ਪ੍ਰੋ. ਕੁਲਵੰਤ ਸਿੰਘ ਔਜਲਾ
ਪਰਵਾਸ ਤੇ ਹੇਰਵਾ
ਮੇਰੇ ਭਰਾ ਸਰਵਣ ਸਿੰਘ ਔਜਲਾ ਦਾ ਬੇਟਾ ਪੜ੍ਹਨ ਵਾਸਤੇ ਕੈਨੇਡਾ ਚਲਾ ਗਿਆ ਹੈ। ਹਰ ਦੂਜੇ-ਤੀਜੇ ਦਿਨ ਮੈਂ ਸਰਵਣ ਨੂੰ ਫੋਨ ’ਤੇ ਪੁੱਛਦਾ ਰਹਿੰਦਾ ਹਾਂ, ‘‘ਸਰਵਣ, ਕਾਕੇ ਦਾ ਜੀਅ ਲੱਗ ਗਿਐ?’’ ਸਰਵਣ ਆਪਣੇ ਮਿੱਤਰਾਂ ਸਬੰਧੀਆਂ ਵੱਲੋਂ ਕਾਕੇ ਪ੍ਰਤੀ ਪ੍ਰਗਟਾਏ ਸਨੇਹ ਦੀਆਂ ਗੱਲਾਂ ਸੁਣਾ ਸੁਣਾ ਕੇ ਆਪਣੇ ਉਦਾਸ ਤੇ ਓਦਰੇ ਜੀਅ ਨੂੰ ਪਰਚਾਉਂਦਾ ਹੈ। ਡਾਕਟਰ ਉਪਿੰਦਰਜੀਤ ਕੌਰ ਮਿਲੇ ਤਾਂ ਉਨ੍ਹਾਂ ਵੀ ਮੇਰੇ ਵਾਲਾ ਹੀ ਸਵਾਲ ਕੀਤਾ, ‘‘ਸਰਵਣ, ਕਾਕੇ ਦਾ ਜੀਅ ਲੱਗ ਗਿਐ?’’ ਸਰਵਣ ਦੇ ਜਵਾਬ ਤੋਂ ਪਹਿਲਾਂ ਆਪ ਹੀ ਕਹਿਣ ਲੱਗੇ, ‘‘ਪਰਦੇਸਾਂ ਵਿਚ ਜੀਅ ਲਾਉਣਾ ਬੜਾ ਔਖਾ ਹੁੰਦੈ।’’ ਜੀਅ ਸ਼ਬਦ ਪੰਜਾਬ ਦੀ ਰੂਹ, ਰਵਾਇਤ ਤੇ ਰਸਿਕਤਾ ਦਾ ਰਾਗ ਹੈ। ਗੁਰਬਾਣੀ ਵਿਚ ਇਸ ਨੂੰ ‘ਮੇਰੇ ਜੀਊੜਿਆ ਪਰਦੇਸੀਆ’ ਦੇ ਸੰਬੋਧਨ ਨਾਲ ਸਮੂਰਤ ਕੀਤਾ ਗਿਆ ਹੈ। ਅਜਿਹੇ ਸ਼ਬਦਾਂ ਦਾ ਅਨੁਵਾਦ ਨਹੀਂ ਹੋ ਸਕਦਾ। ਉਦਾਸੀ ਪੰਜਾਬੀ ਮਨ ਦਾ ਖ਼ਾਸਾ, ਖ਼ੁਆਬਗੋਈ ਤੇ ਖ਼ਬਤ ਹੈ। ਬਾਬਾ ਨਾਨਕ ਦੀਆਂ ਉਦਾਸੀਆਂ ਦੇ ਸਫ਼ਰ, ਸੰਵਾਦ, ਸੰਵੇਦਨਾ ਤੇ ਸਿਮਰਤੀ ਵਿਚੋਂ ਸੁਪਨਿਆਂ ਤੇ ਸਿਧਾਂਤਾਂ ਦੇ ਸੂਰਜ ਉਦੈ ਹੋਏ। ਉਦਾਸੀ ਪੰਜਾਬੀ ਸੁਭਾਅ ਨੂੰ ਊਰਜਾ, ਉੱਦਮ ਤੇ ਉੱਨਤੀ ਦਿੰਦੀ ਹੈ। ਸਫ਼ਰ ਤੇ ਸੰਘਰਸ਼ ਵਿਚੋਂ ਉਪਜੇ ਲੋਕ ਧਰਤੀਆਂ ਦੀ ਥਾਂ ਅੰਬਰਾਂ ’ਤੇ ਜ਼ਿਆਦਾ ਰਹਿੰਦੇ ਹਨ। ਜੀਅ ਲੱਗਣ ਜਾਂ ਲਾਉਣ ਦਾ ਪੜ੍ਹਾਈ ਨਾਲ ਕੋਈ ਸਬੰਧ ਨਹੀਂ। ਮੇਰਾ ਛੋਟਾ ਭਰਾ ਬਲਦੀਸ਼ ਬਹੁਤ ਪੜ੍ਹ-ਲਿਖ ਕੇ ਵਿਦੇਸ਼ ਗਿਆ। ਜੀਅ ਨਾ ਲੱਗੇ। ਕਿੱਥੇ ਡਾਕਟਰੇਟ ਦੀ ਪੜ੍ਹਾਈ ਤੇ ਕਿੱਥੇ ਡਾਲਰ-ਯੁਕਤ ਦਿਹਾੜੀਆਂ? ਨਿਮਨ ਕਿਰਸਾਨ ਬਾਪ ਨੇ ਕਿਹਾ, ‘‘ਪੁੱਤਰ ਆ ਜਾ।’’ ਪੁੱਤਰ ਨੂੰ ਪਤਾ ਸੀ ਕਿ ਬਾਪ ਮੈਨੂੰ ਲੰਬਾ ਸਮਾਂ ਰੋਟੀ ਨਹੀਂ ਖੁਆ ਸਕਦਾ। ਸਿੱਟੇ ਵਜੋਂ ਉਹ ਜੀਅ ਲਾਉਣ ਲਈ ਜ਼ਿੰਦਗੀ ਨੂੰ ਨਵੇਂ ਸਿਰੇ ਤੋਂ ਪੜ੍ਹਨ ਤੇ ਘੜਨ ਦੇ ਸਫ਼ਰ ਤੇ ਸੰਘਰਸ਼ ਦੀਆਂ ਨੀਂਹਾਂ ਪੁੱਟਣ ਲੱਗ ਪਿਆ। ਭਾਵੇਂ ਉਸ ਦਾ ਜੀਅ ਲੱਗ ਗਿਆ ਅਤੇ ਚੰਗਾ ਕਾਰੋਬਾਰ ਵੀ ਉਸਾਰ ਲਿਆ, ਪਰ ਜਦੋਂ ਵੀ ਪਿੰਡ ਆਉਂਦਾ ਤਾਂ ਵਿਛੜਨ ਵੇਲੇ ਬੱਚਿਆਂ ਵਾਂਗੂੰ ਰੋਂਦਾ। ਮੈਂ ਉਸ ਬਾਰੇ ਨਜ਼ਮ ਲਿਖੀ। ਮੇਰੇ ਭਰਾ ਨੂੰ ਵੀਹ ਵਰ੍ਹੇ ਹੋ ਗਏ ਨੇ ਪਰਦੇਸ ਰਹਿੰਦਿਆਂ, ਪਰ ਅਜੇ ਤੀਕ ਵੀ ਉਸ ਦੀਆਂ ਅੱਖਾਂ ਵਿਚੋਂ ਅੱਥਰੂ ਸੁੱਕੇ ਨਹੀਂ। ਅੱਥਰੂ ਉਦਾਸੀ ਦਾ ਮਾਸੂਮ ਮਨੋਵੇਗ ਹੁੰਦੇ ਹਨ। ਜਿਊਂਦੇ ਆਦਮੀ ਦੇ ਚਸ਼ਮੇ।
ਵਿਛੜਨ ਲੱਗਾ ਰੋਂਦਾ ਹੈ ਤੇ ਸਾਰਿਆਂ ਨੂੰ ਰਵਾਉਂਦਾ ਹੈ
ਮੇਰਾ ਭਰਾ ਅੱਖਾਂ ਨੂੰ ਪਿਘਲਾਉਣ ਲਈ ਪਿੰਡ ਆਉਂਦਾ ਹੈ
