ਪੱਤਰ ਪ੍ਰੇਰਕ
ਨਵੀਂ ਦਿੱਲੀ, 15 ਸਤੰਬਰ
ਗੁਰੂ ਗ੍ਰੰਥ ਸਾਹਿਬ ਦੇ ਪਾਵਨ ਸਰੂਪਾਂ ਨੂੰ ਅਫ਼ਗਾਨੀ ਸਿੱਖ ਜਥੇ ਵੱਲੋਂ ਭਾਰਤ ਲੈ ਕੇ ਆਉਣ ’ਤੇ ਅਫ਼ਗਾਨਿਸਤਾਨ ਸਰਕਾਰ ਵੱਲੋਂ ਲਗਾਈ ਗਈ ਪਾਬੰਦੀ ਨੂੰ ਦਿੱਲੀ ਗੁਰਦੁਆਰਾ ਕਮੇਟੀ ਦੇ ਪ੍ਰਧਾਨ ਹਰਮੀਤ ਸਿੰਘ ਕਾਲਕਾ ਅਤੇ ਜਨਰਲ ਸਕੱਤਰ ਜਗਦੀਪ ਸਿੰਘ ਕਾਹਲੋਂ ਨੇ ਮੰਦਭਾਗਾ ਕਰਾਰ ਦਿੱਤਾ ਹੈ।
ਉਪਰੋਕਤ ਆਗੂਆਂ ਨੇ ਅੱਗੇ ਕਿਹਾ ਕਿ ਇਸ ਘਟਨਾ ਨਾਲ ਸਿੱਖਾਂ ਦੇ ਮਨਾਂ ਨੂੰ ਡੂੰਘੀ ਸੱਟ ਵੱਜੀ ਹੈ ਅਤੇ ਇਹ ਸਿੱਖਾਂ ਦੇ ਧਾਰਮਿਕ ਮਾਮਲਿਆਂ ਵਿੱਚ ਦਖਲ ਹੈ, ਇਸ ਲਈ ਤਾਲਿਬਾਨ ਸਰਕਾਰ ਇਸ ਪਾਬੰਦੀ ਦੇ ਫ਼ੈਸਲੇ ਨੂੰ ਵਾਪਸ ਲਵੇ। ਉਨ੍ਹਾਂ ਭਾਰਤ ਸਰਕਾਰ ਨੂੰ ਵੀ ਅਪੀਲ ਕੀਤੀ ਕਿ ਅਫ਼ਗਾਨਿਸਤਾਨ ਵਿਦੇਸ਼ ਮੰਤਰਾਲੇ ਨਾਲ ਰਾਬਤਾ ਕੀਤਾ ਜਾਵੇ ਤਾਂ ਜੋ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਸਰੱਖਿਅਤ ਭਾਰਤ ਪਰਤ ਸਕਣ। ਸ੍ਰੀ ਕਾਲਕਾ ਅਤੇ ਸ੍ਰੀ ਕਾਹਲੋਂ ਨੇ ਸਖਤ ਆਲੋਚਨਾ ਕਰਦਿਆਂ ਕਿਹਾ ਕਿ ਜਦੋਂ ਤੋਂ ਅਫ਼ਗਾਨਿਸਤਾਨ ਵਿੱਚ ਤਾਲਿਬਾਨੀ ਸਰਕਾਰ ਬਣੀ ਹੈ ਉਦੋਂ ਤੋਂ ਉੱਥੇ ਵੱਸਦੇ ਸਿੱਖ ਅਤੇ ਹਿੰਦੂ ਪਰਿਵਾਰ ਦਹਿਸ਼ਤ ਵਿੱਚ ਜ਼ਿੰਦਗੀ ਬਸਰ ਕਰ ਰਹੇ ਹਨ। ਘੱਟ ਗਿਣਤੀਆਂ ’ਤੇ ਹੁੰਦੇ ਤਸ਼ੱਦਦ ਕਾਰਨ ਹੀ ਹਿੰਦੂ ਅਤੇ ਸਿੱਖ ਭਾਈਚਾਰੇ ਦੇ ਲੋਕ ਭਾਰਤ ਪਰਤਣ ਨੂੰ ਮਜਬੂਰ ਹੋ ਰਹੇ ਹਨ। ਉਨ੍ਹਾਂ ਦੱਸਿਆ ਕਿ 11 ਸਤੰਬਰ ਨੂੰ 60 ਅਫ਼ਗਾਨੀ ਸਿੱਖਾਂ ਦੇ ਜਥੇ ਨੇ ਚਾਰ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਸਣੇ ਭਾਰਤ ਪੁੱਜਣਾ ਸੀ ਪਰ ਤਾਲਿਬਾਨੀ ਸਰਕਾਰ ਵੱਲੋਂ ਸਰੂਪ ਲਿਆਉਣ ’ਤੇ ਰੋਕ ਲਗਾ ਦਿੱਤੀ ਗਈ। ਜਿਨ੍ਹਾਂ ਅਫ਼ਗਾਨੀ ਸਿੱਖਾਂ ਨੇ ਭਾਰਤ ਆਉਣਾ ਸੀ ਉਹ ਵੀ ਸਰੂਪਾਂ ’ਤੇ ਪਾਬੰਦੀ ਕਾਰਨ ਭਾਰਤ ਨਹੀਂ ਪਰਤ ਸਕੇ।