ਪੱਤਰ ਪ੍ਰੇਰਕ
ਮਾਛੀਵਾੜਾ, 10 ਜਨਵਰੀ
ਪੰਜਾਬ ਦੀ ਕਾਂਗਰਸ ਸਰਕਾਰ ਵਲੋਂ ਚੋਣ ਜ਼ਾਬਤਾ ਲੱਗਣ ਤੋਂ ਇੱਕ ਦਿਨ ਪਹਿਲਾਂ ਜੋ ਟਰੱਕ ਯੂਨੀਅਨ ਨੂੰ ਬਹਾਲ ਕਰਨ ਦਾ ਫੈਸਲਾ ਕੀਤਾ ਗਿਆ ਹੈ ਉਸ ਨਾਲ ਟਰੱਕ ਅਪਰੇਟਰਾਂ ਵਿਚ ਖੁਸ਼ੀ ਦੀ ਲਹਿਰ ਦੌੜ ਗਈ ਹੈ। ਅੱਜ ਮਾਛੀਵਾੜਾ ਟਰੱਕ ਯੂਨੀਅਨ ਵਿਖੇ ਪ੍ਰਧਾਨ ਜਸਦੇਵ ਸਿੰਘ ਬਿੱਟੂ ਰੂੜੇਵਾਲ ਦੀ ਅਗਵਾਈ ਹੇਠ ਇਕੱਤਰ ਹੋਏ ਟਰੱਕ ਆਪ੍ਰੇਟਰਾਂ ਨੇ ਕਿਹਾ ਕਿ ਆਰਥਿਕ ਮੰਦੀ ’ਚੋਂ ਗੁਜ਼ਰ ਰਹੇ ਉਨ੍ਹਾਂ ਦੇ ਵਪਾਰ ਨੂੰ ਸਰਕਾਰ ਦੇ ਫੈਸਲੇ ਨਾਲ ਕਾਫ਼ੀ ਹੁਲਾਰਾ ਮਿਲੇਗਾ। ਇਸ ਮੌਕੇ ਟਰੱਕ ਯੂਨੀਅਨ ਦੇ ਪ੍ਰਧਾਨ ਜਸਦੇਵ ਸਿੰਘ ਬਿੱਟੂ ਨੇ ਕਿਹਾ ਕਿ ਭੰਗ ਕੀਤੀਆਂ ਯੂਨੀਅਨਾਂ ਮੁੜ ਬਹਾਲ ਕਰਨ ਨਾਲ ਛੋਟੇ ਟਰੱਕ ਆਪ੍ਰੇਟਰਾਂ ਦਾ ਜਿੱਥੇ ਰੋਜ਼ਗਾਰ ਵਧੇਗਾ ਉੱਥੇ ਹੁਣ ਨਵੇਂ ਵਾਹਨ ਖਰੀਦਣ ਵਾਲਿਆਂ ਨੂੰ ਚੰਗਾ ਮੁਨਾਫ਼ਾ ਹੋਵੇਗਾ। ਉਨ੍ਹਾਂ ਕਿਹਾ ਕਿ ਬੇਸ਼ੱਕ ਕਾਂਗਰਸ ਸਰਕਾਰ ਨੇ ਇਹ ਫੈਸਲਾ ਦੇਰੀ ਨਾਲ ਲਿਆ ਪਰ ਮਾਛੀਵਾੜਾ ਦੇ ਆਪ੍ਰੇਟਰ ਇਸ ਦੀ ਸ਼ਲਾਘਾ ਕਰਦੇ ਹਨ। ਇਸ ਮੌਕੇ ਸ਼ਰਨਜੀਤ ਸਿੰਘ, ਨਰੇਸ਼ ਕੁਮਾਰ, ਜਸਵੀਰ ਸਿੰਘ, ਸੁੱਖਾ ਵਿਰਕ, ਵਰਿੰਦਰ ਸਿੰਘ, ਮਨੋਜ ਕੁਮਾਰ, ਅਵਤਾਰ ਸਿੰਘ, ਬਲਵਿੰਦਰ ਸਿੰਘ, ਲਖਵੀਰ ਸਿੰਘ ਬਾਲਿਓਂ, ਜਸਵੀਰ ਸਿੰਘ ਟਾਂਡਾ, ਵਰਿੰਦਰ ਸਿੰਘ ਵੀ ਮੌਜੂਦ ਸਨ।
ਰੁਜ਼ਗਾਰ ਬਹਾਲ ਹੋਣ ’ਤੇ ਮੁੱਖ ਮੰਤਰੀ ਚੰਨੀ ਦਾ ਧੰਨਵਾਦ
ਰਾਏਕੋਟ (ਪੱਤਰ ਪ੍ਰੇਰਕ): ਸੂਬੇ ਅੰਦਰ ਬੰਦ ਕੀਤੀਆਂ ਗਈਆਂ ਟਰੱਕ ਯੂਨੀਅਨਾਂ ਨੂੰ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵੱਲੋਂ ਬਹਾਲ ਕਰਨ ਦੀ ਖੁਸ਼ੀ ’ਚ ਅੱਜ ਰਾਏਕੋਟ ਵਿਖੇ ਟਰੱਕ ਯੂਨੀਅਨ ਰਾਏਕੋਟ ਦੇ ਪ੍ਰਧਾਨ ਸੁਖਪਾਲ ਸਿੰਘ ਗੋਂਦਵਾਲ ਦੀ ਅਗਵਾਈ ’ਚ ਟਰੱਕ ਆਪਰੇਟਰਾਂ ਵੱਲੋਂ ਲੱਡੂ ਵੰਡ ਕੇ ਖੁਸ਼ੀ ਸਾਂਝੀ ਕੀਤੀ ਗਈ ਅਤੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦਾ ਧੰਨਵਾਦ ਕੀਤਾ ਗਿਆ। ਪ੍ਰਧਾਨ ਸੁਖਪਾਲ ਸਿੰਘ ਗੋਂਦਵਾਲ ਅਤੇ ਖਜ਼ਾਨਚੀ ਜਗਪ੍ਰੀਤ ਸਿੰਘ ਬੁੱਟਰ ਨੇ ਕਿਹਾ ਕਿ ਸਾਲ 2017 ’ਚ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਪੰਜਾਬ ਦੀਆਂ ਸਾਰੀਆਂ ਟਰੱਕ ਯੂਨੀਅਨਾਂ ਨੂੰ ਬੰਦ ਕਰ ਦਿੱਤਾ ਗਿਆ ਸੀ, ਜਿਸ ਕਾਰਨ ਟਰਾਂਸਪੋਟਰਾਂ ਨੂੰ ਵੱਡਾ ਆਰਥਿਕ ਨੁਕਸਾਨ ਝੱਲਣਾ ਪਿਆ ਹੈ। ਟਰੱਕ ਯੂਨੀਅਨਾਂ ਦੇ ਹੁਣ ਦੁਬਾਰਾ ਤੋਂ ਬਹਾਲ ਹੋਣ ਕਰਕੇ ਟਰੱਕ ਅਪ੍ਰੇਟਰਾਂ ਦਾ ਰੁਜ਼ਗਾਰ ਮੁੜ ਲੀਹਾਂ ਤੇ ਆ ਜਾਵੇਗਾ।