ਜਸਬੀਰ ਸਿੰਘ ਸੱਗੂ
ਅੰਮ੍ਰਿਤਸਰ, 6 ਦਸੰਬਰ
ਜ਼ਿਲ੍ਹਾ ਅੰਮ੍ਰਿਤਸਰ ਵਿੱਚ ਅੱਜ 86 ਲੋਕਾਂ ਦੀ ਕਰੋਨਾ ਰਿਪੋਰਟ ਪਾਜ਼ੇਟਿਵ ਆਈ ਜਦਕਿ 57 ਲੋਕ ਸਿਹਤਯਾਬ ਹੋ ਕੇ ਆਪਣੇ ਘਰਾਂ ਨੂੰ ਪਰਤੇ। ਹੁਣ ਤੱਕ ਕੁੱਲ 12255 ਵਿਅਕਤੀ ਕਰੋਨਾ ਤੋਂ ਮੁਕਤ ਹੋ ਗਏ ਹਨ।
ਸਿਵਲ ਸਰਜਨ ਡਾ. ਰਵਿੰਦਰ ਸਿੰਘ ਸੇਠੀ ਨੇ ਦੱਸਿਆ ਕਿ ਇਸ ਸਮੇਂ ਜ਼ਿਲ੍ਹੇ ਵਿੱਚ 740 ਐਕਟਿਵ ਕੇਸ ਹਨ। ਉਨ੍ਹਾਂ ਦੱਸਿਆ ਕਿ ਹੁਣ ਤੱਕ 514 ਲੋਕਾਂ ਦੀ ਕਰੋਨਾ ਕਾਰਨ ਮੌਤ ਹੋ ਚੁੱਕੀ ਹੈ ਜਦਕਿ ਅੱਜ ਵੀ 4 ਵਿਅਕਤੀਆਂ ਦੀ ਮੌਤ ਹੋਈ ਹੈ। ਇਨ੍ਹਾਂ ਵਿੱਚ ਗੰਡਾ ਸਿੰਘ ਕਲੋਨੀ ਤਰਨ ਤਾਰਨ ਰੋਡ ਦੀ 60 ਸਾਲਾਂ ਸਤਵੰਤ ਕੌਰ, ਰਾਮ ਨਗਰ ਕਲੋਨੀ ਦੀ 42 ਸਾਲਾਂ ਸਰਿਤਾ, ਚੌਕ ਫੁੱਲਾਂ ਵਾਲਾ ਦਾ 70 ਸਾਲਾਂ ਸਤੀਸ਼ ਚੰਦਰ ਅਤੇ ਸਾਹਿਬਜ਼ਾਦਾ ਫ਼ਤਹਿ ਸਿੰਘ ਨਗਰ ਦਾ 70 ਸਾਲਾਂ ਸੁਦਰਸ਼ਨ ਕੁਮਾਰ ਸ਼ਾਮਲ ਹਨ।
ਹੁਸ਼ਿਆਰਪੁਰ (ਹਰਪ੍ਰੀਤ ਕੌਰ): ਹੁਸ਼ਿਆਰਪੁਰ ਵਿੱਚ ਅੱਜ 37 ਕਰੋਨਾ ਪਾਜ਼ੇਟਿਵ ਕੇਸਾਂ ਦੀ ਪੁਸ਼ਟੀ ਹੋਈ ਅਤੇ ਦੋ ਮਰੀਜ਼ਾਂ ਦੀ ਮੌਤ ਹੋ ਗਈ। ਸਿਵਲ ਸਰਜਨ ਡਾ. ਜਸਬੀਰ ਸਿੰਘ ਮੁਤਾਬਿਕ ਜ਼ਿਲ੍ਹੇ ਵਿੱਚ ਹੁਣ ਤੱਕ ਪਾਜ਼ੇਟਿਵ ਮਰੀਜ਼ਾਂ ਦੀ ਗਿਣਤੀ 7174 ਅਤੇ ਮੌਤਾਂ ਦੀ ਗਿਣਤੀ 265 ਹੋ ਗਈ ਹੈ। ਜ਼ਿਲ੍ਹੇ ਵਿੱਚ 213 ਕੇਸ ਐਕਟਿਵ ਹਨ ਅਤੇ 6683 ਮਰੀਜ਼ ਠੀਕ ਹੋ ਕੇ ਆਪਣੇ ਘਰ ਜਾ ਚੁੱਕੇ ਹਨ। ਅੱਜ ਆਏ 37 ਕੇਸਾਂ ਵਿੱਚੋਂ 15 ਹੁਸ਼ਿਆਰਪੁਰ ਸ਼ਹਿਰ ਅਤੇ ਬਾਕੀ ਹੋਰ ਸਿਹਤ ਕੇਂਦਰਾਂ ਨਾਲ ਸਬੰਧਤ ਹਨ।
