ਨਵੀਂ ਦਿੱਲੀ, 23 ਜੂਨ
ਰੈਪਰ ਬਾਦਸ਼ਾਹ ਨੇ ਆਪਣੇ ਗਾਣਿਆਂ, ਪਿਛਲੇ ਸਾਲ ‘ਗੇਂਦਾ ਫੂਲ’ ਅਤੇ ਹੁਣ ‘ਪਾਣੀ ਪਾਣੀ’ ਵਿੱਚ ਭਾਰਤੀ ਸੰਗੀਤ ਅਤੇ ਸਾਜ਼ਾਂ ਦੀ ਵਰਤੋਂ ਕਰਨੀ ਸ਼ੁਰੂ ਕੀਤੀ ਹੈ। ਬਾਦਸ਼ਾਹ ਦਾ ਕਹਿਣਾ ਹੈ ਕਿ ਇਹ ਵਿਕਲਪ ਸੋਚ ਸਮਝ ਕੇ ਚੁਣਿਆ ਹੈ ਕਿਉਂਕਿ ਉਸ ਨੂੰ ਸੱਚਮੁੱਚ ਭਾਰਤ ਅਤੇ ਇਸ ਦੇ ਸੱਭਿਆਚਾਰ ਦੇ ਜਾਦੂ ਵਿੱਚ ਭਰੋਸਾ ਹੈ, ਖਾਸ ਕਰਕੇ ਜਦੋਂ ਆਧੁਨਿਕ ਦੁਨੀਆ ਵਿੱਚ ਸੰਗੀਤ ਅਤੇ ਸਾਜ਼ ਆਪਣਾ ਵਜੂਦ ਗਵਾ ਰਹੇ ਹਨ। ਬਾਦਸ਼ਾਹ ਦੇ ਹਾਲ ਹੀ ਵਿੱਚ ਆਏ ਗਾਣੇ ‘ਪਾਣੀ ਪਾਣੀ’ ਦੀ ਸ਼ੂਟਿੰਗ ਰਾਜਸਥਾਨ ਦੇ ਜੈਸਲਮੇਰ ਵਿੱਚ ਹੋਈ ਹੈ। ਇਸ ਗਾਣੇ ਵਿੱਚ ਰਾਜਸਥਾਨੀ ਸੰਗੀਤ ਦੇ ਸਾਜ਼ ਰਵਨਹੱਟਾ ਅਤੇ ਲੋਕ ਨਾਚ ਕਲਬੇਲੀਆ ਨੂੰ ਦਿਖਾਇਆ ਗਿਆ ਹੈ। ਇਸ ਤੋਂ ਪਹਿਲਾਂ ਉਸ ਨੇ ਆਪਣੇ ਗੀਤ ‘ਗੇਂਦਾ ਫੂਲ’ ਵਿੱਚ ਬੰਗਾਲੀ ਸੱਭਿਆਚਾਰ ਨਾਲ ਜੁੜੇ ਦੋ-ਤਾਰਾਂ ਵਾਲੇ ਸਾਜ਼ ਦੋਤਾਰਾ ਨੂੰ ਸ਼ਾਮਲ ਕੀਤਾ ਸੀ। ਬਾਦਸ਼ਾਹ, ਜਿਸ ਦਾ ਅਸਲੀ ਨਾਂ ਅਦਿੱਤਿਆ ਪ੍ਰਤੀਕ ਸਿੰਘ ਸਿਸੋਦੀਆ ਹੈ, ਨੇ ਆਈਏਐੱਨਐੱਸ ਨਾਲ ਗੱਲਬਾਤ ਕਰਦਿਆਂ ਦੱਸਿਆ, ‘‘ਮੈਨੂੰ ਭਾਰਤ ਅਤੇ ਇਸ ਦੇ ਸੱਭਿਆਚਾਰ ਦੀ ਤਾਕਤ ਅਤੇ ਇਸ ਦੇ ਜਾਦੂ ਵਿੱਚ ਵਿਸ਼ਵਾਸ਼ ਹੈ, ਖ਼ਾਸ ਕਰਕੇ ਜਦੋਂ ਸੰਗੀਤ ਅਤੇ ਸਾਜ਼ ਬੜੀ ਤੇਜ਼ੀ ਨਾਲ ਨਵੀਂ ਡਿਜੀਟਲ ਦੁਨੀਆ ਵਿੱਚ ਗੁਆਚਦੇ ਜਾ ਰਹੇ ਹਨ। ਸੰਗੀਤ ਨੂੰ ਜਿਊਂਦਾ ਰੱਖਣਾ ਅਤੇ ਇਸ ਦੀ ਅਮੀਰ ਵਿਰਾਸਤ ਦੁਨੀਆ ਸਾਹਮਣੇ ਰੱਖਣਾ ਅਤੇ ਭਾਰਤ ਨੂੰ ਦੁਨੀਆ ਦੇ ਨਕਸ਼ੇ ’ਤੇ ਉਭਾਰਨਾ ਸਾਡੀ ਜ਼ਿੰਮੇਵਾਰੀ ਹੈ।’’ -ਆਈਏਐੱਨਐੱਸ