ਚਰਨਜੀਤ ਭੁੱਲਰ
ਚੰਡੀਗੜ੍ਹ, 8 ਦਸੰਬਰ
ਕਿਸਾਨ ਅੰਦੋਲਨ ਨੇ ਪੰਜਾਬ ’ਚ ਸਿਆਸੀ ਗਰੂਰ ਤੋੜ ਦਿੱਤਾ ਹੈ। ਦਿੱਲੀ ਘੋਲ ਨੇ ਭਾਵੁਕ ਤੇ ਚੇਤੰਨ ਮਾਹੌਲ ਸਿਰਜ ਦਿੱਤਾ ਹੈ। ਪੰਜਾਬ ’ਚ ਕਿਸਾਨੀ ਤੋਂ ਬਿਨਾਂ ਕਿਸੇ ਸਿਆਸੀ ਨੇਤਾ ਦੀ ਹੁਣ ਕੋਈ ਵੁੱਕਤ ਨਹੀਂ ਰਹੀ। ਵਿਆਹਾਂ ਤੇ ਭੋਗਾਂ ’ਤੇ ਵੀ ਸਿਆਸੀ ਆਗੂਆਂ ਨੂੰ ਪੇਂਡੂ ਲੋਕ ਸੱਦਣ ਤੋਂ ਗੁਰੇਜ ਕਰਨ ਲੱਗੇ ਹਨ। ਹਾਕਮ ਧਿਰ ਦੇ ਵਿਧਾਇਕਾਂ ਅਤੇ ਵਜ਼ੀਰਾਂ ਨੂੰ ‘ਦਿੱਲੀ ਘੋਲ’ ਨੇ ਵਿਹਲੇ ਕਰ ਦਿੱਤਾ ਹੈ। ਸਿਆਸੀ ਧਿਰਾਂ ਆਪਣੇ ਵਜੂਦ ਖਾਤਰ ’ਕਿਸਾਨ-ਕਿਸਾਨ’ ਦਾ ਜਾਪ ਕਰ ਰਹੀਆਂ ਹਨ। ਜ਼ਿਲ੍ਹਾ ਸੰਗਰੂਰ ਅਤੇ ਮੁਕਤਸਰ ਦੇ ਦੋ ਵਿਧਾਇਕਾਂ ਨੂੰ ਦਿੱਲੀ ਘੋਲ ’ਚ ਜਾਣ ਸਮੇਂ ਟਰੈਕਟਰਾਂ ’ਤੇ ਕਿਸਾਨ ਯੂਨੀਅਨ ਦੇ ਝੰਡੇ ਲਾਉਣੇ ਪਏ। ਭਿਣਕ ਪੈਣ ’ਤੇ ਯੂਨੀਅਨਾਂ ਨੇ ਸਿਆਸੀ ਆਗੂ ਰਾਹਾਂ ’ਚੋਂ ਹੀ ਵਾਪਸ ਮੋੜ ਦਿੱਤੇ। ਸ਼੍ਰੋਮਣੀ ਅਕਾਲੀ ਦਲ ਦਾ ਸੰਗਰੂਰ ਵਿਚਲਾ ਹਲਕਾ ਇੰਚਾਰਜ ਟਰੈਕਟਰ ’ਤੇ ਕਿਸਾਨ ਯੂਨੀਅਨ ਦਾ ਝੰਡਾ ਲਾ ਕੇ ਦਿੱਲੀ ਵਿੱਚ ਦਾਖ਼ਲ ਹੋਇਆ। ਬਹੁਤੇ ਸਿਆਸੀ ਆਗੂ ਤਾਂ ਹੁਣ ਚੁੱਪ-ਚੁਪੀਤੇ ਵਿਚਰਦੇ ਹਨ। ਵਜ਼ੀਰ ਵੀ ਪਾਇਲਟ ਗੱਡੀ ਲਿਜਾਣ ਤੋਂ ਕਿਨਾਰਾ ਕਰਨ ਲੱਗੇ ਹਨ। ਸਭਨਾਂ ਸਿਆਸੀ ਧਿਰਾਂ ਵੱਲੋਂ ਆਪਣੇ ਪਿੰਡ ਪੱਧਰ ’ਤੇ ਆਗੂਆਂ ਨੂੰ ਦਿੱਲੀ ਇਕੱਠ ’ਚ ਭੇਜਿਆ ਗਿਆ ਹੈ ਤਾਂ ਜੋ ਸਿਆਸੀ ਹੋਂਦ ਬਰਕਰਾਰ ਰਹਿ ਸਕੇ। ਫਤਹਿਗੜ੍ਹ ਸਾਹਿਬ ਦੇ ਪਿੰਡ ਬੁੱਗਾ ਕਲਾਂ ਦੇ ਬੂਟਾ ਸਿੰਘ ਨੇ ਦੱਸਿਆ ਕਿ ਵਿਆਹਾਂ ਮੌਕੇ ਹੁਣ ਜਦੋਂ ਕੋਈ ਸਿਆਸੀ ਨੇਤਾ ਆਉਂਦਾ ਹੈ ਤਾਂ ਪਹਿਲਾਂ ਵਾਂਗ ਲੀਡਰਾਂ ਦੁਆਲੇ ਇਕੱਠ ਨਹੀਂ ਜੁੜਦਾ।
ਦੇਖਿਆ ਜਾਵੇ ਤਾਂ ਜਦੋਂ ਪੰਜਾਬ ਅਸੈਂਬਲੀ ’ਚ ਖੇਤੀ ਸੋਧ ਬਿੱਲ ਪਾਸ ਕੀਤੇ ਗਏ ਤਾਂ ਕਾਂਗਰਸ ਨੇ ਅਮਰਿੰਦਰ ਨੂੰ ‘ਖੇਤੇ ਦੇ ਰਾਖੇ’ ਵਜੋਂ ਪ੍ਰਚਾਰਨਾ ਸ਼ੁਰੂ ਕੀਤਾ, ਪਰ ਇਹ ਮੁਹਿੰਮ ਪਿੰਡਾਂ ਵਿੱਚ ਮੂਧੇ ਮੂੰਹ ਡਿੱਗ ਪਈ। ਇਸੇ ਤਰ੍ਹਾਂ ਸ਼੍ਰੋਮਣੀ ਅਕਾਲੀ ਦਲ ਵੱਲੋਂ ਸੰਸਦ ਮੈਂਬਰ ਹਰਸਿਮਰਤ ਕੌਰ ਦੇ ਅਸਤੀਫ਼ੇ ਨੂੰ ਲੈ ਕੇ ਵੱਡੀ ਲਹਿਰ ਖੜ੍ਹੀ ਕਰਨ ਲਈ ਪ੍ਰਚਾਰ ਸ਼ੁਰੂ ਕੀਤਾ ਤਾਂ ਉਸ ਨੂੰ ਵੀ ਲੋਕਾਂ ਨੇ ਹੁੰਗਾਰਾ ਨਹੀਂ ਦਿੱਤਾ। ‘ਆਪ’ ਦੇ ਆਗੂਆਂ ਨੂੰ ਵੀ ਪਹਿਲਾਂ ਵਾਲੀ ਤਵੱਜੋ ਨਹੀਂ ਮਿਲਦੀ ਹੈ।
ਤਲਵੰਡੀ ਸਾਬੋ ਹਲਕੇ ’ਚ ਇੱਕ ਸਿਆਸੀ ਧਿਰ ਨਾਲ ਜੁੜੇ ਪੇਂਡੂ ਆਗੂ ਦੇ ਘਰ ਵਿਆਹ ਸੀ ਜਿਥੇ ਉਸ ਨੇ ਆਪਣੇ ਵੱਡੇ ਆਗੂਆਂ ਨੂੰ ਸੱਦਣ ਤੋਂ ਪਾਸਾ ਵੱਟ ਲਿਆ। ਮੋਗਾ ਜ਼ਿਲ੍ਹੇ ਦੇ ਸਮਾਲਸਰ ਦੇ ਡਾ. ਰਾਜ ਦੁਲਾਰ ਨੇ ਦੱਸਿਆ ਕਿ ਵਿਆਹਾਂ ਤੇ ਭੋਗਾਂ ਤੋਂ ਇਲਾਵਾ ਸਮਾਜਿਕ ਪ੍ਰੋਗਰਾਮਾਂ ’ਤੇ ਹੁਣ ਸਿਆਸੀ ਆਗੂ ਤਰਜੀਹੀ ਨਹੀਂ ਰਹੇ ਹਨ। ਬਠਿੰਡਾ ਦੇ ਪਿੰਡ ਬੱਲੋ ਦੇ ਡੇਅਰੀ ਮਾਲਕ ਜਸਵਿੰਦਰ ਛਿੰਦਾ ਨੇ ਦੱਸਿਆ ਕਿ ਸਿਆਸੀ ਆਗੂਆਂ ਨੂੰ ਲੋਕ ਦੁਆ ਸਲਾਮ ਕਰਨੋਂ ਹਟ ਗਏ ਹਨ। ਸਾਧਾਰਨ ਲੋਕ ਜੋ ਪਹਿਲਾਂ ਸਿਫ਼ਾਰਸ਼ ਨਾਲ ਸਿਆਸੀ ਨੇਤਾਵਾਂ ਨੂੰ ਆਪਣੇ ਸਿਆਸੀ ਸਮਾਰੋਹਾਂ ਵਿਚ ਬੁਲਾਉਂਦੇ ਸਨ, ਉਨ੍ਹਾਂ ਦੇ ਹੀਰੋ ਹੁਣ ਕਿਸਾਨ ਆਗੂ ਬਣ ਗਏ ਹਨ। ਸਿਆਸੀ ਝੰਡੇ ਪਿੰਡਾਂ ’ਚੋਂ ਗਾਇਬ ਹੋਏ ਹਨ ਅਤੇ ਕਿਸਾਨੀ ਝੰਡਿਆਂ ਦੀ ਚੌਧਰ ਬਣੀ ਹੈ। ਸਿਆਸੀ ਸਰਪੰਚਾਂ ਦੀ ਪੈਂਠ ਵੀ ਘਟੀ ਹੈ। ‘ਪੀਪਲਜ਼ ਫੋਰਮ’ ਦੇ ਖੁਸ਼ਵੰਤ ਬਰਗਾੜੀ ਆਖਦੇ ਹਨ ਕਿ ਕਿਸਾਨ ਘੋਲ ਨਾਲ ਸਮਾਜਿਕ ਚੇਤਨਾ ਦਾ ਪਸਾਰ ਹੋਇਆ ਹੈ, ਜਿਸ ਕਾਰਨ ਲੋਕਾਂ ’ਚ ਸਿਆਸੀ ਤਾਣੇ-ਬਾਣੇ ਖ਼ਿਲਾਫ਼ ਆਵਾਜ਼ ਬੁਲੰਦ ਕਰਨ ਦੀ ਹਿੰਮਤ ਵਧੀ ਹੈ। ਸਿਆਸੀ ਆਗੂਆਂ ਨੂੰ ਵੱਡਾ ਡਰ ਹੈ ਕਿ ਆਮ ਲੋਕ ਵੀ ਵੱਡੇ ਵੱਡੇ ਸੁਆਲ ਖੜ੍ਹੇ ਕਰਨ ਦੀ ਸੋਝੀ ਰੱਖਣ ਲੱਗੇ ਹਨ। ਦਿੱਲੀ ਮੋਰਚੇ ਦੀ ਸਟੇਜ ਤੋਂ ਸਿਆਸੀ ਆਗੂਆਂ ਨੂੰ ਬੁਲਾਉਣਾ ਤਾਂ ਦੂਰ ਦੀ ਗੱਲ, ਸਟੇਜ ਤੋਂ ਨਾਮ ਲੈਣੇ ਵੀ ਬੰਦ ਕੀਤੇ ਹਨ। ਪੰਡਾਲ ’ਚ ਬੈਠ ਕੇ ਨੇਤਾ ਲੋਕ ਹਾਜ਼ਰੀ ਲਵਾ ਰਹੇ ਹਨ। ਬੀਕੇਯੂ (ਉਗਰਾਹਾਂ) ਨੇ ਪੰਡਾਲ ’ਚ ਬੈਠਣ ਦੀ ਵੀ ਸਿਆਸੀ ਆਗੂਆਂ ਨੂੰ ਮਨਾਹੀ ਕੀਤੀ ਹੋਈ ਹੈ। ਕਿਸਾਨ ਆਗੂ ਗੁਰਦੀਪ ਰਾਮਪੁਰਾ ਨੇ ਦੱਸਿਆ ਕਿ ਫ਼ਰੀਦਕੋਟ ਵਿਚ ਪੁਲੀਸ ਨੂੰ ਯੂਨੀਅਨ ਦੇ ਦਾਖ਼ਲ ਮਗਰੋਂ ਇੱਕ ਦਰਜ ਕੀਤੇ ਝੂਠੇ ਕੇਸ ਵਿਚ ਆਖ਼ਰ ਮੋੜਾ ਕੱਟਣਾ ਪਿਆ। ਲੋਕ ਘਰੇਲੂ ਮਾਮਲਿਆਂ ਵਿੱਚ ਵੀ ਕਿਸਾਨ ਆਗੂਆਂ ਤੱਕ ਪਹੁੰਚ ਕਰਨ ਲੱਗੇ ਹਨ। ਥਾਣਿਆਂ ਤੇ ਕਚਹਿਰੀ ਵਿਚ ਕਿਸਾਨ ਆਗੂਆਂ ਨੂੰ ਵਧੇਰੇ ਇੱਜ਼ਤ ਮਿਲਣ ਲੱਗੀ ਹੈ। ਪਟਿਆਲਾ ਵਿੱਚ ਇੱਕ ਇਮੀਗਰੇਸ਼ਨ ਵਾਲੇ ਨੂੰ ਕਿਸਾਨ ਆਗੂਆਂ ਦੇ ਦਾਖ਼ਲ ਮਗਰੋਂ ਨੌਜਵਾਨ ਨਾਲ ਮਾਰੀ ਠੱਗੀ ਵਾਲੀ ਰਕਮ ਵਾਪਸ ਮੋੜਨੀ ਪਈ। ਬੀਕੇਯੂ (ਕਰਾਂਤੀਕਾਰੀ) ਦੇ ਪ੍ਰਧਾਨ ਸੁਰਜੀਤ ਸਿੰਘ ਫੂਲ ਨੇ ਦੱਸਿਆ ਕਿ ਪਿੰਡਾਂ ’ਚੋਂ ਹੁਣ ਸਮਾਜਿਕ ਪ੍ਰੋਗਰਾਮਾਂ ’ਤੇ ਕਿਸਾਨ ਆਗੂਆਂ ਨੂੰ ਸੱਦਣ ਲਈ ਲੋਕ ਸੱਦਾ ਪੱਤਰ ਭੇਜ ਰਹੇ ਹਨ। ਸ਼ਹਿਰੀ ਲੋਕਾਂ ਦੇ ਕਿਸਾਨ ਯੂਨੀਅਨਾਂ ਪ੍ਰਤੀ ਨਜ਼ਰੀਏ ਵਿੱਚ ਬਦਲਾਅ ਆਇਆ ਹੈ। ਸਿਆਸੀ ਇਕੱਠਾਂ ਵਿਚ ਭੀੜ ਜੁਟਾਉਣ ਲਈ ਵੀ ਸਿਆਸੀ ਲੋਕਾਂ ਨੂੰ ਵੱਡੇ ਪਾਪੜ ਵੇਲਣੇ ਪਿਆ ਕਰਨਗੇ। ਪਿੰਡਾਂ ’ਚ ਸਿਆਸੀ ਧੜੇਬੰਦੀ ਵੀ ਘਟਣ ਲੱਗੀ ਹੈ।
ਸਿਆਸੀ ਆਗੂਆਂ ਨੂੰ ਚੁਣੌਤੀ ਮਿਲੇਗੀ: ਡਾ. ਰੌਣਕੀ ਰਾਮ
ਪੰਜਾਬ ਯੂਨੀਵਰਸਿਟੀ ਦੇ ਸ਼ਹੀਦ ਭਗਤ ਸਿੰਘ ਚੇਅਰ ਪ੍ਰੋਫੈਸਰ ਡਾ. ਰੌਣਕੀ ਰਾਮ ਆਖਦੇ ਹਨ ਕਿ ਕਿਸਾਨ ਘੋਲ ਨੇ ਲੋਕਾਂ ਨੂੰ ਸਿਆਸੀ ਸਮਝ ਦਿੱਤੀ ਹੈ, ਜਿਸ ਕਾਰਨ ਭਵਿੱਖ ’ਚ ਲੋਕ ਸਿਆਸੀ ਨੇਤਾਵਾਂ ਨੂੰ ਪ੍ਰੋਗਰਾਮਾਂ ’ਤੇ ਬੁਲਾਉਣ ਤੋਂ ਵੀ ਗੁਰੇਜ਼ ਕਰਨਗੇ। ਲੋਕ ਸਮਝਣ ਲੱਗੇ ਹਨ ਕਿ ਸਿਆਸੀ ਆਗੂਆਂ ਨੇ ਹੀ ਲੋਕ ਰਾਜ ਦੇ ਅਖਾੜੇ ਨੂੰ ਮਖੌਲ ਬਣਾਇਆ ਹੈ। ਸਿਆਸੀ ਆਗੂ ਹੁਣ ਨਮੋਸ਼ੀ ਦੇ ਮਾਰੇ ਕਿਸਾਨੀ ਘੋਲ ਨੂੰ ਹੱਲਾਸ਼ੇਰੀ ਦੇ ਰਹੇ ਹਨ, ਪਰ ਕਿਸਾਨ ਧਿਰਾਂ ਉਨ੍ਹਾਂ ਨੂੰ ਮੂੰਹ ਨਹੀਂ ਲਾ ਰਹੀਆਂ।