ਦਰਸ਼ਨ ਸਿੰਘ ਮਿੱਠਾ
ਰਾਜਪੁਰਾ, 7 ਦਸੰਬਰ
ਇੱਥੇ ਸਥਿਤ ਰੋਟਰੀ ਭਵਨ ਵਿੱਚ ਲੋਕ ਸਹਿਤ ਸੰਗਮ ਦੀ ਸਾਹਿਤਕ ਇਕੱਤਰਤਾ ਸੰਸਥਾ ਦੇ ਪ੍ਰਧਾਨ ਡਾ. ਗੁਰਵਿੰਦਰ ਅਮਨ ਦੀ ਪ੍ਰਧਾਨਗੀ ਹੇਠ ਕੀਤੀ ਗਈ। ਇਸ ਦੌਰਾਨ ਰੋਟਰੀ ਕਲੱਬ ਦੇ ਅਗਾਮੀ ਪ੍ਰਧਾਨ ਜੋਗਿੰਦਰ ਬਾਂਸਲ ਨੇ ਖ਼ਾਸ ਮਹਿਮਾਨ ਵਜੋਂ ਸ਼ਿਰਕਤ ਕੀਤੀ। ਇਸ ਮੌਕੇ ਅਮਰਜੀਤ ਸਿੰਘ ਲੁਬਾਣਾ ਦੀ ਕਿਤਾਬ ‘ਮਿਲਾ ਨਹੀਂ ਤੁਮ ਸਾ’ ਰਿਲੀਜ਼ ਕੀਤੀ ਗਈ। ਡਾ. ਅਮਨ ਨੇ ਕਿਹਾ ਕਿ ਸਾਹਿਤ ਰਚਨਾ ਜ਼ਿੰਦਗੀ ਦੀ ਸਾਧਨਾ ਹੈ। ਉਨ੍ਹਾਂ ਸ੍ਰੀ ਲੁਬਾਣਾ ਨੂੰ ਵਧਾਈ ਦਿੰਦਿਆਂ ਕਿਹਾ ਕਿ ਇਹ ਕਿਤਾਬ ਉਨ੍ਹਾਂ ਦੀ ਸਾਹਿਤ ਸਾਧਨਾਂ ਦਾ ਹੀ ਸਿੱਟਾ ਹੈ। ਇਸ ਉਪਰੰਤ ਸਭਾ ਦਾ ਆਗਾਜ਼ ਕੁਲਵੰਤ ਜੱਸਲ ਨੇ ਤੂੰਬੀ ਦੀ ਟੁਣਕਾਰ ਨਾਲ ਰਾਂਝੇ ਨੇ ਧਾਹ ਮਾਰੀ ਨਾਲ ਕੀਤਾ। ਗੁਰਵਿੰਦਰ ਆਜ਼ਾਦ ਦੀ ਕਵਿਤਾ ‘ਕਦੇ ਚੰਦ ਵੱਲ ਤੱਕਾਂ ਕਦੇ ਤਾਰਿਆਂ ਦੇ ਵੱਲ ‘ਸੁਣਾ ਕੇ ਚੰਗਾ ਰੰਗ ਬੰਨ੍ਹਿਆ। ਸੁਰਿੰਦਰ ਸੋਹਣਾ ਨੇ ਅਜੋਕੇ ਪਾਖੰਡੀ ਸਾਧਾਂ ਤੇ ਨਿਸ਼ਾਨਾ ਸਾਧਿਆ। ਪ੍ਰੋ. ਸ਼ਤਰੂਘਨ ਗੁਪਤਾ ਨੇ ‘ਬਚਪਨ ਤੇਰੀ ਯਾਦ ਬਹੁਤ ਆਉਂਦੀ ਐ ‘ ਸੁਣਾ ਕੇ ਸਬ ਦਾ ਮਨ ਮੋਹ ਲਿਆ। ਸੁਨੀਤਾ ਦੇਸਰਾਜ ਦੀ ਕਵਿਤਾ ‘ਲਾਰਾ’ ਸੁਣਾਈ। ਤਾਰਾ ਸਿੰਘ ਮਾਠਿਅੜਾ ਨੇ ਬੁਲੰਦ ਆਵਾਜ਼ ਵਿਚ ਗੁਰੂ ਨਾਨਕ ਦੇਵ ਜੀ ਨੂੰ ਸਮਰਪਿਤ ਵਾਰ ਸੁਣਾਈ। ਬਚਨ ਸਿੰਘ ਬਚਨ ਸੋਢੀ ਦੀ ਤਰੰਨੁਮ ‘ਚ ਗ਼ਜ਼ਲ ਕਾਬਲੇ ਤਾਰੀਫ਼ ਸੀ। ਨਾਵਲਿਸਟ ਕੁਲਵੰਤ ਸ਼ਰਮਾ ਦਾ ਗੀਤ ਵਧੀਆ ਸੀ। ਲੋਕ ਕਵੀ ਕਰਮ ਸਿੰਘ ਹਕੀਰ ਨੇ ‘ਹਿੰਮਤ ਨਾ ਹਾਰੀ ਦਿਨ ਤੱਤੇ ਲੰਘ ਜਾਵਣਗੇ’ ਸੁਣਾ ਕੇ ਸਰੋਤਿਆਂ ਨੂੰ ਕੀਲਿਆ।