ਨਵੀਂ ਦਿੱਲੀ: ਕੇਂਦਰ ਸਰਕਾਰ ਨੇ ਅਹਿਮਦਾਬਾਦ ਦੀ ਕੰਪਨੀ ਜ਼ਾਈਡਸ ਕੈਡਿਲਾ ਦੇ ‘ਤਿੰਨ ਖੁਰਾਕਾਂ’ ਵਾਲੇ ਟੀਕੇ ‘ਜ਼ਾਈਕੋਵ-ਡੀ’ ਦੀਆਂ ਇੱਕ ਕਰੋੜ ਖੁਰਾਕਾਂ ਖ਼ਰੀਦਣ ਦਾ ਆਰਡਰ ਦਿੱਤਾ ਹੈ। ਇਸ ਦੇ ਨਾਲ ਹੀ ਇਹ ਟੀਕਾ ਕੌਮੀ ਕਰੋਨਾਵਾਇਰਸ ਰੋਕੂ ਮੁਹਿੰਮ ਵਿੱਚ ਇਸੇ ਮਹੀਨੇ ਸ਼ਾਮਲ ਹੋ ਜਾਵੇਗਾ। ਅਧਿਕਾਰਤ ਸੂਤਰਾਂ ਨੇ ਅੱਜ ਦੱਸਿਆ ਕਿ ਮੰਨਿਆ ਜਾ ਰਿਹਾ ਹੈ ਕਿ ਕੇਂਦਰੀ ਸਿਹਤ ਮੰਤਰਾਲੇ ਨੇ ਦੇਸ਼ ’ਚ ਬਣੇ ਦੁਨੀਆ ਦੇ ਪਹਿਲੇ ਡੀਐੱਨਏ ਆਧਾਰਿਤ ਕੋਵਿਡ-19 ਟੀਕੇ ਨੂੰ ਟੀਕਾਕਰਨ ਪ੍ਰੋਗਰਾਮ ’ਚ ਸ਼ਾਮਲ ਕਰਨ ਲਈ ਸ਼ੁਰੂਆਤੀ ਕਦਮਾਂ ਨੂੰ ਹਰੀ ਝੰਡੀ ਦਿਖਾ ਦਿੱਤੀ ਹੈ। ਸ਼ੁਰੂਆਤ ਵਿੱਚ ਇਹ ਟੀਕਾ ਬਾਲਗਾਂ ਨੂੰ ਲਾਉਣ ਨੂੰ ਤਰਜੀਹ ਦਿੱਤੀ ਜਾਵੇਗੀ। ਜ਼ਾਈਕੋਵ-ਡੀ ਪਹਿਲਾ ਅਜਿਹਾ ਟੀਕਾ ਹੈ, ਜਿਸ ਨੂੰ ਭਾਰਤ ਦੇ ਡਰੱਗ ਰੈਗੂਲੇਟਰ ਵੱਲੋਂ 12 ਸਾਲ ਜਾਂ ਉਸ ਤੋਂ ਵੱਧ ਉਮਰ ਦੇ ਲੋਕਾਂ ਨੂੰ ਲਗਾਉਣ ਦੀ ਮਨਜ਼ੂਰੀ ਦਿੱਤੀ ਗਈ ਹੈ। ਇੱਕ ਅਧਿਕਾਰਤ ਸੂਤਰ ਨੇ ਦੱਸਿਆ ਕਿ ਕੇਂਦਰ ਵੱਲੋਂ ਜ਼ਾਈਡਸ ਕੈਡਿਲਾ ਨੂੰ ਜ਼ਾਈਕੋਵ-ਡੀ ਟੀਕੇ ਦੀਆਂ ਇੱਕ ਕਰੋੜ ਖੁਰਾਕਾਂ ਖ਼ਰੀਦਣ ਦਾ ਆਰਡਰ ਦਿੱਤਾ ਜਾ ਚੁੱਕਾ ਹੈ, ਜਿਸ ਦੀ ਕੀਮਤ ਟੈਕਸ ਤੋਂ ਬਿਨਾਂ 358 ਰੁਪਏ ਪ੍ਰਤੀ ਡੋਜ਼ ਹੈ। ਇਸ ਕੀਮਤ ਵਿੱਚ ‘ਜੈੱਟ ਐਪਲੀਕੇਟਰ’ ਦਾ ਖਰਚ ਵੀ ਸ਼ਾਮਲ ਹੈ, ਜਿਸ ਦੀ ਮਦਦ ਨਾਲ ਇਸ ਟੀਕੇ ਦੀ ਡੋਜ਼ ਦਿੱਤੀ ਜਾਵੇਗੀ। ਸੂਤਰ ਮੁਤਾਬਕ, ‘‘ਸੀਮਤ ਉਤਪਾਦਨ ਸਮਰੱਥਾ ਕਾਰਨ ਸ਼ੁਰੂ ਵਿੱਚ ਇਹ ਵੈਕਸੀਨ ਸਿਰਫ਼ ਬਾਲਗਾਂ ਨੂੰ ਹੀ ਲਾਏ ਜਾਣ ਦੀ ਸੰਭਾਵਨਾ ਹੈ।’’ ਕੰਪਨੀ ਅਧਿਕਾਰੀਆਂ ਨੇ ਮੰਤਰਾਲੇ ਨੂੰ ਦੱਸਿਆ ਕਿ ਜ਼ਾਈਡਸ ਕੈਡਿਲਾ ਹਰ ਮਹੀਨੇ ਜ਼ਾਈਕੋਵ-ਡੀ ਦੀਆਂ ਸਿਰਫ਼ ਇੱਕ ਕਰੋੜ ਖੁਰਾਕਾਂ ਹੀ ਮੁਹੱਈਆ ਕਰਵਾਉਣ ਦੀ ਸਥਿਤੀ ਵਿੱਚ ਹੈ। ਇਸ ਦੀਆਂ ਤਿੰਨ ਖੁਰਾਕਾਂ 28 ਦਿਨਾਂ ਦੇ ਵਕਫ਼ੇ ’ਤੇ ਦਿੱਤੀਆਂ ਜਾਂਦੀਆਂ ਹਨ। ਦੇਸ਼ ਵਿੱਚ ਵਿਕਸਿਤ ਇਹ ਦੁਨੀਆਂ ਦਾ ਪਹਿਲਾ ਅਜਿਹਾ ਟੀਕਾ ਹੈ ਜਿਹੜਾ ਡੀਐੱਨਏ ਅਧਾਰਿਤ ਅਤੇ ਸੂਈ ਰਹਿਤ ਹੈ। ਡਰੱਗ ਰੈਗੂਲੇਟਰ ਨੇ ਜ਼ਾਈਕੋਵ-ਡੀ ਨੂੰ ਐਮਰਜੈਂਸੀ ਵਰਤੋਂ ਲਈ ਮਨਜ਼ੂਰੀ 20 ਅਗਸਤ ਨੂੰ ਦਿੱਤੀ ਸੀ। -ਪੀਟੀਆਈ