ਪੱਤਰ ਪ੍ਰੇਰਕ
ਰਾਏਕੋਟ, 10 ਜਨਵਰੀ
ਚੇਤਨਾ ਮੰਚ ਗੋਬਿੰਦਗੜ੍ਹ ਵੱਲੋਂ ਪ੍ਰਧਾਨ ਬਲਿਹਾਰ ਸਿੰਘ ਗੋਬਿੰਦਗੜ੍ਹੀਆ ਦੀ ਅਗਵਾਈ ਹੇਠ ਧੀਆਂ ਦੀ ਲੋਹੜੀ ਮਨਾਈ ਗਈ। ਇਸ ਮੌਕੇ ਰਾਸ਼ਟਰੀ ਮਹਿਲਾ ਸੰਗਠਨ ਦਿੱਲੀ ਦੇ ਸੈਕਟਰੀ ਰਿਤੂ ਕੌਸ਼ਿਕ ਨੇ ਮੁੱਖ ਮਹਿਮਾਨ ਵਜੋਂ ਹਾਜ਼ਰੀ ਭਰੀ। ਉਨ੍ਹਾਂ ਕਿਹਾ ਕਿ ਅੱਜ ਦੇ ਜ਼ਮਾਨੇ ’ਚ ਧੀਆਂ ਕਿਸੇ ਵੀ ਖੇਤਰ ’ਚ ਮੁੰਡਿਆਂ ਨਾਲੋਂ ਪਿੱਛੇ ਨਹੀਂ ਹਨ, ਸਾਡਾ ਸਾਰਿਆਂ ਦਾ ਫਰਜ਼ ਬਣਦਾ ਹੈ ਕਿ ਧੀਆਂ ਨੂੰ ਵੀ ਮੁੰਡਿਆਂ ਵਾਂਗ ਪਿਆਰ-ਸਤਿਕਾਰ ਦੇਈਏ। ਇਸ ਮੌਕੇ ਐਮਪੀਏਪੀ ਮਹਿਲ ਕਲਾਂ ਦੇ ਚੇਅਰਮੈਨ ਜਗਜੀਤ ਸਿੰਘ ਕਾਲਸਾਂ, ਲੇਖਿਕਾ ਬਲਬੀਰ ਕੌਰ ਰਾਏਕੋਟੀ, ਗਿਆਨ ਸਿੰਘ ਗਿੱਲ ਯਾਦਗਾਰੀ ਲਾਇਬ੍ਰੇਰੀ ਦੇ ਮੁੱਖ ਪ੍ਰਬੰਧਕ ਅਜੀਤਪਾਲ ਕੌਰ ਨੇ ਵੀ ਸੰਬੋਧਨ ਕੀਤਾ।
101 ਨਵਜੰਮੀਆਂ ਬਾਲੜੀਆਂ ਦੇ ਮਾਪਿਆਂ ਨੂੰ ਕੰਬਲ ਵੰਡੇ
ਜਗਰਾਉਂ (ਨਿੱਜੀ ਪੱਤਰ ਪ੍ਰੇਰਕ): ਲੋਕ ਸੇਵਾ ਸੁਸਾਇਟੀ ਨੇ ਅੱਜ ਕੁੜੀਆਂ ਦੀ ਲੋਹੜੀ ਮਨਾਉਂਦੇ ਹੋਏ ਕੰਬਲ ਵੰਡੇ। ਸਥਾਨਕ ਸਿਵਲ ਹਸਪਤਾਲ ’ਚ ਬੱਚਿਆਂ ਦੀਆਂ ਮਾਂਵਾਂ ਨੂੰ ਕੰਬਲ ਸੁਸਾਇਟੀ ਦੇ ਚੇਅਰਮੈਨ ਗੁਲਸ਼ਨ ਅਰੋੜਾ, ਪ੍ਰਧਾਨ ਪ੍ਰਿੰਸੀਪਲ ਚਰਨਜੀਤ ਸਿੰਘ ਭੰਡਾਰੀ, ਸੈਕਟਰੀ ਕੁਲਭੂਸ਼ਨ ਗੁਪਤਾ ਅਤੇ ਕੈਸ਼ੀਅਰ ਮਨੋਹਰ ਸਿੰਘ ਟੱਕਰ ਦੀ ਅਗਵਾਈ ਹੇਠ ਵੰਡੇ ਗਏ। ਇਸ ਮੌਕੇ ਸਮਾਜ ਸੇਵੀ ਰਾਜਿੰਦਰ ਜੈਨ ਨੇ ਕਿਹਾ ਕਿ ਜ਼ਮਾਨਾ ਬਦਲ ਰਿਹਾ ਹੈ ਹੁਣ ਸਾਨੂੰ ਸੋਚ ਵੀ ਬਦਲਣੀ ਪਵੇਗੀ। ਕੁੜੀਆਂ ਹਰੇਕ ਖੇਤਰ ’ਚ ਮੁੰਡਿਆਂ ਦੇ ਬਰਾਬਰ ਯੋਗਦਾਨ ਪਾ ਰਹੀਆਂ ਹਨ ਅਤੇ ਕਈ ਖੇਤਰ ਤਾਂ ਅਜਿਹੇ ਹਨ ਜਿੱਥੇ ਕੁੜੀਆਂ ਵਧੇਰੇ ਤਰੱਕੀ ਕਰ ਰਹੀਆਂ ਹਨ। ਚੇਅਰਮੈਨ ਗੁਲਸ਼ਨ ਅਰੋੜਾ ਤੇ ਪ੍ਰਧਾਨ ਚਰਨਜੀਤ ਸਿੰਘ ਭੰਡਾਰੀ ਨੇ ਦੱਸਿਆ ਕਿ ਸਿਵਲ ਹਸਪਤਾਲ ਦੇ ਸਟਾਫ਼ ਨੂੰ ਬੱਚੀਆਂ ਲਈ 101 ਕੰਬਲ ਦੇਣ ਦੇ ਨਾਲ ਹਰੇਕ ਸਟਾਫ਼ ਮੈਂਬਰ ਨੂੰ ਮੰਗਫੂਲੀ ਤੇ ਰਿਉੜੀਆਂ ਦੇ ਪੈਕਟ ਵੰਡੇ ਗਏ।