ਜੋਗਿੰਦਰ ਸਿੰਘ ਮਾਨ/ਕਰਨ ਭੀਖੀ
ਮਾਨਸਾ/ਭੀਖੀ, 13 ਦਸੰਬਰ
ਗਾਇਕ ਸਿੱਧੂ ਮੂਸੇਵਾਲਾ ਦਾ ਕਾਂਗਰਸ ਪਾਰਟੀ ਵਿੱਚ ਸ਼ਾਮਲ ਹੋਣ ਤੋਂ ਬਾਅਦ ਲਗਾਤਾਰ ਵਿਰੋਧ ਜਾਰੀ ਹੈ। ਭਾਵੇਂ ਉਸ ਨੇ ਮਾਨਸਾ ਹਲਕੇ ਵਿੱਚ ਕਾਂਗਰਸੀ ਉਮੀਦਵਾਰ ਵਜੋਂ ਅਗੇਤੀਆਂ ਚੋਣ ਸਰਗਰਮੀਆਂ ਵਿੱਢ ਦਿੱਤੀਆਂ ਹਨ ਅਤੇ ਥਾਂ-ਥਾਂ ’ਤੇ ਆਪਣੇ ਫਲੈਕਸ ਬੋਰਡ ਲਗਵਾ ਦਿੱਤੇ ਹਨ, ਪਰ ਉਨ੍ਹਾਂ ਪ੍ਰਤੀ ਲੋਕਾਂ ਦਾ ਗੁੱਸਾ ਜਾਰੀ ਹੈ। ਕੱਲ੍ਹ ਅਕਲੀਆ ਪਿੰਡ ਵਿੱਚ ਉਨ੍ਹਾਂ ਵਿਰੁੱਧ ਨਾਅਰੇਬਾਜ਼ੀ ਕਰਨ ਤੋਂ ਬਾਅਦ ਅੱਜ ਭੀਖੀ ਕਸਬੇ ਵਿੱਚ ਉਨ੍ਹਾਂ ਦੇ ਫਲੈਕਸ ਬੋਰਡ ਉਤੇ ਨੌਜਵਾਨਾਂ ਵੱਲੋਂ ਕਾਲਖ਼ ਮਲੀ ਗਈ। ਇਹ ਕਾਲਖ਼ ਅਕਾਲੀ ਦਲ (ਅੰਮ੍ਰਿਤਸਰ) ਦੇ ਜ਼ਿਲ੍ਹਾ ਪ੍ਰਧਾਨ ਬਲਵੀਰ ਸਿੰਘ ਬੱਛੋਆਣਾ ਦੀ ਅਗਵਾਈ ਹੇਠ ਜਨਰਲ ਸਕੱਤਰ ਭਾਈ ਸੁਖਚੈਨ ਸਿੰਘ ਅਤਲਾ ਤੇ ਹੋਰ ਨੌਜਵਾਨਾਂ ਵੱਲੋਂ ਸ਼ਰ੍ਹੇਆਮ ਬਾਜ਼ਾਰ ਵਿੱਚ ਉਨ੍ਹਾਂ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਗਈ। ਭਾਈ ਸੁਖਚੈਨ ਸਿੰਘ ਅਤਲਾ ਨੇ ਕਿਹਾ ਕਿ ਭਾਵੇਂ ਕਾਂਗਰਸ ਵੱਲੋਂ ਸਕਾਈਲੈਬ ਵਾਂਗ ਸਿੱਧੂ ਮੂਸੇਵਾਲਾ ਨੂੰ ਆਪਣਾ ਉਮੀਦਵਾਰ ਬਣਾ ਕੇ ਉਤਾਰਿਆ ਹੈ, ਉਸ ਵੱਲੋਂ ਅਸੱਭਿਅਕ ਗਾਇਕੀ ਤੇ ਮਾੜੇ ਸਮਾਜ ਵਿਰੋਧੀ ਗਾਣੇ ਗਾ ਕੇ ਨੌਜਵਾਨਾਂ ਨੂੰ ਗਲਤ ਰਸਤੇ ’ਤੇ ਪਾਇਆ ਹੈ ਤੇ ਹੁਣ ਉਸ ਤੋਂ ਭਵਿੱਖ ’ਚ ਕੋਈ ਚੰਗੀ ਉਮੀਦ ਨਹੀਂ ਕੀਤੀ ਜਾ ਸਕਦੀ। ਉਹ ਭਾਵੇਂ ਕਾਂਗਰਸ ਜਾਂ ਭਾਜਪਾ ਦੀ ਟਿਕਟ ’ਤੇ ਚੋਣ ਲੜੇ, ਪਰ ਉਹ ਇਹ ਦੱਸੇ ਕਿ ਖੇਤੀ ਕਾਨੂੰਨਾਂ ਖ਼ਿਲਾਫ਼ ਵਿੱਢੀ ਗਈ ਲੜਾਈ ’ਚ ਉਸਦਾ ਕੀ ਯੋਗਦਾਨ ਹੈ ਤੇ ਕਰੋਨਾ ਦੌਰਾਨ ਮਾਨਸਾ ਜ਼ਿਲ੍ਹੇ ’ਚ ਉਸ ਨੇ ਕੀ ਕੀਤਾ ਹੈ। ਉਨ੍ਹਾਂ ਕਿਹਾ ਕਿ ਕਰੋਨਾ ਵਿੱਚ ਕਿਤੇ ਵੀ ਸਿੱਧੂ ਮੂਸੇਵਾਲਾ ਨੇ ਲੰਗਰ ਨਹੀਂ ਲਾਇਆ ਤੇ ਨਾ ਹੀ ਕਾਲੇ ਖੇਤੀ ਕਾਨੂੰਨਾਂ ਖ਼ਿਲਾਫ਼ ਵਿੱਢੀ ਲੜਾਈ ’ਚ ਉਸਦਾ ਕੋਈ ਉਪਰਾਲਾ ਰਿਹਾ ਹੈ। ਉਨ੍ਹਾਂ ਕਿਹਾ ਕਿ ਜਿੰਨਾ ਚਿਰ ਤੱਕ ਸਿੱਧੂ ਮੂਸੇਵਾਲਾ ਉਨ੍ਹਾਂ ਦੇ ਸਵਾਲਾਂ ਦਾ ਜਵਾਬ ਨਹੀਂ ਦਿੰਦਾ, ਉਸ ਦਾ ਹਰ ਜਗ੍ਹਾ ਵਿਰੋਧ ਕੀਤਾ ਜਾਵੇਗਾ।
ਬੀਤੀ ਕੱਲ੍ਹ ਦੇਰ ਸ਼ਾਮ ਸਿੱਧੂ ਮੂਸੇਵਾਲਾ ਦਾ ਪਿੰਡ ਅਕਲੀਆ ਵਿੱਚ ਨੌਜਵਾਨਾਂ ਵੱਲੋਂ ਉਸ ਵੇਲੇ ਵਿਰੋਧ ਕੀਤਾ ਗਿਆ, ਜੋ ਉਹ ਇੱਕ ਨੁੱਕੜ ਰੈਲੀ ਨੂੰ ਸੰਬੋਧਨ ਕਰਕੇ ਵਾਪਸ ਜਾ ਰਹੇ ਸਨ। ਨੌਜਵਾਨਾਂ ਵੱਲੋਂ ਉਨ੍ਹਾਂ ਦੀ ਗੱਡੀ ਅੱਗੇ ਨਾਅਰੇਬਾਜ਼ੀ ਕੀਤੀ ਗਈ ਤੇ ਬਾਅਦ ’ਚ ਜੋਗਾ ਪੁਲੀਸ ਨੇ ਉਨ੍ਹਾਂ ਨੌਜਵਾਨਾਂ ਨੂੰ ਹਿਰਾਸਤ ਵਿੱਚ ਲੈ ਲਿਆ ਸੀ, ਜਿਨ੍ਹਾਂ ਨੂੰ ਬਾਅਦ ’ਚ ਭਾਈ ਸੁਖਚੈਨ ਸਿੰਘ ਅਤਲਾ ਵੱਲੋਂ ਰਿਹਾਅ ਕਰਾਇਆ ਗਿਆ। ਭਾਈ ਅਤਲਾ ਨੇ ਕਿਹਾ ਕਿ ਜੇ ਮੂਸੇਵਾਲਾ ਦਾ ਵਿਰੋਧ ਕਰਨ ਵਾਲੇ ਨੌਜਵਾਨਾਂ ਨੂੰ ਪੁਲੀਸ ਪ੍ਰੇਸ਼ਾਨ ਕਰੇਗੀ ਤਾਂ ਉਹ ਉਸ ਦੇ ਰਾਹਾਂ ਨੂੰ ਵੀ ਘੇਰਨ ਤੋਂ ਗੁਰੇਜ਼ ਨਹੀਂ ਕਰਨਗੇ।