂ ਕਾਂਗਰਸ ਵੱਲੋਂ ਆਲਮਗੜ੍ਹ ਬਾਈਪਾਸ ‘ਤੇ ਆਗੂ ਸੰਦੀਪ ਜਾਖੜ ਦੀ ਅਗਵਾਈ ਹੇਠ ਧਰਨਾ ਲਗਾਕੇ ਚੱਕਾ ਜਾਮ ਕੀਤਾ ਗਿਆ। ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵੱਲੋਂ ਸ਼੍ਰੀਗੰਗਾਨਗਰ ਰੋਡ ਜਾਮ ਕੀਤਾ ਗਿਆ।
ਝੁਨੀਰ (ਸੁਰਜੀਤ ਵਸ਼ਿਸ਼ਟ): ਇਲਾਕਾ ਝੁਨੀਰ ਦੀਆਂ 3 ਦਰਜਨ ਤੋਂ ਵੱਧ ਕਿਸਾਨ-ਮਜ਼ਦੂਰ ਜਥੇਬੰਦੀਆਂ ਵੱਲੋਂ ਅੱਜ ਕਸਬਾ ਝੁਨੀਰ ਅਤੇ ਇਸ ਖੇਤਰ ਦੇ 4 ਦਰਜਨ ਤੋਂ ਵੱਧ ਪਿੰਡਾਂ ’ਚ ਭਾਰਤ ਬੰਦ ਦੇ ਸੱਦੇ ਨੂੰ ਭਰਵਾਂ ਹੁੰਗਾਰਾ ਦਿੱਤਾ ਗਿਆ। ਇਸ ਦੌਰਾਨ ਮੋਦੀ ਸਰਕਾਰ ਦਾ ਪਿੱਟ ਸਿਆਪਾ ਕੀਤਾ।
ਬਰੇਟਾ (ਸੱਤ ਪ੍ਰਕਾਸ਼ ਸਿੰਗਲਾ): ਖੇਤੀ ਕਾਨੂੰਨਾਂ ਵਿਰੁੱਧ ਕਿਸਾਨ ਜਥੇਬੰਦੀਆਂ ਦੇ ਭਾਰਤ ਬੰਦ ਦੇ ਸੱਦੇ ਅਨੁਸਾਰ ਇੱਥੇ ਕਿਸਾਨ ਜਥੇਬੰਦੀਆਂ ਤੇ ਹੋਰ ਜਥੇਬੰਦੀਆਂ ਵੱਲੋਂ ਸਾਂਝਾ ਕਿਸਾਨ ਮੋਰਚਾ ਅਧੀਨ ਇੱਥੋਂ ਦੇ ਮੁੱਖ ਮਾਰਗ ਕੈਚੀਆਂ ਉਤੇ ਧਰਨਾ ਲਗਾ ਕੇ ਟਰੈਫਿਕ ਜਾਮ ਰੱਖਿਆ ਗਿਆ। ਇਸ ਦੌਰਾਨ ਵੱਖ-ਵੱਖ ਬੁਲਾਰਿਆਂ ਵੱਲੋਂ ਕੇਂਦਰੀ ਕਾਨੂੰਨਾਂ ਵਿਰੁੱਧ ਵਿਚਾਰ ਰੱਖੇ ਗਏ ਅਤੇ ਸਰਕਾਰਾਂ ਵਿਰੁੱਧ ਨਾਅਰੇਬਾਜ਼ੀ ਕੀਤੀ ਗਈ।
ਲੱਖੇਵਾਲੀ (ਜਸਪ੍ਰੀਤ ਸੇਖੋਂ): ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਅਤੇ ਪੰਜਾਬ ਖੇਤ ਮਜ਼ਦੂਰ ਯੂਨੀਅਨ ਵੱਲੋਂ ਪਿੰਡ ਮਹਾਂਬੱਧਰ ਵਿੱਚ ਸ੍ਰੀ ਮੁਕਤਸਰ ਅਬੋਹਰ ਮਾਰਗ ’ ਤੇ ਧਰਨਾ ਲਗਾ ਕੇ ਆਵਾਜਾਈ ਬੰਦ ਕੀਤੀ ਗਈ। ਯੂਨੀਅਨਾਂ ਦੇ ਇਸ ਧਰਨੇ ਨੂੰ ਡੇਮੋਕ੍ਰੈਟਿਕ ਟੀਚਰ ਫਰੰਟ , ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਅਤੇ ਸਹਿਕਾਰੀ ਖੇਤੀਬਾੜੀ ਸਭਾ ਵੱਲੋ ਵੀ ਹਮਾਇਤ ਦਿੱਤੀ ਗਈ। ਇਸ ਮੌਕੇ ਕਿਸਾਨ ਯੂਨੀਅਨ ਆਗੂਆਂ ਗੁਰਾਂ ਦਿੱਤਾ ਸਿੰਘ ਭਾਗਸਰ, ਇਕਾਈ ਪ੍ਰਧਾਨ ਹਰਫੂਲ ਸਿੰਘ ਭਾਗਸਰ ਤੇ ਤਰਸੇਮ ਸਿੰਘ ਖੁੰਡੇਹਲਾਲ ਸਣੇ ਹੋਰਨਾਂ ਨੇ ਸੰਬੋਧਨ ਕੀਤਾ।
ਕਾਲਾਂਵਾਲੀ (ਪੱਤਰ ਪ੍ਰੇਰਕ): ਭਾਰਤ ਬੰਦ ਨੂੰ ਮੰਡੀ ਕਾਲਾਂਵਾਲੀ ਵਿੱਚ ਭਰਵਾਂ ਹੁੰਗਾਰਾ ਮਿਲਿਆ। ਕਿਸਾਨਾਂ ਦੇ ਸਮਰਥਨ ਵਿੱਚ ਮੰਡੀ ਦੇ ਸਾਰੇ ਬਾਜ਼ਾਰ ਬੰਦ ਰਹੇ ਇੱਥੇ ਤੱਕ ਕਿ ਸਬਜ਼ੀ ਦੀਆਂ ਰੇਹੜੀਆਂ ਵੀ ਨਹੀਂ ਲੱਗੀਆਂ। ਕਿਸਾਨਾਂ ਦੇ ਸਮਰਥਨ ਵਿੱਚ ਬੀਤੇ ਕੱਲ੍ਹ ਵਪਾਰਕ ਅਤੇ ਸਮਾਜਕ ਸੰਗਠਨਾਂ ਵੱਲੋਂ ਮੀਟਿੰਗ ਕਰਕੇ ਭਾਰਤ ਬੰਦ ਦਾ ਸਮਰਥਨ ਕਰਨ ਦਾ ਫ਼ੈਸਲਾ ਲਿਆ ਗਿਆ ਸੀ। ਬੰਦ ਨੂੰ ਲੈ ਕੇ ਕਿਸਾਨ, ਵਪਾਰਕ ਅਤੇ ਸਮਾਜਕ ਜਥੇਬੰਦੀਆਂ ਦੇ ਲੋਕ ਅਨਾਜ ਮੰਡੀ ਵਿੱਚ ਇਕੱਠੇ ਹੋਏ। ਇਸ ਦੌਰਾਨ ਕਾਲਾਂਵਾਲੀ ਦੇ ਵਿਧਾਇਕ ਸ਼ੀਸ਼ਪਾਲ ਕੇਹਰਵਾਲਾ ਵੀ ਮੌਜੂਦ ਸਨ। ਇਸ ਦੌਰਾਨ ਜਥੇਬੰਦੀਆਂ ਨੇ ਪ੍ਰਦਰਸ਼ਨ ਮਗਰੋਂ ਨਾਇਬ ਤਹਿਸੀਲਦਾਰ ਨੂੰ ਮੰਗ ਪੱਤਰ ਸੌਂਪਿਆ।
ਸਿਰਸਾ (ਪ੍ਰਭੂ ਦਿਆਲ): ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਕਿਸਾਨ ਜਥੇਬੰਦੀਆਂ ਵੱਲੋਂ ਦਿੱਤੇ ਗਏ ਭਾਰਤ ਬੰਦ ਦੇ ਸੱਦੇ ਨੂੰ ਸਿਰਸਾ ‘ਚ ਭਰਵਾਂ ਹੁੰਗਾਰਾ ਮਿਲਿਆ ਹੈ। ਜਿਥੇ ਸ਼ਹਿਰ ਅਤੇ ਕਸਬਿਆਂ ਦੇ ਬਾਜ਼ਾਰ ਪੂਰੀ ਤਰ੍ਹਾਂ ਬੰਦ ਰਹੇ ਉਥੇ ਹੀ ਬੰਦ ਦਾ ਅਸਰ ਪਿੰਡਾਂ ਵਿੱਚ ਵੀ ਵੇਖਣ ਨੂੰ ਮਿਲਆ। ਸਿਰਸਾ ਸ਼ਹਿਰ ਦੇ ਨਾਲ ਰਾਣੀਆਂ, ਨਾਥੂਸਰੀ ਚੌਪਟਾ ਕਸਬੇ ਦੇ ਬਾਜ਼ਾਰ ਵੀ ਪੂਰੀ ਤਰ੍ਹਾਂ ਬੰਦ ਰਹੇ। ਇਸ ਦੌਰਾਨ ਜ਼ਿਲ੍ਹਾ ਬਾਰ ਐਸੋਸੀਏਸ਼ਨ ਦੇ ਵਕੀਲਾਂ ਤੋਂ ਇਲਾਵਾ ਟਾਈਪਿਸਟ ਐਸੋਸੀਏਸ਼ਨ ਤੇ ਕਈ ਹੋਰ ਜਥੇਬੰਦੀਆਂ ਨੇ ਵੀ ਬੰਦ ‘ਚ ਵੱਧ ਚੜ੍ਹਕੇ ਸ਼ਿਰਕਤ ਕੀਤੀ।
ਭੀਖੀ (ਕਰਨ ਭੀਖੀ): ਭਾਰਤ ਬੰਦ ਦੇ ਸੱਦੇ ’ਤੇ ਬਰਨਾਲਾ ਚੌਕ ਵਿੱਚ ਸਾਂਝਾ ਮੋਰਚਾ ਵੱਲੋਂ ਧਰਨਾ ਦਿੱਤਾ ਗਿਆ। ਮਜ਼ਦੂਰ, ਕਿਸਾਨ, ਆੜ੍ਹਤੀਆ ਅਤੇ ਮੁਲਾਜ਼ਮ ਜਥੇਬੰਦੀਆਂ ਦੇ ਆਗੂਆਂ ਨੇ ਇਸ ਧਰਨੇ ਨੂੰ ਸੰਬੋਧਨ ਕੀਤਾ। ਇਸ ਮੌਕੇ ਸੰਬੋਧਨ ਕਰਦਿਆਂ ਬੁਲਾਰਿਆਂ ਨੇ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਵੱਲੋਂ ਹਰ ਵਰਗ ਦੁਖੀ ਹੈ, ਦੇਸ਼ ਨਿਘਾਰ ਵੱਲ ਜਾ ਰਿਹੈ ਹੈ, ਜੋ ਵੀ ਨੀਤੀਆਂ ਮੋਦੀ ਸਰਕਾਰ ਵੱਲੋਂ ਲਿਆਂਦੀਆਂ ਗਈਆਂ ਹਨ ਉਹ ਦੇਸ਼ ਦੇ ਹਰ ਵਰਗ ਲਈ ਨੁਕਸਾਨ ਦੇ ਸਾਬਤ ਹੋਈਆਂ ਹਨ।
ਰਾਮਪੁਰਾ ਫੂਲ (ਗੁਰਵਿੰਦਰ ਸਿੰਘ): ਇਨਕਲਾਬੀ ਕੇਂਦਰ ਪੰਜਾਬ ਅਤੇ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਵਲੋਂ 30 ਕਿਸਾਨ ਜਥੇਬੰਦੀਆਂ ਦੇ ਸੱਦੇ ’ਤੇ ਹਜ਼ਾਰਾਂ ਲੋਕ ਪਹਿਲਾਂ ਰਾਮਪੁਰਾ ਫੂਲ ਦੇ ਰੇਲਵੇ ਸਟੇਸ਼ਨ ਨੇੜੇ ਪੱਕੇ ਧਰਨੇ ਵਾਲੀ ਜਗ੍ਹਾ ਇਕੱਠੇ ਹੋਏ ਤੇ ਮੋਦੀ ਸਰਕਾਰ ਖ਼ਿਲਾਫ਼ ਜ਼ੋਰਦਾਰ ਨਾਅਰੇਬਾਜ਼ੀ ਕਰਦਿਆਂ ਮੌੜ ਚੌਕ ਪੁੱਜੇ ਜਿੱਥੇ ਉਨ੍ਹਾਂ ਦੁਆਰਾ ਘੰਟਿਆਂ ਬੱਧੀ ਸੜਕੀਂ ਆਵਾਜਾਈ ਠੱਪ ਕੀਤੀ ਗਈ। ਇਨਕਲਾਬੀ ਕੇਂਦਰ ਪੰਜਾਬ ਦੇ ਸੂਬਾ ਆਗੂ ਮੁਖਤਿਆਰ ਸਿੰਘ ਪੂਹਲਾ ਅਤੇ ਹਰਮੇਸ਼ ਕੁਮਾਰ ਰਾਮਪੁਰਾ, ਬੀਕੇਯੂ ਡਕੌਂਦਾ ਦੇ ਸੀਨੀਅਰ ਆਗੂ ਸੁਖਮੰਦਰ ਸਿੰਘ ਫੂਲੇਵਾਲਾ ਨੇ ਇਸ ਦੌਰਾਨ ਸੰਬੋਧਨ ਕੀਤਾ। ਇਸ ਤੋਂ ਇਲਾਵਾ ਬੀਕੇਯੂ ਏਕਤਾ ਉਗਰਾਹਾਂ ਦੀ ਅਗਵਾਈ ਹੇਠ ਸ਼ਹਿਰ ਦੇ ਅੰਦਰਲੇ ਫਾਟਕਾਂ ਤੇ ਬਠਿੰਡਾ ਅੰਬਾਲਾ ਰੇਲ ਮਾਰਗ ਦੀ ਆਵਾਜਾਈ ਜਾਮ ਕੀਤੀ ਗਈ।
ਦੋਦਾ (ਜਸਵੀਰ ਸਿੰਘ ਭੁੱਲਰ): ਅੱਜ ਦੋਦਾ ਬਲਾਕ ਦੇ ਦੋਦਾ, ਭੁੱਲਰ, ਕਾਉਣੀ, ਗੂੜੀਸੰਘਰ, ਸੂਰੇਵਾਲਾ, ਖਿੜਕੀਆਂਵਾਲਾ, ਭੁੱਟੀਵਾਲਾ, ਆਸਾ ਬੁੱਟਰ, ਸੂਰੇਵਾਲਾ,ਮੱਲਣ, ਧੂਲਕੋਟ, ਕੋਠੇ ਸੁਰਗਾਪੁਰੀ, ਰਣ ਸਿੰਘ ਵਾਲੇ, ਕੇਸਰ ਸਿੰਘ ਵਾਲੇ, ਲੁਹਾਰਾ , ਸੁਖਨਾ ਅਬਲੂ, ਭਲਾਈਆਣਾ ਆਦਿ ਪਿੰਡਾਂ ਦੇ ਕਿਸਾਨਾਂ ਵੱਲੋਂ ਕੇਂਦਰ ਖ਼ਿਲਾਫ਼ ਰੋਸ ਪ੍ਰਗਟਾਇਆ ਗਿਆ। ਕਿਸਾਨਾਂ ਵੱਲੋਂ ਇਸ ਧਰਨੇ ਦੀ ਸ਼ੁਰੂਆਤ ਅਰਦਾਸ ਕਰਕੇ ਕੀਤੀ ਗਈ।
ਜ਼ੀਰਾ (ਪੱਤਰ ਪ੍ਰੇਰਕ): ਕਿਸਾਨ- ਮਜ਼ਦੂਰ ਸੰਘਰਸ਼ ਕਮੇਟੀ ਦੀ ਅਗਵਾਈ ਹੇਠ ਅੱਜ ਕਿਸਾਨ ਜਥੇਬੰਦੀ ਵੱਲੋਂ ਭਾਰਤ ਬੰਦ ਦੇ ਸੱਦੇ ਤੇ ਸ਼ਹਿਰ ਵਿਚ ਮਾਰਚ ਕਰਕੇ ਮੇਨ ਚੌਕ ਵਿਚ ਧਰਨਾ ਦੇ ਕੇ ਆਵਾਜਾਈ ਠੱਪ ਕੀਤੀ ਗਈ। ਇਸ ਮੌਕੇ ਧਰਨੇ ਨੂੰ ਸੰਬੋਧਨ ਕਰਦਿਆਂ ਜ਼ਿਲ੍ਹਾ ਪ੍ਰੈੱਸ ਸਕੱਤਰ ਸੁਖਵੰਤ ਸਿੰਘ ਲਹੁਕਾ, ਜ਼ੋਨ ਪ੍ਰਧਾਨ ਬਲਵਿੰਦਰ ਸਿੰਘ ਨੇ ਕਿਹਾ ਕਿ ਕੇਂਦਰ ਸਰਕਾਰ ਨੇ ਕਾਨੂੰਨਾਂ ਸਬੰਧੀ ਅੜੀਅਲ ਰਵੱਈਆ ਅਪਣਾਇਆ ਹੋਇਆ ਹੈ।
ਬਰਨਾਲਾ-ਅੰਮ੍ਰਿਤਸਰ ਕੌਮੀ ਮਾਰਗ ’ਤੇ ਚੱਕਾ ਜਾਮ
ਟੱਲੇਵਾਲ (ਲਖਵੀਰ ਸਿੰਘ ਚੀਮਾ): ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵਲੋਂ ਪਿੰਡ ਭੋਤਨਾ ਵਿੱਚ ਬਰਨਾਲਾ-ਅੰਮ੍ਰਿਤਸਰ ਕੌਮੀ ਮਾਰਗ ਜਾਮ ਕਰਕੇ ਧਰਨਾ ਲਗਾਇਆ ਗਿਆ। ਇਸ ਮੌਕੇ ਸੂਬਾ ਆਗੂ ਹਰਦੀਪ ਸਿੰਘ ਟੱਲੇਵਾਲ, ਸੁਖਦੇਵ ਸਿੰਘ ਭੋਤਨਾ, ਸੰਦੀਪ ਸਿੰਘ ਚੀਮਾ, ਦਰਸ਼ਨ ਸਿੰਘ ਅਤੇ ਗੁਰਨਾਮ ਸਿੰਘ ਨੇ ਕਿਹਾ ਕਿ ਖੇਤੀ ਕਾਨੂੰਨਾਂ ਵਿਰੁੱਧ ਪੰਜਾਬ ਤੋਂ ਉਠੀ ਲਹਿਰ ਹੁਣ ਪੂਰੇ ਦੇਸ਼ ਪੱਧਰ ’ਤੇ ਪਹੁੰਚ ਗਈ ਹੈ। ਸਮੁੱਚੇ ਦੇਸ਼ ਦਾ ਅੰਨਦਾਤਾ ਇਨ੍ਹਾਂ ਕਾਨੂੰਨਾਂ ਦਾ ਵਿਰੋਧ ਕਰ ਰਿਹਾ ਹੈ, ਪਰ ਮੋਦੀ ਹਕੂਮਤ ਧੱਕੇ ਨਾਲ ਕਾਰਪੋਰੇਟ ਪੱਖੀ ਕਾਨੂੰਨਾਂ ਕਿਸਾਨਾਂ ’ਤੇ ਥੋਪ ਰਹੀ ਹੈ। ਉਨ੍ਹਾਂ ਕਿਹਾ ਕਿ ਭਾਵੇਂ ਸੰਘਰਸ਼ ਲੜਨਾ ਪਵੇ, ਕਿਸਾਨ ਇਨ੍ਹਾਂ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਦ੍ਰਿੜ ਹਨ।
ਰੋਹ ਵਿੱਚ ਮਘੀ ਸ਼ਹਿਰੀ ਤੇ ਪੇਂਡੂ ਜ਼ਿੰਦਗੀ
ਲੰਬੀ (ਇਕਬਾਲ ਸਿੰਘ ਸ਼ਾਂਤ): ਖੇਤੀ ਕਾਨੂੰਨਾਂ ਖਿਲਾਫ਼ ਅੱਜ ਭਾਰਤ ਬੰਦ ਮੌਕੇ ਲੰਬੀ ਹਲਕੇ ਦੀ ਸ਼ਹਿਰੀ ਅਤੇ ਪੇਂਡੂ ਆਮ ਜ਼ਿੰਦਗੀ ਸਵੈ-ਇੱਛਾ ਨਾਲ ਕਿਸਾਨ ਸੰਘਰਸ਼ ਦੀ ਹਮਾਇਤ ਵਿੱਚ ਸੜਕਾਂ ’ਤੇ ਉੱਤਰ ਆਈ। ਹਲਕੇ ਦੇ ਸਮੂਹ ਪਿੰਡਾਂ ਵਿੱਚ ਦੁਕਾਨਾਂ ਅਤੇ ਕਾਰੋਬਾਰ ਪੂਰੀ ਤਰ੍ਹਾਂ ਬੰਦ ਰਹੇ। ਬੰਦ ਤਹਿਤ ਇਲਾਕਾ ਲੰਬੀ ਦੀਆਂ ਜਨਤਕ ਜਥੇਬੰਦੀਆਂ ’ਤੇ ਆਧਾਰਤ ਕਿਸਾਨ ਸੰਘਰਸ਼ ਸਮਰਥਨ ਕਮੇਟੀ ਦੀ ਅਗਵਾਈ ਵਿੱਚ ਲੰਬੀ ਵਿੱਚ ਬੱਸ ਅੱਡੇ ’ਤੇ ਕੌਮੀ ਸ਼ਾਹ ਰਾਹ 9 ’ਤੇ ਵਿਸ਼ਾਲ ਧਰਨਾ ਦਿੱਤਾ ਗਿਆ। ਇਸੇ ਤਰ੍ਹਾਂ ਦੋਧੀ ਯੂਨੀਅਨ ਹਲਕਾ ਲੰਬੀ ਨੇ ਭਾਰਤ ਬੰਦ ਦੀ ਹਮਾਇਤ ’ਚ ਹੜਤਾਲ ਰੱਖੀ। ਸਿੰਘੇਵਾਲਾ ਅਤੇ ਵੜਿੰਗਖੇੜਾ ਵਿੱਚ ਵੀ ਮੋਦੀ ਸਰਕਾਰ ਖਿਲਾਫ਼ ਨਾਅਰੇਬਾਜ਼ੀ ਕੀਤੀ ਗਈ। ਲੰਬੀ ਵਿਖੇ ਧਰਨੇ ਨੂੰ ਭਾਕਿਯੂ ਏਕਤਾ ਉਗਰਾਹਾਂ ਦੇ ਬਲਾਕ ਮੀਤ ਪ੍ਧਾਨ ਹਰਪਾਲ ਸਿੰਘ ਕਿੱਲਿਆਂਵਾਲੀ ਤੇ ਮਨੋਹਰ ਸਿੰਘ ਸਿੱਖਵਾਲਾ ਸਣੇ ਹੋਰਨਾਂ ਨੇ ਆਗੂਆਂ ਨੇ ਸੰਬੋਧਨ ਕੀਤਾ।
ਅੰਦੋਲਨ ਦੇ ਸ਼ਹੀਦਾਂ ਸ਼ਰਧਾਂਜਲੀਆਂ
ਸੰਗਤ ਮੰਡੀ (ਧਰਮਪਾਲ ਸਿੰਘ ਤੂਰ): ਦੇਸ਼ ਦੀਆਂ ਸਮੂਹ ਕਿਸਾਨ ਜਥੇਬੰਦੀਆਂ ਵੱਲੋਂ ਖੇਤੀ ਮਾਰੂ ਕਾਲੇ ਕਾਨੂੰਨਾਂ ਖ਼ਿਲਾਫ਼ ਦਿੱਤੇ ਭਾਰਤ ਬੰਦ ਦੇ ਸੱਦੇ ਤਹਿਤ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਬਲਾਕ ਸੰਗਤ ਵੱਲੋਂ ਬਠਿੰਡਾ ਬਾਦਲ ਮਾਰਗ ਉੱਤੇ ਪੈਂਦੇ ਪਿੰਡ ਘੁੱਦਾ ਵਿੱਚ ਜਾਮ ਲਾਇਆ ਗਿਆ, ਜਿਸ ਵਿੱਚ ਵੱਡੀ ਗਿਣਤੀ ਲੋਕਾਂ ਨੇ ਹਿੱਸਾ ਲਿਆ। ਇਸ ਦੌਰਾਨ ਬੁਲਾਰਿਆਂ ਨੇ ਕੇਂਦਰ ਸਰਕਾਰ ਤੋਂ ਖੇਤੀ ਕਾਨੂੰਨ ਤੇ ਦੋ ਆਰਡੀਨੈਂਸ ਵਾਪਸ ਲੈਣ ਦੀ ਮੰਗ ਕੀਤੀ। ਇਸ ਇਕੱਠ ਵਿੱਚ ਮੌਜੂਦਾ ਕਿਸਾਨ ਸੰਘਰਸ਼ ਦੌਰਾਨ ਸ਼ਹੀਦ ਹੋਏ ਅੰਦੋਲਨਕਾਰੀਆਂ ਨੂੰ 2 ਮਿੰਟ ਦਾ ਮੌਨ ਧਾਰ ਕੇ ਸ਼ਰਧਾਂਜਲੀ ਭੇਟ ਕੀਤੀ।