ਪਿੰਡ ਵੀ ਜੇ ਕੋਈ ਮੋਹ ਕਰਨ ਵਾਲਾ ਹੋਵੇ ਤਾਂ ਹੀ ਜੀਅ ਕਰਦਾ ਪਿੰਡ ਆਉਣ ਨੂੰ। ਕਈਆਂ ਲਈ ਪਿੰਡ ਵੀ ਪਰਦੇਸ ਹੋ ਗਏ। ਗਾਇਕ ਦੀਦਾਰ ਪਰਦੇਸੀ ਅੰਬਾਂ ਦੇ ਬੂਟਿਆਂ ਨੂੰ ਮਿਲਣ ਬਹਾਨੇ ਪਿੰਡ ਆਉਂਦਾ ਹੈ ਤੇ ਸੂਰਜੀਤ ਪਾਤਰ ਨੇ ਪਿੰਡ ਵਾਲਾ ਘਰ ਤਿਆਗ ਦਿੱਤਾ। ਪਿੰਡ, ਘਰ ਤੇ ਦੇਸ ਆਪਣਿਆਂ ਕਰਕੇ ਧੜਕਦੇ ਹਨ। ਸੁਰਜੀਤ ਪਾਤਰ ਨੇ ‘ਹੁਣ ਘਰਾਂ ਨੂੰ ਪਰਤਣਾ ਮੁਸ਼ਕਿਲ ਬੜਾ ਹੈ’, ‘ਇਸ ਨਗਰੀ ਮੇਰਾ ਜੀਅ ਨਹੀਂ ਲੱਗਦਾ’ ਅਤੇ ‘ਦਿਲ ਹੀ ਉਦਾਸ ਹੈ ਜੀ, ਬਾਕੀ ਸਭ ਖ਼ੈਰ ਹੈ’ ਵਰਗੀਆਂ ਉਦਾਸ ਨਜ਼ਮਾਂ ਲਿਖ ਕੇ ਪੰਜਾਬੀ ਬੰਦੇ ਦੀ ਆਤਮਾ ਨੂੰ ਅਮਰ ਅਤੇ ਅਮੀਰ ਕਰ ਦਿੱਤਾ ਹੈ। ਕਵਿਤਾ ਵਿਚਲੀ ਉਦਾਸੀ ਸਕੀ ਸੋਦਰੀ ਲੱਗਣ ਲੱਗਦੀ ਹੈ। ਉਦਾਸੀ ਨਾਲ ਅਪਣੱਤ ਉੱਗਦੀ ਹੈ। ਅਪਣੱਤ ਦੇ ਹਿਰਦੇ ਨਾਲ ਆਕਰਸ਼ਿਤ ਤੇ ਆਤਮਸਾਤ ਕਰਦੀ ਕਵਿਤਾ ਕਦੇ ਮਰਦੀ ਨਹੀਂ। ਸ਼ਾਇਰੀ ਵਿਚ ਪ੍ਰਤੀਬਿੰਬਤ ਦਿਲ ਹਰ ਕਿਸੇ ਨੂੰ ਆਪਣਾ ਲੱਗਦਾ ਹੈ। ਮਾਨਵੀ ਅਹਿਸਾਸਾਂ ਨੂੰ ਨਿੱਘ ਮਿਲਦਾ ਹੈ ਅਤੇ ਬੇਚੈਨ ਆਂਦਰਾਂ ਨੂੰ ਚੈਨ ਤੇ ਚਾਹਤ ਨਾਲ ਪਰਚਣ ਦੀ ਜਾਗਰਿਤੀ ਮਿਲਦੀ ਹੈ। ਰੇਸ਼ਮਾ ਦੀ ਦਰਦ ਭਿੱਜੀ ਆਵਾਜ਼ ਵਿਚ ਗਾਇਆ ਗੀਤ ‘ਹਾਏ ਓ ਰੱਬਾ ਨਹੀਓਂ ਲੱਗਦਾ ਦਿਲ ਮੇਰਾ’ ਸਾਡੇ ਸਮਿਆਂ ਦੇ ਹਰ ਸਾਊ ਤੇ ਸੁਰੀਲੇ ਵਿਦਿਆਰਥੀ ਦੇ ਦਿਲ ਨੂੰ ਖਿੱਚ ਪਾਉਂਦਾ ਸੀ। ਦਿਲ ਨੂੰ ਖਿੱਚ ਪਾਉਂਦੀ ਗੀਤਕਾਰੀ ਤੇ ਗਾਇਕੀ ਰੂਹ ਨੂੰ ਰਾਹਤ ਦਿੰਦੀ ਹੈ। ਦਿਲ ਦੀਆਂ ਉਦਾਸ ਨਜ਼ਮਗੋਈਆਂ ਨਾੜਾਂ ਨੂੰ ਤਰੰਨੁਮ ਤੇ ਤਪਸ਼ ਨਾਲ ਲੈਆਤਮਕ ਕਰਦੀਆਂ ਹਨ। ਉਦਾਸੀ ਵਿਚੋਂ ਫ਼ਿਕਰ, ਫ਼ਿਰਾਕ ਤੇ ਫਲਸਫ਼ੇ ਦੀਆਂ ਧੁਨੀਆਂ ਉਦੈ ਹੁੰਦੀਆਂ ਹਨ। ਉਦਾਸੀ ਨੂੰ ਮਾਨਣ ਤੇ ਮੋਹ ਕਰਨ ਵਾਲੇ ਲੋਕਾਂ ਅੰਦਰ ਦਰਵੇਸੀ, ਦਾਰਸ਼ਨਿਕਤਾ ਤੇ ਦੂਰਅੰਦੇਸ਼ੀ ਪਨਪਦੀ ਹੈ। ਗੀਤ ਵਿਚਲੀ ਉਦਾਸੀ ਦੇ ਵੈਰਾਗ ਦੀ ਰੂਹ ਰੇਸ਼ਮਾ ਵਿਚ ਅਤੇ ਰੇਸ਼ਮਾ ਦੀ ਗਾਇਕੀ ਦੇ ਅੰਦਾਜ਼ ਤੇ ਅਨੁਭੂਤੀ ਦੀ ਰੂਹ ਸਰੋਤੇ ਵਿਚ ਉਤਰ ਕੇ ਦਿਲ ਨੂੰ ਸੁਰੀਲਾ ਤੇ ਸਾਜ਼ਿੰਦ ਕਰਦੀ ਹੈ। ਯੂਨੀਵਰਸਿਟੀ ਵਿਚ ਪੜ੍ਹਨ ਲਈ ਪਹਿਲੀ ਵਾਰ ਜਦੋਂ ਮੈਂ ਪਟਿਆਲੇ ਗਿਆ ਤਾਂ ਮੇਰੇ ਲਈ ਇਕ ਹਫ਼ਤਾ ਕੱਢਣਾ ਔਖਾ ਹੋ ਗਿਆ। ਜੀਅ ਨਾ ਲੱਗੇ। ਦਿਨ ਗਿਣ-ਗਿਣ ਕੇ ਸ਼ਨਿੱਚਰਵਾਰ ਆਇਆ ਤੇ ਲਗਪਗ ਅਸੀਂ ਸਾਰੇ ਵਿਦਿਆਰਥੀ ਪਿੰਡਾਂ ਨੂੰ ਭੱਜ ਗਏ। ਮਾਂ ਕਹਿੰਦੀ, ‘‘ਏਨੀ ਜਲਦੀ ਆ ਗਿਆ ਤੂੰ?’’ ਮੈਂ ਕਿਹਾ, ‘‘ਮਾਂ ਦਿਲ ਨਹੀਂ ਲੱਗਦਾ।’’ ਮਾਂ ਕਹਿੰਦੀ, ‘‘ਦਿਲ ਲਾਉਣਾ ਪੈਂਦਾ ਪੁੱਤਰ, ਕਿਤਾਬਾਂ ਨੂੰ ਮਾਂ ਬਣਾ, ਲੱਗ ਜਾਏਗਾ ਦਿਲ।’’ ਮਾਂ ਦੀ ਨੇਕ ਨਸੀਹਤ ਮੰਨ ਕੇ ਕਿਤਾਬਾਂ ਨੂੰ ਮਾਂ ਬਣਾ ਲਿਆ। ਕਿਤਾਬਾਂ ਨਾਲ ਮੋਹ ਪੈ ਗਿਆ। ਹੁਣ ਵੀ ਜਦੋਂ ਦਿਲ ਉਦਾਸ ਹੋਵੇ ਤਾਂ ਕਿਤਾਬ ਮੇਰਾ ਜੀਅ ਲਾਉਂਦੀ ਹੈ। ਕਿਤਾਬਾਂ ਨਾਲ ਨੇੜਤਾ ਵਿਚੋਂ ਕਵਿਤਾ ਜਨਮੀ। ਅਨਪੜ੍ਹ ਮਾਂ ਦੇ ਬੋਲਾਂ ਦੀ ਸਿੱਖਿਆ ਤੇ ਸੰਵੇਦਨਾ ਨੇ ਮੈਨੂੰ ‘ਮਾਂ ਵਰਗੀ ਕਵਿਤਾ’ ਦਾ ਪੰਧ ਤੇ ਰੂਹ ਦਿਖਾਈ। ਅੱਜਕੱਲ੍ਹ ਪੁਸਤਕਾਂ ਨਾਲ ਜੀਅ ਲਾਉਂਦਾ ਹਾਂ।
ਪੁਸਤਕਾਂ ਦਾ ਨੇੜ ਉਦਰੇਵੇਂ ਉਦਾਸੀਆਂ ਭਜਾਵੇ
ਪੁਸਤਕਾਂ ਦਾ ਨਿਹੁੰ ਸੰਘਰਸ਼ ਕਰਨਾ ਸਿਖਾਵੇ
ਮਾਂ ਦੇ ਦਿਲ ਵਰਗਾ ਦਿਲ ਹੋਰ ਕਿਸੇ ਕੋਲ ਨਹੀਂ। ਮਾਂ-ਦਿਲ ਬੱਚਿਆਂ ਦੇ ਦਿਲ ਦੀ ਹਰ ਹਰਕਤ ਤੇ ਹਰ ਧੜਕਣ ਨੂੰ ਜਾਣਦਾ ਹੁੰਦਾ ਹੈ। ਸੁਰਜੀਤ ਪਾਤਰ ਦੀ ਮਾਂ ਨੂੰ ਪੁੱਤਰ ਦੇ ਕਾਗ਼ਜ਼ਾਂ ਨੂੰ ਦੁੱਖ ਦੱਸਣ ਦੀ ਮਨੋਦਸ਼ਾ ਦਾ ਹਿਰਖ਼ ਤੇ ਹੇਰਵਾ ਸਤਾਉਂਦਾ ਹੈ। ਪੁੱਤਰ ਮਾਂ ਦੇ ਹੁੰਦਿਆਂ ਕਵਿਤਾ ਨੂੰ ਦੁੱਖ ਕਿਉਂ ਦੱਸੇ? ਮਾਂ ਭਾਵੇਂ ਦੁਨੀਆਂ ਤੋਂ ਚਲੀ ਜਾਂਦੀ ਹੈ, ਪਰ ਮਰਦੀ ਨਹੀਂ। ਅਸੀਂ ਆਪਣਾ ਦੁੱਖ, ਫ਼ਿਕਰ, ਝੋਰਾ, ਵਿਯੋਗ ਤੇ ਬੇਗਾਨਗੀ ਮੋਈ ਮਾਂ ਨੂੰ ਦੱਸਦੇ ਰਹਿੰਦੇ ਹਾਂ। ਸੱਚੇ ਸੁੱਚੇ, ਸੰਵੇਦਨਸ਼ੀਲ ਤੇ ਸੁਪਨਸਾਜ਼ ਜਜ਼ਬਿਆਂ ਦੀ ਕੁੱਖੋਂ ਜਨਮੀਆਂ ਕਵਿਤਾਵਾਂ ਮਾਂ ਵਰਗੀਆਂ ਹੁੰਦੀਆਂ ਹਨ। ਉਦਾਸ ਸ਼ਾਇਰੀ ਮਾਂ ਦੇ ਫ਼ਿਕਰ ਵਰਗੀ ਹੁੰਦੀ ਹੈ। ਕਿਸੇ ਜ਼ਮਾਨੇ ਬਸ਼ੀਰ ਬਦਰ ਦਾ ਗੀਤ ਬਹੁਤ ਮਕਬੂਲ ਹੋਇਆ। ‘ਦਿਲ ਚੀਜ਼ ਕਯਾ ਹੈ ਆਪ ਮੇਰੀ ਜਾਨ ਲੀਜੀਏ’ ਗੀਤ ਦਾ ਸੂਖ਼ਮ ਸੰਬੋਧਨ ਅਤੇ ਆਪਾ ਨਿਛਾਵਰ ਕਰਨ ਦੀ ਲੈਆਤਮਕ ਹੂਕ ਬੇਚੈਨ ਰੂਹਾਂ ਨੂੰ ਅੰਦਰੋਂ ਤੜਪਾਉਂਦੀ ਕਰਦੀ ਰਹੀ। ਗੀਤ ਦੀ ਸਰਗਮ ਤੇ ਸੰਵੇਦਨਾ ਨੇ ਰੋਮ-ਰੋਮ ਨੂੰ ਮੋਹ ਦੀ
ਮਿਠਾਸ ਨਾਲ ਮੁਤਾਸਿਰ ਕੀਤਾ। ਕਲਾ ਦੀ ਉਡਾਣ ਤੇ ਊਰਜਾ ਮਨੁੱਖ ਨੂੰ ਕਠੋਰ ਤੇ ਕਲਰਾਠੇ ਹੋਣ ਤੋਂ ਬਚਾਉਂਦੀ ਹੈ। ਕਰੋਨਾ ਦੇ ਖ਼ੌਫ਼ ਨੇ ਚੰਗੀ ਭਲੀ ਦੁਨੀਆਂ ਨੂੰ ਅਲਹਿਦਗੀ, ਅਵਾਜ਼ਾਰੀ ਤੇ ਅਸਥਿਰਤਾ ਨਾਲ ਬੇਚੈਨ ਕਰ ਦਿੱਤਾ ਹੈ। ਦੂਰੀਆਂ ਤੇ ਵਿੱਥਾਂ ਨੇ ਮਨੁੱਖ ਨੂੰ ਮਾਤਮੀ ਤੇ ਮੋਹਹੀਣ ਅਹਿਸਾਸਾਂ ਤੇ ਅਫ਼ਵਾਹਾਂ ਨਾਲ ਭਰ ਦਿੱਤਾ। ਘਰ ਬੇਗਾਨਗੀ ਹੰਢਾਉਣ ਲੱਗੇ ਹਨ। ਦਿਲ ਲੱਗਣੋਂ ਹਟ ਗਏ ਹਨ।
ਇਸ ਮਾਹੌਲ ਨੇ ਰਿਸ਼ਤਿਆਂ ਤੇ ਰੂਹਾਂ ਨੂੰ ਰੇਗਿਸਤਾਨ ਕਰ ਦਿੱਤਾ ਹੈ। ਮੋਹਭੰਗਤਾ ਤੇ ਮਾਤਮ ਦੇ ਮਾਹੌਲ ਕਾਰਨ ਜੀਊਣ ਦੇ ਜਜ਼ਬੇ ਤੇ ਜੀਵੰਤਤਾ ਨਿਰਬਲ ਹੋ ਗਈ ਹੈ। ਸਿਰਫ਼ ਕਲਾ, ਕਿਤਾਬ ਤੇ ਕੁਦਰਤ ਨੂੰ ਪਿਆਰ ਕਰਨ ਵਾਲੇ ਲੋਕ ਹੀ ਨਿਰਾਸ਼ ਤੇ ਨਾਂਹਮੁਖੀ ਹੋਣ ਤੋਂ ਬਚ ਸਕੇ ਹਨ। ਇਸ ਦੌਰ ਵਿਚ ਬਹੁਤ ਲੋਕਾਂ ਨੂੰ ਫੋਨ ਕੀਤੇ। ਸਾਰੇ ਲੋਕ ਦਿਲ ਢਾਹੂ ਬਿਮਾਰੀ ਨਾਲ ਪੀੜਤ ਲੱਗੇ। ਮੌਤ ਮਨਾਂ ਵਿਚ ਵੜ ਗਈ ਜਾਪਦੀ ਹੈ। ਦਿਸ਼ਾਹੀਣ ਹੋ ਗਿਆ ਜਹਾਨ ਸਾਰਾ। ਅਜਿਹੇ ਉਚਾਟ ਤੇ ਓਦਰੇ ਮੌਸਮ ਵਿਚ ਕਿਤਾਬਾਂ ਨੇ ਜੀਅ ਲਾਇਆ। ਉਮੀਦ ਤੇ ਅਰਜ਼ੋਈ ਵਰਗੀਆਂ ਕਵਿਤਾਵਾਂ ਲਿਖੀਆਂ ਅਤੇ ਮਾਤਮ ਦੇ ਜਾਪ ਵਿਚੋਂ ਜਜ਼ਬਿਆਂ ਦਾ ਆਸ਼ਵਾਦ ਉਗਾਇਆ:
ਕਰੀਏ ਦੁਆਵਾਂ ਖ਼ਤਮ ਹੋਣ ਖ਼ੁਆਰੀਆਂ
ਬੀਜੀਏ ਖ਼ਿਆਲਾਂ ਦੀਆਂ ਕਾਵਿਕ ਕਿਆਰੀਆਂ
ਵੇਦਨਾ ਵੈਗਾਰ ਹੋਰ ਜਾਣ ਨਾ ਜਰੇ
ਭੇਜ ਮੌਲਾ ਭੇਜ ਦਿਨ ਹਰੇ ਭਰੇ
ਪੰਜਾਬੀ ਮਨ ਕੋਲ ਅਸੀਸਾਂ, ਅਰਜ਼ੋਈਆਂ ਤੇ ਦੁਆਵਾਂ ਦੀ ਕਾਵਿਕ ਵਿਰਾਸਤ ਦਾ ਦਾਰਸ਼ਨਿਕ ਖ਼ਜ਼ਾਨਾ ਹੈ। ‘ਰੱਬਾ-ਰੱਬਾ ਮੀਂਹ ਵਰ੍ਹਾ’ ਦੀ ਲੋਕਯਾਨਿਕ ਅਰਜ਼ੋਈ ਨੇ ਸਾਡੇ ਮਨਾਂ ਅੰਦਰੋਂ ਉਮੀਦ, ਉਡੀਕ ਤੇ ਊਰਜਾ ਕਦੇ ਮੁੱਕਣ ਨਹੀਂ ਦਿੱਤੀ। ਇਸੇ ਕਰਕੇ ਪੰਜਾਬੀਆਂ ਨੇ ਵਿਦੇਸ਼ਾਂ ਵਿਚ ਨਿੱਕੇ-ਨਿੱਕੇ ਪੰਜਾਬ ਵਸਾ ਲਏ ਹਨ। ਵਿਰਾਸਤ ਤੋਂ ਬੇਮੁਖ ਹੋ ਕੇ ਬਾਜ਼ਾਰ ਵੱਲ ਆਕਰਸ਼ਿਤ ਹੋਣ ਨਾਲ ਬੰਦਾ ਵਸਤੂ ਹੋਣ ਦੇ ਚੱਕਰ ਵਿਚ ਫਸ ਜਾਂਦਾ ਹੈ। ਮਨ, ਚਿਤ, ਜਾਨ ਤੇ ਜੀਅ ਵਾਸਤਵ ਵਿਚ ਦਿਲ ਦੇ ਵੱਖ-ਵੱਖ ਰੰਗਾਂ ਦੀਆਂ ਮਾਨਵੀ ਧੁਨੀਆਂ ਤੇ ਧੜਕਣਾਂ ਹਨ। ਪੁਰਾਣੇ ਲੋਕਾਂ ਕੋਲ ਸਾਦਗੀ, ਸੁਹਿਰਦਤਾ, ਸੁਦ੍ਰਿੜਤਾ, ਸਹਿਯੋਗ ਤੇ ਸਮਰਪਣ ਜਿਹੀਆਂ ਮਾਨਵੀ ਬਿਰਤੀਆਂ ਤੇ ਬਾਦਸ਼ਾਹੀਆਂ ਸਨ ਜੋ ਉਨ੍ਹਾਂ ਨੂੰ ਔਕੜਾਂ ਵਿਚ ਵੀ ਡੋਲਣ ਨਹੀਂ ਸੀ ਦਿੰਦੀਆਂ। ਅਜੋਕੇ ਬੰਦੇ ਕੋਲ ਮਾਨਵੀ ਔਸ਼ਧੀਆਂ ਤੇ ਆਕਸੀਜਨਾਂ ਦਾ ਭੰਡਾਰ ਨਹੀਂ ਹੈ। ਪੈਸੇ, ਪਦਾਰਥ, ਪ੍ਰਾਪਤੀਆਂ ਤੇ ਪ੍ਰਭੂਤਾਵਾਂ ਨੇ ਬੰਦੇ ਨੂੰ ਬਿਮਾਰ ਤੇ ਬੇਦਿਲ ਕਰ ਦਿੱਤਾ ਹੈ। ਕਿਤਾਬਾਂ ਕਾਗ਼ਜ਼ੀ ਹੋ ਗਈਆਂ ਹਨ। ਸਿਧਾਂਤਾਂ ਕੋਲ ਸੰਵੇਦਨਾ ਨਹੀਂ। ਸਿਆਸਤ ਸੱਤਾ ਦਾ ਆਨੰਦ ਲੈਣ ਵਿਚ ਮਸਰੂਫ਼ ਹੈ। ਕਾਵਿਕ, ਕਰਮਾਂਵਾਲੇ, ਕਿਰਿਆਸ਼ੀਲ ਤੇ ਕਲਾਵੰਤ ਲੋਕਾਂ ਦਾ ਜਹਾਨ ਸੁੰਗੜਦਾ ਜਾ ਰਿਹਾ ਹੈ। ਬਾਜ਼ਾਰ ਨੇ ਉਦਾਸੀਆਂ, ਹੇਰਵਿਆਂ, ਹਿਰਖ਼ਾਂ ਤੇ ਹੈਰਾਨਗੀਆਂ ਲਈ ਵਸਤੂਭੋਗੀ ਫਾਰਮੂਲੇ ਤੇ ਫਲਸਫੇ਼ ਘੜ ਲਏ ਹਨ। ਡਿਜੀਟਲ ਲਿਫ਼ਾਫ਼ੇ-ਬਾਜ਼ੀਆਂ ਨਾਲ ਦਿਲ ਪਰਚਾਏ ਜਾ ਰਹੇ ਹਨ। ਸਾਡਾ ਨਿੱਕਾ ਜਿਹਾ ਪੋਤਰਾ ਚਾਰ ਮਹੀਨੇ ਸਾਡੇ ਕੋਲ ਰਿਹਾ। ਖਾਣਾ-ਪੀਣਾ ਤੇ ਲਿਖਣਾ-ਪੜ੍ਹਨਾ ਸਭ ਕੁਝ ਭੁੱਲ ਗਏ ਅਸੀਂ। ਬੱਚੇ ਨਾਲ ਬੱਚੇ ਹੋ ਗਏ। ਬਹੁਤ ਜੀਅ ਲੱਗਾ। ਬਿਰਧ ਸਰੀਰਾਂ ਵਿਚ ਜਾਨ, ਜੁੰਬਿਸ਼ ਤੇ ਜ਼ਿੰਦਗੀ ਊਰਜਿਤ ਹੋਈ। ਕੁਝ ਨਹੀਂ ਲਿਖ ਹੋਇਆ ਮੈਥੋਂ। ਮੈਂ ਬੱਚੇ ਦੀਆਂ ਨਜ਼ਮਾਂ ਗੀਤ ਸੁਣ-ਸੁਣ ਕਾਵਿਕ ਹੁੰਦਾ ਰਿਹਾ। ਉਸ ਦੇ ਵਿਦੇਸ਼ ਚਲੇ ਜਾਣ ਪਿੱਛੋਂ ਘਰ ਉਦਾਸ ਹੈ। ਰੋਜ਼ ਡਿਜੀਟਲ ਗੱਲਬਾਤ ਹੁੰਦੀ ਹੈ, ਪਰ ਮਿਲਾਪ ਤੇ ਮੋਹ ਦੀਆਂ ਆਂਦਰਾਂ ਪਹਿਲਾਂ ਵਾਂਗ ਨਹੀਂ ਪੰਘਰਦੀਆਂ। ਪਰਦੇਸ ਦੀਆਂ ਦੂਰੀਆਂ ਇੰਜ ਹੀ ਹੌਲੀ-ਹੌਲੀ ਮੋਹ, ਮਿਲਾਪ ਤੇ ਮਿਠਾਸ ਨੂੰ ਸੁਕਾ ਦਿੰਦੀਆਂ ਹਨ। ਜੀਅ ਨਾ ਲੱਗਣਾ ਸਜੀਵ ਤੇ ਸਜਿੰਦ ਲੋਕਾਂ ਦੀ ਫ਼ਿਤਰਤ ਤੇ ਫਲਸਫ਼ਾ ਹੈ। ਸੁੱਕੇ ਹੋਏ ਤਨ ਕੀ ਉਦਾਸ ਹੋਣਗੇ? ਉਦਾਸੀਆਂ ਦੀ ਖ਼ੈਰ ਮੰਗੀਏ ਤਾਂ ਕਿ ਚਾਹਤ ਜਿਉਂਦੀ ਰਹੇ। ਉਦਾਸ ਹੋਣ ਨਾਲ ਸਵੇਰ ਵਰਗੀ ਉਡੀਕ ਜਾਗਦੀ ਹੈ। ਜਜ਼ਬਿਆਂ ਦੀਆਂ ਜਾਗੀਰਾਂ ਮੁੱਕਦੀਆਂ ਨਹੀਂ। ਜਜ਼ਬੇ ਹੋਣਗੇ ਤਾਂ ਸਰੀਰ ਜ਼ਿੰਦਾ ਰਹਿਣਗੇ। ਸਿਰਫ਼ ਸਰੀਰਾਂ ਦਾ ਕੀ ਕਰਾਂਗੇ? ਜੀਅ ਲਾਉਣ ਲਈ ਮਨੁੱਖ ਨੂੰ ਖ਼ੁਆਬਸ਼ੀਲ ਤੇ ਖ਼ਾਕਸਾਰ ਹੋਣਾ ਪੈਣਾ। ਨੇੜਲਿਆਂ ਨੂੰ ਆਵਾਜ਼ ਮਾਰਨੀ ਪਵੇਗੀ। ਖ਼ੁਦ ਨੂੰ ਖ਼ੁਦਾ ਸਮਝ-ਸਮਝ ਅਕਾਵਿਕ ਤੇ ਅਪਾਹਜ ਹੋ ਜਾਵਾਂਗੇ। ਅੰਦਰੋਂ ਫੁੱਟੋ।
ਮਿਲ ਜਾਵੋ ਆ ਕੇ ਕਦੀ ਬਹੁਤ ਉਦਾਸ ਹਾਂ ਯਾਰੋ
ਪੰਘਰੇ ਜੋ ਦਿਲ ਅੰਦਰੋਂ ਐਸਾ ਪਰਵਾਸ ਹਾਂ ਯਾਰੋ।