ਜਲੰਧਰ (ਆਦਮਪੁਰ ਦੋਆਬਾ) (ਪੱਤਰ ਪ੍ਰੇਰਕ): ਜ਼ਿਲ੍ਹੇ ਵਿੱਚ ਅੱਜ ਕਰੋਨਾ ਕਾਰਨ ਤਿੰਨ ਮਰੀਜ਼ਾਂ ਦੀ ਮੌਤ ਹੋ ਗਈ ਜਦਕਿ 55 ਜਣਿਆਂ ਦੀ ਰਿਪੋਰਟ ਪਾਜ਼ੇਟਿਵ ਆਈ ਹੈ। ਸਿਹਤ ਵਿਭਾਗ ਦੀਆਂ ਰਿਪੋਰਟਾਂ ਅਨੁਸਾਰ ਹੁਣ ਤੱਕ ਜ਼ਿਲ੍ਹੇ ਵਿੱਚ 578 ਮੌਤਾਂ ਹੋ ਚੁੱਕੀਆਂ ਹਨ ਅਤੇ ਪਾਜ਼ੇਟਿਵ ਮਰੀਜ਼ਾਂ ਦੀ ਗਿਣਤੀ 18443 ਤੱਕ ਜਾ ਪਹੁੰਚੀ ਹੈ।
ਪ੍ਰਸ਼ਾਸਨ ਦੀਆਂ ਹਦਾਇਤਾਂ ਵਿਰੁੱਧ ਲੱਗਾ ‘ਸੰਡੇ ਬਾਜ਼ਾਰ’
ਜਲੰਧਰ (ਆਦਮਪੁਰ ਦੋਆਬਾ): ਕਰੋਨਾ ਦੇ ਵਧਦੇ ਕੇਸਾਂ ਦੇ ਮੱਦੇਨਜ਼ਰ ਪੰਜਾਬ ਸਰਕਾਰ ਨੇ ਪਹਿਲੀ ਦਸੰਬਰ ਤੋਂ ਰਾਤ ਦਾ ਕਰਫਿਊ ਲਗਾ ਦਿੱਤਾ ਹੈ। ਇਸ ਦੌਰਾਨ ਇੱਥੇ ਪ੍ਰਸ਼ਾਸਨ ਵੱਲੋਂ ਵਾਰ-ਵਾਰ ਹਦਾਇਤ ਕਰਨ ਦੇ ਬਾਵਜੂਦ ਸੰਡੇ ਬਾਜ਼ਾਰ ਅੱਜ ਵੀ ਹਰ ਐਤਵਾਰ ਦੀ ਤਰ੍ਹਾਂ ਲੱਗਾ ਸਗੋਂ ਲੋਕਾਂ ’ਤੇ ਨਾ ਹੀ ਕਰੋਨਾ ਤੇ ਨਾ ਹੀ ਸਰਕਾਰ ਦੀਆਂ ਨਵੀਆਂ ਹਦਾਇਤਾਂ ਦਾ ਅਸਰ ਹੁੰਦਾ ਨਜ਼ਰ ਆਇਆ। ਸੰਡੇ ਬਾਜ਼ਾਰ ਨੂੰ ਬੰਦ ਕਰਵਾਉਣ ਬਾਰੇ ਪੁਲੀਸ ਤੇ ਨਿਗਮ ਪ੍ਰਸ਼ਾਸਨ ਵਿੱਚ ਅਜੇ ਤੱਕ ਸਹਿਮਤੀ ਨਹੀਂ ਬਣ ਸਕੀ ਹੈ ਜਿਸ ਕਰਕੇ ਸੰਡੇ ਬਾਜ਼ਾਰ ਵਿੱਚ ਵੀ ਕਾਫ਼ੀ ਭੀੜ ਸੀ ਅਤੇ ਲੋਕਾਂ ਨੇ ਮਾਸਕ ਨਹੀਂ ਪਾਏ ਹੋਏ ਸਨ। -ਪੱਤਰ ਪ੍ਰੇਰਕ