ਪੱਤਰ ਪ੍ਰੇਰਕ
ਜ਼ੀਰਾ, 13 ਦਸੰਬਰ
ਖੇਤੀਬਾੜੀ ਤੇ ਫੂਡ ਪ੍ਰੋਸੈਸਿੰਗ ਮੰਤਰੀ ਪੰਜਾਬ ਰਣਦੀਪ ਸਿੰਘ ਨਾਭਾ ਵੱਲੋਂ ਜ਼ੀਰਾ ਵਿੱਚ ਵਿਧਾਇਕ ਕੁਲਬੀਰ ਸਿੰਘ ਜ਼ੀਰਾ ਦੀ ਰਿਹਾਇਸ਼ ’ਤੇ ਪ੍ਰੈੱਸ ਕਾਨਫਰੰਸ ਦੌਰਾਨ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਹੁਣ ਤੱਕ ਕਿਸਾਨਾਂ ਦਾ 8 ਹਜ਼ਾਰ 556 ਕਰੋੜ ਰੁਪਏ ਦਾ ਕਰਜ਼ਾ ਮੁਆਫ ਕੀਤਾ ਗਿਆ ਹੈ। ਇਸ ਤੋਂ ਇਲਾਵਾ ਵਿਧਾਨ ਸਭਾ ਹਲਕਾ ਜ਼ੀਰਾ ਦੇ ਕਿਸਾਨਾਂ ਦਾ ਵੀ 50 ਕਰੋੜ ਰੁਪਏ ਦਾ ਕਰਜ਼ਾ ਮੁਆਫ ਕੀਤਾ ਗਿਆ ਹੈ।
ਕੈਬਨਿਟ ਮੰਤਰੀ ਨਾਭਾ ਨੇ ਪਿੰਡ ਵਾੜਾ ਪੋਹਵਿੰਡੀਆ ਜ਼ੀਰਾ ਵਿੱਚ ਪਿੰਡ ਦੀ ਦਾਣਾ ਮੰਡੀ ਦੇ ਪੱਕੇ ਫੜ੍ਹ ਦਾ ਨੀਂਹ ਪੱਥਰ ਰੱਖਣ ਉਪਰੰਤ ਨਵੀਂ ਉਸਾਰੀ ਲਿੰਕ ਸੜਕ ਬੋਤੀਆਂ ਵਾਲਾ ਤੋਂ ਮਿਹਰ ਸਿੰਘ ਵਾਲਾ ਜਿਸਦੀ ਕੁੱਲ ਲੰਬਾਈ 2.95 ਕਿਲੋਮੀਟਰ ਤੇ ਲਾਗਤ 84.92 ਲੱਖ ਆਈ ਹੈ, ਦਾ ਨੀਂਹ ਪੱਥਰ ਰੱਖਿਆ। ਉਨ੍ਹਾਂ ਵੱਲੋਂ ਖਰੀਦ ਕੇਂਦਰ ਲਾਹੁਕੇ ਕਲਾਂ ਦੇ ਪੱਕੇ ਫੜ੍ਹ ਦਾ ਤੇ ਸੜਕਾਂ ਦੀ ਉਸਾਰੀ ਕਰਨ ਦਾ ਨੀਂਹ ਪੱਥਰ ਰੱਖਿਆ ਗਿਆ। ਉਨ੍ਹਾਂ ਵੱਲੋਂ ਪਿੰਡ ਗਿੱਦੜਪਿੰਡੀ ਪੁਲ ਟੋਲ ਪਲਾਜ਼ਾ ਸੜਕ ਦਾ ਨੀਂਹ ਪੱਥਰ ਵੀ ਰੱਖਿਆ। ਸ੍ਰੀ ਨਾਭਾ ਨੇ ਕਿਹਾ ਕਿ ਢਾਈ ਏਕੜ ਤੱਕ ਦੇ ਕਿਸਾਨਾਂ ਦੇ ਕਰਜ਼ਾ ਮੁਆਫੀ ਦੇ ਅਧੂਰੇ ਪਏ ਕੇਸਾਂ ਸਬੰਧੀ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਅਗਵਾਈ ਹੇਠ ਆਉਣ ਵਾਲੇ ਦਿਨਾਂ ’ਚ ਮੀਟਿੰਗ ਬੁਲਾਈ ਗਈ ਹੈ। ਉਨ੍ਹਾਂ ਕਿਹਾ ਕਿ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ’ਚ ਕਾਂਗਰਸ ਪੂਰਨ ਬਹੁਮਤ ਨਾਲ ਸੱਤਾ ’ਚ ਆਵੇਗੀ।
ਵਿਧਾਇਕ ਕੁਲਬੀਰ ਸਿੰਘ ਜ਼ੀਰਾ ਨੇ ਕਿਹਾ ਕਿ ਹਲਕੇ ਦੇ ਨੌਜਵਾਨਾਂ ਤੇ ਬਜ਼ੁਰਗਾਂ ਦੀ ਸਲਾਹ ਅਨੁਸਾਰ ਉਨ੍ਹਾਂ ਵੱਲੋਂ ਕੀਤੇ ਗਏ ਵਿਕਾਸ ਕਾਰਜ ਹਲਕੇ ਵਿੱਚ ਕਰਵਾਏ ਗਏ ਹਨ। ਉਨ੍ਹਾਂ ਕਿਹਾ ਕਿ ਅੱਜ ਵੱਖ-ਵੱਖ ਪਿੰਡਾਂ ਦੇ ਖਰੀਦ ਕੇਂਦਰਾਂ ਦੇ ਪੱਕੇ ਫੜ੍ਹਾਂ ਦੇ ਨੀਂਹ ਪੱਥਰ ਰੱਖੇ ਗਏ ਹਨ।