ਪੱਤਰ ਪ੍ਰੇਰਕ
ਨਵੀਂ ਦਿੱਲੀ, 15 ਸਤੰਬਰ
ਇਸ ਸਾਲ ਦੇ ਅੰਤ ਵਿੱਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਦੇ ਪ੍ਰਚਾਰ ਦੌਰਾਨ ਇੱਕ ਆਟੋ-ਰਿਕਸ਼ਾ ਵਿੱਚ ਸਫ਼ਰ ਕਰਦੇ ਹੋਏ ਇੱਕ ਗੁਜਰਾਤੀ ਪੁਲੀਸ ਮੁਲਾ਼ਜਮ ਨਾਲ ਆਮ ਆਦਮੀ ਪਾਰਟੀ ਦੇ ਆਗੂ ਦੀ ਹੋਈ ਬਹਿਸ ਤੋਂ ਕੁਝ ਦਿਨ ਬਾਅਦ ਦਿੱਲੀ ਭਾਜਪਾ ਦੇ ਵਿਧਾਇਕਾਂ ਨੇ ਸ੍ਰੀ ਕੇਜਰੀਵਾਲ ਨੂੰ ਅੱਜ ਪੰਜ ਆਟੋ-ਰਿਕਸ਼ਾ ‘ਤੋਹਫੇ’ ਵਿੱਚ ਦਿੱਤੇ। ਭਾਜਪਾ ਆਗੂ ਉਨ੍ਹਾਂ ਨੂੰ ਆਟੋ-ਰਿਕਸ਼ਾ ਦੇਣ ਲਈ ਦਿੱਲੀ ਵਿੱਚ ਮੁੱਖ ਮੰਤਰੀ ਦੀ ਫਲੈਗ ਸਟਾਫ਼ ਰੋਡ ’ਤੇ ਸਥਿਤ ਰਿਹਾਇਸ਼ ਵਿਖੇ ਪੁੱਜੇ।
ਭਾਜਪਾ ਵਿਧਾਇਕਾਂ ਨੇ ਮੁੱਖ ਮੰਤਰੀ ਕੇਜਰੀਵਾਲ ਦੇ ਘਰ ਤੱਕ ਮਾਰਚ ਕੀਤਾ ਤੇ ਆਟੋ ਦੇ ਕਾਫਲੇ ਨਾਲ ਰੋਸ ਪ੍ਰਦਰਸ਼ਨ ਕੀਤਾ। ਇਹ ਜੰਗ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇ ਗੁਜਰਾਤ ਦੇ ਹਾਲ ਦੇ ਦੌਰੇ ਦੌਰਾਨ ਹੋਏ ਵਿਵਾਦ ਤੋਂ ਬਾਅਦ ਸ਼ੁਰੂ ਹੋਈ, ਜਿੱਥੇ ਕਥਿਤ ਤੌਰ ’ਤੇ ਅਹਿਮਦਾਬਾਦ ਵਿੱਚ ਇੱਕ ਆਟੋ ਰਿਕਸ਼ਾ ਵਾਲਾ ਦੇ ਘਰ ਰਾਤ ਦੇ ਖਾਣੇ ਦੇ ਸੱਦੇ ’ਤੇ ਆਟੋ ਰਿਕਸ਼ਾ ਵਿੱਚ ਯਾਤਰਾ ਕਰਨ ਤੋਂ ਰੋਕਿਆ ਗਿਆ ਸੀ।
ਦਿੱਲੀ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਰਾਮਵੀਰ ਸਿੰਘ ਬਿਧੂੜੀ ਨੇ ਕਿਹਾ, ‘‘ਕੇਜਰੀਵਾਲ ਕੋਲ 27 ਗੱਡੀਆਂ ਦਾ ਕਾਫਲਾ ਹੈ ਪਰ ਉਸ ਨੇ ਆਟੋ ਰਿਕਸ਼ਾ ’ਤੇ ਸਫਰ ਕਰਨ ’ਤੇ ਜ਼ੋਰ ਦੇ ਕੇ ਗੁਜਰਾਤ ਵਿੱਚ ਡਰਾਮਾ ਰਚਿਆ, ਅਸੀਂ ਉਨ੍ਹਾਂ ਨੂੰ ਦਿੱਲੀ ਵਿੱਚ ਤਿੰਨ ਪਹੀਆ ਆਟੋ ਵਿੱਚ ਯਾਤਰਾ ਕਰਨ ਦੀ ਆਪਣੀ ਇੱਛਾ ਨੂੰ ਪੂਰਾ ਕਰਨ ਲਈ ਇਹ ਤੋਹਫੇ ਦੇ ਰਹੇ ਹਾਂ।’’ ਉਨ੍ਹਾਂ ਕਿਹਾ ਕਿ ਪੰਜਾਂ ਵਿੱਚੋਂ ਇੱਕ ਪਾਇਲਟ ਵਜੋਂ ਕੰਮ ਕਰੇਗਾ ਇੱਕ ਤਿਰੰਗੇ ਵਾਲਾ ਮੁੱਖ ਮੰਤਰੀ ਲਈ ਹੈ, ਦੋ ਉਨ੍ਹਾਂ ਲਈ ਹਨ ਜੋ ਉਨ੍ਹਾਂ ਨੂੰ ਲੈ ਕੇ ਜਾਣਗੇ ਅਤੇ ਇੱਕ ਉਨ੍ਹਾਂ ਦੇ ਨਿੱਜੀ ਸਕੱਤਰ ਲਈ ਹੈ।