ਖੇਤਰੀ ਪ੍ਰਤੀਨਿਧ
ਪਟਿਆਲਾ, 6 ਦਸੰਬਰ
ਦੀ ਕਲਾਸ ਫੋਰਥ ਗੌਰਮਿੰਟ ਐਂਪਲਾਈਜ਼ ਯੂਨੀਅਨ ਪੰਜਾਬ ਦੀ ਸਟੇਟ ਵਰਕਿੰਗ ਕਮੇਟੀ ਦੀ ਮੀਟਿੰਗ ਯੂਨੀਅਨ ਦੇ ਮੁੱਖ ਦਫਤਰ ਵਿੱਚ ਹੋਈ। ਮੀਟਿੰਗ ਦੀ ਪ੍ਰਧਾਨਗੀ ਕਰਦਿਆਂ, ਸੂਬਾ ਪ੍ਰਧਾਨ ਦਰਸ਼ਨ ਸਿੰਘ ਲੁਬਾਣਾ ਨੇ ਐਨਾਨ ਕੀਤਾ ਕਿ ਪੰਜਾਬ ਤੇ ਕੇਂਦਰੀ ਸਰਕਾਰ ਦੀਆਂ ਮੁਲਾਜ਼ਮ ਤੇ ਮਜ਼ਦੂਰ ਵਿਰੋਧੀ ਨੀਤੀਆਂ ਸਮੇਤ ਕੇਂਦਰ ਦੀਆਂ ਕਿਸਾਨ ਵਿਰੋਧੀ ਨੀਤੀਆਂ ਵਿਰੁੱਧ ਚੱਲ ਰਹੇ ਕਿਸਾਨੀ ਸੰਘਰਸ਼ ਦੀ ਹਮਾਇਤ ਵਿੱਚ ਮੁਲਾਜ਼ਮਾਂ ਕੰਮਾਂ ਦਾ ਬਾਈਕਾਟ ਕਰਕੇ 8 ਦਸੰਬਰ ਨੂੰ ਸੂਬੇ ਭਰ ’ਚ ਜਲ ਸਰੋਤ ਦੇ ਸਰਕਲ ’ਤੇ ਮੰਡਲ ਦਫਤਰਾਂ ਅੱਗੇ ਮੋਦੀ ਸਰਕਾਰ ਦੇ ਪੁਤਲੇ ਸਾੜਨਗੇ।
ਇਸ ਮੌਕੇ ਟਰੇਡ ਯੂਨੀਅਨ ਲਹਿਰ ਵਿੱਚ 62 ਸਾਲ ਲਗਾਉਣ ਵਾਲੇ ਫੈਡਰੇਸ਼ਨ ਦੇ ਪ੍ਰਮੁੱਖ ਆਗੂ ਰਣਬੀਰ ਸਿੰਘ ਢਿੱਲੋਂ ਵੱਲੋਂ ਸੰਘਰਸ਼ਾਂ ਵਿੱਚ ਪਾਏ ਵੱਡਮੁੱਲੇ ਯੋਗਦਾਨ ਦੀ ਸ਼ਲਾਘਾ ਕੀਤੀ ਗਈ। ਹੁਣ ਵੀ ਕਈ ਅਹੁਦਿਆਂ ਦੀਆਂ ਜ਼ਿੰਮੇਵਾਰੀਆਂ ਨਿਭਾਅ ਰਹੇ ਚੌਥਾ ਦਰਜਾ ਮੁਲਾਜ਼ਮਾਂ ਦੇ ਪ੍ਰਮੁੱਖ ਆਗੂ ਸੱਜਣ ਸਿੰਘ ਦੀ ਟਰੇਡ ਯੂਨੀਅਨ ਲਹਿਰ ’ਚ 63 ਸਾਲਾਂ ਤੋਂ ਜਾਰੀ ਸੇਵਾਵਾਂ ਦੀ ਵੀ ਸ਼ਲਾਘਾ ਕੀਤੀ ਗਈ। ਇਨ੍ਹਾਂ ਦੋਵਾਂ ਬਜ਼ੁਰਗ ਆਗੂਆਂ ਨੂੰ ਸਨਮਾਨਤ ਕੀਤਾ।