ਟ੍ਰਿਬਿਊਨ ਨਿਊਜ਼ ਸਰਵਿਸ
ਲੁਧਿਆਣਾ, 13 ਦਸੰਬਰ
ਇਥੇ ਲੋਕ ਇਨਸਾਫ਼ ਪਾਰਟੀ ਵੱਲੋਂ ਹਲਕਾ ਉਤਰੀ ਵਿੱਚ ਸਮੱਸਿਆਵਾਂ ਦੇ ਲਈ ਖੁੱਲ੍ਹੀ ਬਹਿਸ ਰੱਖੀ ਗਈ ਸੀ, ਜਿਸ ਵਿੱਚ ਸੱਤਾਧਾਰੀ ਪਾਰਟੀ, ਐੱਨਜੀਓ, ਵਿਰੋਧੀ ਧਿਰ ਪਾਰਟੀਆਂ ਦੇ ਆਗੂ ਤੇ ਮੁਹੱਲਾ ਸੁਧਾਰ ਕਮੇਟੀਆਂ ਦੇ ਪ੍ਰਧਾਨਾਂ ਨੂੰ ਖੁੱਲ੍ਹਾ ਸੱਦਾ ਦਿੱਤਾ ਗਿਆ ਸੀ, ਪਰ ਇਸ ਵਿੱਚ ਹਲਕਾ ਦੇ ਵਿਧਾਇਕ ਨਹੀਂ ਪੁੱਜੇ। ਖੁੱਲ੍ਹੀ ਬਹਿਸ ਵਿੱਚ ਪਾਰਟੀ ਦੇ ਹਲਕਾ ਉਤਰੀ ਦੇ ਇੰਚਾਰਜ ਰਣਧੀਰ ਸਿੰਘ ਸਿਵੀਆ ਨੇ ਕਿਹਾ ਕਿ ਅਸੀ ਇਹ ਬਹਿਸ ਅਸੁਰੱਖਿਅਤ ਪੁੱਲ ’ਤੇ ਰੱਖੀ ਸੀ, ਪਰ ਇਸ ਵਿੱਚ ਰਵਾਇਤੀ ਪਾਰਟੀਆਂ ਦੇ ਆਗੂ ਹਿੱਸਾ ਲੈਣ ਹੀ ਨਹੀਂ ਪੁੱਜੇ।
ਰਣਧੀਰ ਸਿੰਘ ਸਿਵੀਆ ਦੱਸਿਆ ਕਿ ਉਨ੍ਹਾਂ ਹਲਕੇ ਦੇ ਵਿਧਾਇਕ ਰਾਕੇਸ਼ ਪਾਂਡੇ, ਆਪ ਉਮੀਦਵਾਰ ਚੌਧਰੀ ਮਦਨ ਲਾਲ ਬੱਗਾ, ਅਕਾਲੀ ਉਮੀਦਵਾਰ ਆਰਡੀ ਸ਼ਰਮਾ ਸਮੇਤ ਵੱਖ-ਵੱਖ ਆਗੁੂਆਂ ਨੂੰ ਸੱਦਾ ਪੱਤਰ ਭੇਜੇ ਸਨ ਪਰ ਕੋਈ ਵੀ ਇਸ ਵਿੱਚ ਹਿੱਸਾ ਲੈਣ ਨਹੀਂ ਪੁੱਜਿਆ, ਉਨ੍ਹਾਂ ਕਿਹਾ ਕਿ ਹਲਕੇ ਦੇ ਲੋਕ ਇੱਥੇ ਸੱਤਾ ਦਾ ਆਨੰਦ ਮਾਣ ਰਹੇ ਅਤੇ ਮਾਣ ਚੁੱਕੇ ਆਗੂਆਂ ਨੂੰ ਪੁੱਛਣਾ ਚਾਹੁੰਦੇ ਹਨ ਕਿ ਇਹ ਹਲਕਾ ਬੁਨਿਆਦੀ ਸਹੁੂਲਤਾਂ ਤੋਂ ਸੱਖਣਾ ਕਿਉਂ ਹੈ, ਜਦਕਿ ਰਾਕੇਸ਼ ਪਾਂਡੇ ਇਸ ਹਲਕੇ ਤੋਂ 6 ਵਾਰ ਵਿਧਾਇਕ ਅਤੇ ਇਕ ਵਾਰ ਰਾਜ ਮੰਤਰੀ ਰਹੇ ਹਨ। ਚੌਧਰੀ ਮਦਨ ਲਾਲ ਬੱਗਾ ਨੇ ਬਿਨਾਂ ਚੋਣ ਲੜੇ 10 ਸਾਲ ਚੇਅਰਮੈਨ ਰਹਿੰਦੇ ਹੋਏ ਰਾਜ ਮੰਤਰੀ ਦੇ ਅਹੁਦੇ ਦਾ ਆਨੰਦ ਮਾਣਿਆ ਹੈ ਅਤੇ ਆਰਡੀ ਸ਼ਰਮਾ ਵੀ ਡਿਪਟੀ ਮੇਅਰ ਰਹੇ ਹਨ। ਉਨ੍ਹਾਂ ਕਿਹਾ ਕਿ ਆਜ਼ਾਦੀ ਤੋਂ ਲੈ ਕੇ ਹੁਣ ਤੱਕ ਇਸ ਹਲਕੇ ਵਿੱਚ ਕੋਈ ਤਹਿਸੀਲ, ਸਰਕਾਰੀ ਹਸਪਤਾਲ, ਸਰਕਾਰੀ ਕਾਲਜ, ਸਟੇਡੀਅਮ, ਰੇਲਵੇ ਅੰਡਰ ਬਰਿੱਜ, ਸੁਵਿਧਾ ਸੇੈਂਟਰ ਜਾਂ ਕੋਈ ਹੋਰ ਸੁਵਿਧਾ ਨਹੀਂ ਲੈ ਕੇ ਨਹੀਂ ਆਏ ਅਤੇ ਜੇਕਰ ਇਨ੍ਹਾਂ ਦੀ ਨਲਾਇਕੀ ਦੇਖੀ ਜਾਵੇ ਤਾਂ ਇਸ ਹਲਕੇ ਵਿਚੋਂ ਲੰਘਦੇ ਬੁਢੇ ਦਰਿਆ ਨੂੰ ਗੰਦਾ ਨਾਲਾ ਬਣਾ ਕੇ ਰੱਖ ਦਿੱਤਾ। ਉਨ੍ਹਾਂ ਦੋਸ਼ ਲਾਇਆ ਕਿ ਵਿਧਾਇਕ ਪਾਂਡੇ ਨੇ ਆਪਣੇ ਹਲਕੇ ਦੇ ਨੌਜਵਾਨਾ ਨੂੰ ਨੌਕਰੀ ਦਵਾਉਣ ਦੀ ਥਾਂ ਆਪਣੇ ਮੁੰਡੇ ਲਈ ਨੌਕਰੀ ਲੈ ਕੇ ਆ ਗਏ। ਉਨ੍ਹਾਂ ਕਿਹਾ ਕਿ ਲੋਕ ਇਨਸਾਫ ਪਾਰਟੀ ਬਾਕੀ ਦੀਆਂ ਪਾਰਟੀਆਂ ਵਾਂਗ ਮੁਫਤ ਦੇਣ ਵਿੱਚ ਵਿਸ਼ਵਾਸ਼ ਨਹੀਂ ਰੱਖਦੀ ਸਗੋਂ ਹਰੇਕ ਪੰਜਾਬ ਵਾਸੀ ਨੂੰ ਅਮੀਰ ਬਣਾਉਣ ਅਤੇ ਖਰਚ ਕਰਨ ਦੇ ਕਾਬਲ ਬਣਾਉਣ ਵਿੱਚ ਵਿਸ਼ਵਾਸ਼ ਰੱਖਦੀ ਹੈ। ਇਸ ਮੌਕੇ ਐੱਨਜੀਓ ਮੈਂਬਰ ਕੀਮਤੀ ਰਾਵਲ, ਹਰਪਰਵਿੰਦਰ ਪੰਨੁੂ, ਰਛਪਾਲ ਚੰਦ, ਹਰਜਿੰਦਰ ਸਿੰਘ, ਵਰਿੰਦਰ ਰਿੰਕੁੂ, ਵਿੱਕੀ ਕਟਾਰੀਆ, ਗੁਰਪ੍ਰੀਤ ਸਿੰਘ ਸਰਾਲੀ, ਅਭਿਸ਼ੇਕ ਪੁਰੀ, ਤਾਰਾ ਚੰਦ, ਰਾਜ ਕੁਮਾਰ, ਸੁਰਿੰਦਰ ਰਾਣਾ, ਸੁਰਜੀਤ ਸਿੰਘ, ਰਾਜਿੰਦਰ ਕੁਮਾਰ, ਪ੍ਰਵੀਨ ਕੁਮਾਰ, ਵਰਿੰਦਰ ਕੁਮਾਰ ਰਿੰਕੂ ਸਣੇ ਮੁਹੱਲਾ ਸੁਧਾਰ ਕਮੇਟੀਆਂ ਦੇ ਮੈਂਬਰ ਮੌਜੂਦ ਸਨ।