ਐਨ.ਪੀ.ਧਵਨ
ਪਠਾਨਕੋਟ, 5 ਦਸੰਬਰ
ਪਠਾਨਕੋਟ ਦੇ ਧਰੁਵ ਪਾਰਕ ਵਿੱਚ ਦੇਸ਼ ਦੇ ਪਹਿਲੇ ਪਰਮਵੀਰ ਚੱਕਰ ਵਿਜੇਤਾ ਸ਼ਹੀਦ ਕੈਪਟਨ ਗੁਰਬਚਨ ਸਿੰਘ ਸਲਾਰੀਆ ਦਾ ਸ਼ਹੀਦੀ ਸਮਾਗਮ ਫ਼ੌਜ ਦੇ 21-ਸਬ ਏਰੀਆ ਹੈੱਡਕੁਆਰਟਰ ਵਲੋਂ ਕੀਤਾ ਗਿਆ। ਇਸ ਮੌਕੇ ਸ਼ਹੀਦ ਦੇ ਬੁੱਤ ਉੱਪਰ ਕਮਾਂਡਰ 21 ਸਬ ਏਰੀਆ ਵਲੋਂ ਸ਼ਰਧਾਂਜਲੀ ਅਰਪਿਤ ਕੀਤੀ ਗਈ। 21 ਸਬ ਏਰੀਆ ਹੈੱਡਕੁਆਟਰ ਦੇ ਕਮਾਂਡਰ ਨੇ ਦੱਸਿਆ ਕਿ ਕੈਪਟਨ ਗੁਰਬਚਨ ਸਿੰਘ ਸਲਾਰੀਆ ਨੇ 5 ਦਸੰਬਰ 1961 ਨੂੰ ਅਫ਼ਰੀਕੀ ਦੇਸ਼ ਕਾਂਗੋ ਵਿੱਚ ਭਾਰਤੀ ਸ਼ਾਂਤੀ ਸੈਨਾ ਦੀ ਅਗਵਾਈ ਕਰਦੇ ਹੋਏ ਸ਼ਹਾਦਤ ਪਾਈ ਸੀ। ਅਸਲਾ ਖ਼ਤਮ ਹੋ ਜਾਣ ਦੇ ਬਾਅਦ ਉਸ ਵੱਲੋਂ ਖੁਖਰੀਆਂ ਅਤੇ ਬੈਨਰ ਨਾਲ ਮੁਕਾਬਲਾ ਕਰ ਦੇ ਹੋਏ ਦੁਸ਼ਮਣ ਦੀ ਗੋਲੀ ਉਸ ਦੇ ਗਲੇ ਵਿੱਚ ਆ ਲੱਗੀ ਪਰ ਫਿਰ ਵੀ ਉਹ ਆਪਣੀ ਜਾਨ ਦੀ ਪ੍ਰਵਾਹ ਕੀਤੇ ਬਿਨਾ ਆਖ਼ਰੀ ਦਮ ਤੱਕ ਲੜਦੇ ਰਹੇ। ਉਨ੍ਹਾਂ ਦੀ ਬਹਾਦਰੀ ਦਾ ਸਨਮਾਨ ਕਰਦੇ ਹੋਏ ਦੇਸ਼ ਦੇ ਤਤਕਾਲੀ ਰਾਸ਼ਟਰਪਤੀ ਡਾ. ਰਾਧਾ ਕ੍ਰਿਸ਼ਨਨ ਨੇ ਉਨ੍ਹਾਂ ਨੂੰ ਮਰਨ ਉਪਰੰਤ ਦੇਸ਼ ਦੇ ਸਰਵਉਚ ਵੀਰਤਾ ਪੁਰਸਕਾਰ ਪਰਮਵੀਰ ਚੱਕਰ ਨਾਲ ਸਨਮਾਨਿਆ ਸੀ। ਅਜਿਹਾ ਵੀਰ ਸੈਨਿਕ ਨਾ ਸਿਰਫ਼ ਦੇਸ਼ ਬਲਕਿ ਪੂਰੇ ਵਿਸ਼ਵ ਦੀਆਂ ਸੈਨਾਵਾਂ ਦੇ ਲਈ ਪ੍ਰੇਰਨਾ ਸਰੋਤ ਹੈ।