ਰਮੇਸ਼ ਭਾਰਦਵਾਜ
ਲਹਿਰਾਗਾਗਾ, 26 ਅਗਸਤ
ਬੀਕੇਯੂ ਏਕਤਾ ਉਗਰਾਹਾਂ ਵੱਲੋਂ ਪਾਵਰਕੌਮ ਦੇ ਦਿਹਾਤੀ ਐੱਸਡੀਓ ਵੱਲੋਂ ਕਥਿਤ ਗਲਤ ਸ਼ਬਦਾਵਲੀ ਬੋਲਣ ਖ਼ਿਲਾਫ਼ ਅੱਜ ਦੂਜੇ ਦਿਨ ਰੇਲਵੇ ਪਟੜੀ ’ਤੇ ਲਾਇਆ ਜਾਣ ਵਾਲਾ ਧਰਨਾ ਪਾਵਰਕੌਮ ਦੇ ਐਕਸੀਅਨ ਕੁਲਰਾਜ ਸਿੰਘ ਵੱਲੋਂ ਦਿੱਤੇ ਭਰੋਸੇ ਬਾਅਦ ਟਾਲ ਦਿੱਤਾ ਗਿਆ। ਉਧਰ ਰਿਲਾਇੰਸ ਪੰਪ ’ਤੇ ਲਗਾਤਾਰ ਚੱਲ ਰਿਹਾ ਧਰਨਾ 329ਵੇਂ ਦਿਨ ’ਚ ਦਾਖਲ ਹੋ ਗਿਆ। ਸਵੇਰੇ ਐਕਸੀਅਨ ਤੇ ਉਪ ਪੁਲੀਸ ਕਪਤਾਨ ਬਲਜਿੰਦਰ ਸਿੰਘ ਪੰਨੂ ਦੀ ਅਗਵਾਈ ’ਚ ਕਿਸਾਨ ਜਥੇਬੰਦੀ ਦੇ ਜ਼ਿਲ੍ਹਾ ਪ੍ਰਧਾਨ ਅਮਰੀਕ ਸਿੰਘ ਗੰਢੂਆਂ, ਬਲਾਕ ਪ੍ਰਧਾਨ ਧਰਮਿੰਦਰ ਸਿੰਘ ਪਸ਼ੌਰ ਦੀ ਹਾਜ਼ਰੀ ’ਚ ਧਰਨੇ ਨੂੰ ਨਾ ਲਾਉਣ ਸਬੰਧੀ ਫੈਸਲਾ ਹੋਇਆ ਅਤੇ ਐਕਸੀਅਨ ਨੇ ਕਿਸਾਨ ਧਰਨੇ ਦੀ ਸਟੇਜ ’ਤੇ ਆਕੇ ਸੰਬੋਧਨ ਕੀਤਾ। ਇਸ ਮੌਕੇ ਜ਼ਿਲ੍ਹਾ ਪ੍ਰਧਾਨ ਅਮਰੀਕ ਸਿੰਘ ਗੰਢੂਆ, ਬਲਾਕ ਪ੍ਰਧਾਨ ਧਰਮਿੰਦਰ ਸਿੰਘ ਪਸ਼ੌਰ, ਸੀਨੀਅਰ ਮੀਤ ਪ੍ਰਧਾਨ ਲੀਲਾ ਸਿੰਘ ਚੋਟੀਆਂ, ਮੀਤ ਪ੍ਰਧਾਨ ਸੂਬਾ ਸਿੰਘ ਸੰਗਤਪੁਰਾ, ਜਰਨਲ ਸਕੱਤਰ ਬਹਾਦਰ ਸਿੰਘ ਭੁਟਾਲ ਖੁਰਦ, ਕਾਰਜਕਾਰੀ ਪ੍ਰਧਾਨ ਰਾਮ ਸਿੰਘ ਢੀਂਡਸਾ, ਸੁਖਦੇਵ ਸ਼ਰਮਾ ਭੁਟਾਲ ਖੁਰਦ, ਪ੍ਰੈਸ ਸਕੱਤਰ ਹਰਜਿੰਦਰ ਸਿੰਘ ਨੰਗਲਾ, ਬਿੰਦਰ ਸਿੰਘ ਖੋਖਰ, ਸ਼ਿਵਰਾਜ ਸਿੰਘ ਗੁਰਨੇ ਕਲਾਂ, ਬੂਟਾ ਸਿੰਘ ਭੁਟਾਲ ਕਲਾ, ਨਿੱਕਾ ਸਿੰਘ ਸੰਗਤੀਵਾਲਾ, ਜਸ਼ਨਦੀਪ ਕੋਰ ਪਸ਼ੌਰ ਅਤੇ ਬਲਾਕ ਮਹਿਲਾ ਵਿੰਗ ਦੀ ਪ੍ਰਧਾਨ ਕਰਮਜੀਤ ਕੌਰ ਭੁਟਾਲ ਕਲਾਂ ਨੇ ਕਿਹਾ ਕਿ ਖੇਤੀ ਵਿਰੋਧੀ ਕਾਲੇ ਕਾਨੂੰਨਾਂ ਨੂੰ ਰੱਦ ਕਰਨ ਨੂੰ ਲੈਕੇ ਦਿੱਲੀ ’ਚ ਸੰਘਰਸ਼ ਨੂੰ ਨੌਂ ਮਹੀਨੇ ਤੇ ਇਥੇ ਸੰਘਰਸ਼ ਨੂੰ 11 ਮਹੀਨੇ ਹੋ ਚੁੱਕੇ ਹਨ ਅਤੇ ਕਾਲੇ ਕਾਨੂੰਨ ਰੱਦ ਕਰਨ ਤੱਕ ਧਰਨੇ ਇਸੇ ਤਰ੍ਹਾਂ ਜਾਰੀ ਰਹਿਣਗੇ।