ਪੱਤਰ ਪ੍ਰੇਰਕ
ਸ਼ਾਹਕੋਟ, 23 ਮਈ
ਕਰੋਨਾ ਮਹਾਮਾਰੀ ਨੇ ਮਜ਼ਦੂਰਾਂ ਤੇ ਮੱਧ ਵਰਗ ਦਾ ਕਚੂਮਰ ਕੱਢ ਦਿੱਤਾ ਹੈ। ਸਰਕਾਰਾਂ ਵੱਲੋਂ ਕਰੋਨਾ ਮਰੀਜ਼ਾਂ ਦੇ ਇਲਾਜ ਲਈ ਢੁਕਵੇਂ ਪ੍ਰਬੰਧ ਨਾ ਕੀਤੇ ਜਾਣ ਕਾਰਨ ਅਨੇਕਾਂ ਲੋਕ ਅਣਿਆਈ ਮੌਤੇ ਮਰ ਰਹੇ ਹਨ। ਇਸ ਔਖੀ ਘੜੀ ਵਿਚ ਨਿਜੀ ਹਸਪਤਾਲ ਕਰੋਨਾ ਦਾ ਇਲਾਜ ਕਰਵਾਉਣ ਵਾਲਿਆਂ ਦੀ ਅੰਨ੍ਹੀ ਲੁੱਟ ਕਰ ਰਹੇ ਹਨ। ਦਵਾਈਆਂ, ਆਕਸੀਜਨ ਅਤੇ ਹੋਰ ਅਨੇਕਾਂ ਉਪਕਰਣਾ ਦੀ ਨਕਲੀ ਕਿੱਲਤ ਪੈਦਾ ਕਰਕੇ ਆਪ ਮਾਲੋ-ਮਾਲ ਹੋ ਰਹੇ ਹਨ। ਸਰਕਾਰਾਂ ਹਸਪਤਾਲਾਂ ਵਿੱਚ ਸੁਧਾਰ ਕਰਨ ਦੀ ਬਾਜਾਏ ਤਾਲਾਬੰਦੀ ਕਰਨ ਨੂੰ ਵੱਧ ਤਰਜੀਹ ਦੇ ਰਹੀਆਂ ਹਨ। ਇਸ ਸਥਿਤੀ ਵਿੱਚ ਲੋਕਾਂ ਦੇ ਕਾਰੋਬਾਰ ਚੌਪਟ ਹੋ ਗਏ ਹਨ। ਕਰੋਨਾ ਤੇ ਤਾਲਾਬੰਦੀ ਦੀ ਮਾਰ ਸਭ ਤੋਂ ਵੱਧ ਉਨ੍ਹਾਂ ਗਰੀਬ ਲੋਕਾਂ ’ਤੇ ਪਈ ਹੈ ਜੋ ਰੋਜ਼ਾਨਾ ਕਮਾ ਕੇ ਆਪਣੇ ਜੀਵਨ ਦੀ ਗੁਜਰ ਬਸਰ ਕਰ ਰਹੇ ਹਨ। ਕਰੋਨਾ ਮਹਾਮਾਰੀ ਦੇ ਦੌਰਾਨ ਹੀ ਨਿੱਤ ਵਰਤੋਂ ਦੀਆਂ ਵਸਤੂਆਂ ਦੇ ਭਾਅ ਅਸ਼ਮਾਨੀ ਚੜ੍ਹ ਗਏ ਹਨ। 110 ਰੁਪਏ ਵਿਕਣ ਵਾਲੀ ਸਰੋਂ ਦੇ ਤੇਲ ਦੀ ਬੋਤਲ ਇਸ ਵੇਲੇ 170 ਰੁਪਏ ਵਿੱਚ ਵਿਕਣ ਲੱਗ ਪਈ ਹੈ। ਚਾਹ ਪੱਤੀ ਤੇ ਘਿਉ ਕਿਲੋ ਮਗਰ 100 ਰੁਪਏ ਵਧ ਗਿਆ ਹੈ। ਦਾਲਾਂ, ਮਸਾਲੇ ਅਤੇ ਹੋਰ ਜ਼ਰੂਰੀ ਵਸਤੂਆਂ ਦੇ ਭਾਅ ਦੁੱਗਣੇ ਹੋ ਜਾਣ ਕਾਰਨ ਗਰੀਬਾਂ ਦੀ ਪਹੁੰਚ ਤੋਂ ਬਾਹਰ ਹੋ ਗਏ ਹਨ। ਸਬਜ਼ੀਆਂ ਤੇ ਫਲ ਵੇਚਣ ਵਾਲੇ ਵੀ ਕਰੋਨਾ ਦੀ ਆੜ ਵਿੱਚ ਲੋਕਾਂ ਦੀ ਖੂਬ ਲੁੱਟ ਕਰ ਰਹੇ ਹਨ। 25 ਰੁਪਏ ਵਿਕਣ ਵਾਲਾ ਨਾਰੀਅਲ 60 ਰੁਪਏ ’ਚ, 60 ਰੁਪਏ ਕਿਲੋ ਵਿਕਣ ਵਾਲਾ ਅਨਾਰ 150 ਰੁਪਏ ਵੇਚ ਰਹੇ ਹਨ। ਪਪੀਤਾ, ਸੇਬ, ਆਲੂ ਬੁਖਾਰਾ, ਅੰਗੂਰ ਅਤੇ ਕੀਵੀ ਫਲ ਵੀ ਪਹਿਲਾਂ ਨਾਲੋਂ ਦੁੱਗਣੀ ਕੀਮਤ ’ਤੇ ਵੇਚੇ ਜਾ ਰਹੇ ਹਨ। ਪੰਜਾਬ ਖੇਤ ਮਜ਼ਦੂਰ ਯੂਨੀਅਨ ਦੇ ਇਲਾਕ ਸਕੱਤਰ ਸੁਖਜਿੰਦਰ ਲਾਲੀ ਦਾ ਕਹਿਣਾ ਸੀ ਕਿ ਕਰੋਨਾ ਦੀ ਲਪੇਟ ਵਿੱਚ ਆਉਣ ਵਾਲਾ ਕੋਈ ਵੀ ਗਰੀਬ ਵਿਅਕਤੀ ਨਾ ਤਾਂ ਇਕਾਂਤਵਾਸ ਵਿੱਚ ਰਹਿਣ ਅਤੇ ਨਾ ਹੀ ਮਹਿੰਗਾ ਇਲਾਜ ਕਰਵਾਉਣ ਦੇ ਸਮਰੱਥ ਹੈ।
ਉਨ੍ਹਾਂ ਗਰੀਬਾਂ ਦੇ ਮੁਫਤ ਇਲਾਜ ਅਤੇ ਉਨ੍ਹਾਂ ਦੀਆਂ ਹੋਰ ਲੋੜਾਂ ਪੂਰੀਆਂ ਕਰਨ ਲਈ ਸਾਰਥਿਕ ਕਦਮ ਕਦਮ ਚੁੱਕਣ ਦੀ ਅਪੀਲ ਕੀਤੀ। ਕੁਲਵੰਤ ਸਿੰਘ ਢੰਡੋਵਾਲ ਅਤੇ ਸੁਰਜੀਤ ਸਿੰਘ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਉਹ ਦਵਾਈਆਂ, ਸਬਜ਼ੀਆਂ, ਫਲ ਅਤੇ ਹੋਰ ਲੋੜੀਂਦੀਆਂ ਵਸਤੂਆਂ ਵੇਚਣ ਵਾਲਿਆਂ ਨੂੰ ਵਾਜਬਿ ਭਾਅ ’ਤੇ ਸਾਮਾਨ ਵੇਚਣ ਲਈ ਦਿਸਾ-ਨਿਰਦੇਸ਼ ਜਾਰੀ ਕੀਤੇ ਜਾਣ।