ਪੱਤਰ ਪ੍ਰੇਰਕ
ਨਵੀਂ ਦਿੱਲੀ, 7 ਮਾਰਚ
ਦਿੱਲੀ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਅਨਿਲ ਕੁਮਾਰ ਨੇ ਕਿਹਾ ਕਿ ਟੁੱਟੀਆਂ ਸੜਕਾਂ ਇਸ ਗੱਲ ਦਾ ਪ੍ਰਮਾਣ ਹਨ ਕਿ ਕੇਜਰੀਵਾਲ ਸਰਕਾਰ ਨੇ ਭਾਜਪਾ ਸ਼ਾਸਤ ਦਿੱਲੀ ਨਗਰ ਨਿਗਮਾਂ ਦੀ ਮਿਲੀਭੁਗਤ ਨਾਲ ਦਿੱਲੀ ਦੇ ਬੁਨਿਆਦੀ ਢਾਂਚੇ ਨੂੰ ਹਰ ਤਰ੍ਹਾਂ ਨਾਲ ਤਬਾਹ ਕਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਦਿੱਲੀ ਦੀਆਂ ਟੁੱਟੀਆਂ ਅਤੇ ਟੋਇਆਂ ਵਾਲੀਆਂ ਸੜਕਾਂ ਦੀ ਹਾਲਤ ਇੰਨੀ ਤਰਸਯੋਗ ਹੈ ਕਿ ਵਾਹਨਾਂ ਨੂੰ ਲਗਪਗ ਸੜਕਾਂ ’ਤੇ ਹੀ ਲੰਘਣਾ ਪੈਂਦਾ ਹੈ ਜਿਸ ਕਾਰਨ ਹਰ ਟਰੈਫਿਕ ਸਿਗਨਲ ’ਤੇ 10-10 ਮਿੰਟ ਤੱਕ ਜਾਮ ਲੱਗ ਜਾਂਦਾ ਹੈ। ਇਸ ਨਾਲ ਨਾ ਸਿਰਫ ਤੇਲ ਦੀ ਖਪਤ ਵਧਦੀ ਹੈ, ਸਗੋਂ ਪ੍ਰਦੂਸ਼ਣ ਵੀ ਹੁੰਦਾ ਹੈ। ਅਨਿਲ ਕੁਮਾਰ ਨੇ ਇਹ ਗੱਲ ਅੱਜ ਬਦਰਪੁਰ ਅਤੇ ਚਾਂਦਨੀ ਚੌਕ ਜ਼ਿਲ੍ਹਿਆਂ ਵਿੱਚ ਕਾਂਗਰਸ ਵਰਕਰਾਂ ਦੀ ਜ਼ਿਲ੍ਹਾ ਕਨਵੈਨਸ਼ਨ ਨੂੰ ਸੰਬੋਧਨ ਕਰਦਿਆਂ ਕਹੀ। ਪਾਰਟੀ ਦੀ ਡਿਜੀਟਲ ਮੈਂਬਰਸ਼ਿਪ ਅਭਿਆਨ ਅਤੇ ਆਗਾਮੀ ਦਿੱਲੀ ਨਗਰ ਨਿਗਮ ਚੋਣਾਂ ਦੀਆਂ ਤਿਆਰੀਆਂ ਨੂੰ ਲੈ ਕੇ ਇਹ ਕਨਵੈਨਸ਼ਨ ਹੋਈ ਸੀ। ਵਰਕਰਾਂ ਦੀ ਮੀਟਿੰਗ ਬਦਰਪੁਰ ਅਤੇ ਚਾਂਦਨੀ ਚੌਕ ਜ਼ਿਲ੍ਹਾ ਕਾਂਗਰਸ ਕਮੇਟੀ ਦੇ ਪ੍ਰਧਾਨ ਵਿਸ਼ਨੂੰ ਅਗਰਵਾਲ ਤੇ ਮਿਰਜ਼ਾ ਜਾਵੇਦ ਅਲੀ ਵੱਲੋਂ ਕੀਤੀ ਗਈ। ਅੱਜ ਦੀ ਕਾਨਫਰੰਸ ਵਿੱਚ ਦਿੱਲੀ ਕਾਂਗਰਸ ਦੇ ਸਾਬਕਾ ਪ੍ਰਧਾਨ ਜੈਪ੍ਰਕਾਸ਼ ਅਗਰਵਾਲ ਅਤੇ ਸੁਭਾਸ਼ ਚੋਪੜਾ, ਸਾਬਕਾ ਸੰਸਦ ਮੈਂਬਰ ਜਗਦੀਸ਼ ਟਾਈਟਲਰ, ਰਮੇਸ਼ ਕੁਮਾਰ, ਸਾਬਕਾ ਮੰਤਰੀ ਦਿੱਲੀ ਸਰਕਾਰ ਹਾਰੂਨ ਯੂਸਫ ਹਾਜ਼ਰ ਸਨ।