ਮਨਮੋਹਨ ਸਿੰਘ ਢਿੱਲੋਂ
ਅੰਮ੍ਰਿਤਸਰ, 22 ਅਪਰੈਲ
ਗੁਰੂ ਨਾਨਕ ਦੇਵ ਯੂਨੀਵਰਸਿਟੀ ਦਾ ਰੰਗਮੰਚ ਮੇਲਾ ਆਖਰੀ ਦਿਨ ‘ਵਿਸਮਾਦ’ ਨਾਟਕ ਦੀ ਪੇਸ਼ਕਾਰੀ ਨਾਲ ਸਮਾਪਤ ਹੋ ਗਿਆ। ਯੂਨੀਵਰਸਿਟੀ ਦੇ ਡਰਾਮਾ ਕਲੱਬ ਵੱਲੋਂ ਕਰਵਾਏ ਗਏ ਇਸ ਤਿੰਨ ਰੋਜ਼ਾ ਰੰਗਮੰਚ ਮੇਲੇ ਨੇ ਯੂਨੀਵਰਸਿਟੀ ਦੇ ਦਰਸ਼ਕਾਂ ਦੇ ਮਨਾਂ ਵਿੱਚ ਕਈ ਸਵਾਲ ਪੈਦਾ ਕਰ ਦਿੱਤੇ, ਜੋ ਉਨ੍ਹਾਂ ਦੀ ਜ਼ਿੰਦਗੀ ਦੀਆਂ ਦਿਸ਼ਾਵਾਂ ਨੂੰ ਨਵੇਂ ਰਾਹ ਦੇ ਸਕਦੇ ਹਨ। ਦਸਮੇਸ਼ ਆਡੀਟੋਰੀਅਮ ਵਿੱਚ ਖੇਡੇ ਗਏ ਅੱਜ ਦੇ ਨਾਟਕ ‘ਵਿਸਮਾਦ’ ਬਾਰੇ ਗੱਲ ਕਰਦਿਆਂ ਉੱਘੇ ਨਾਟਕਕਾਰ ਡਾਇਰੈਕਟਰ ਅਤੇ ਲੇਖਕ ਜਤਿੰਦਰ ਬਰਾੜ ਨੇ ਇਸ ਨਾਟਕ ਦੀ ਪੇਸ਼ਕਾਰੀ ਨੂੰ ਪੰਜਾਬੀ ਰੰਗਮੰਚ ਤੇ ਇਤਿਹਾਸ ਦਾ ਇਕ ਹਾਸਿਲ ਦੱਸਿਆ। ਉਨ੍ਹਾਂ ਕਿਹਾ ਕਿ ਇਹ ਪੰਜਾਬੀ ਰੰਗਮੰਚ ਨੂੰ ਨਵੀਂ ਸੇਧ ਦੇਣ ਦਾ ਲਖਾਇਕ ਬਣੇਗਾ। ਯੂਨੀਵਰਸਿਟੀ ਦੇ ਓ.ਐਸ.ਡੀ (ਵਾਈਸ ਚਾਂਸਲਰ) ਪ੍ਰੋ. ਹਰਦੀਪ ਸਿੰਘ ਨੇ ਨਾਟਕ ਦੇ ਸਫਲ ਮੰਚਨ ’ਤੇ ਪ੍ਰਬੰਧਕਾਂ ਨੂੰ ਵਧਾਈ ਦਿੱਤੀ ਅਤੇ ਕਿਹਾ ਕਿ ਯੂਨੀਵਰਸਿਟੀ ਆਉਣ ਵਾਲੇ ਸਮੇਂ ਵਿਚ ਵੀ ਇਸ ਪਿਰਤ ਨੂੰ ਜਾਰੀ ਰੱਖੇਗੀ। ਡੀਨ ਅਕਾਦਮਿਕ ਮਾਮਲੇ ਪ੍ਰੋ. ਸਰਬਜੋਤ ਸਿੰਘ ਨੇ ਗੁਰੂ ਨਾਨਕ ਦੇਵ ਦੀਆਂ ਸਿਖਿਆਵਾਂ ਨੂੰ ਨਾਟਕੀ ਰੂਪ ਵਿਚ ਪੇਸ਼ ਕਰਨ ਨੂੰ ਰੰਗਮੰਚ ਜਗਤ ਵਿਚ ਨਿਵੇਕਲਾ ਤਜਰਬਾ ਦੱਸਿਆ। ਡਰਾਮਾ ਕਲੱਬ ਦੇ ਇੰਚਾਰਜ ਡਾ. ਸੁਨੀਲ ਕੁਮਾਰ ਨੇ ਕਲੱਬ ਦੇ ਮੈਂਬਰਾਂ ਦਾ ਧੰਨਵਾਦ ਕੀਤਾ।