ਨਵੀਂ ਦਿੱਲੀ (ਪੱਤਰ ਪ੍ਰੇਰਕ): ਦਿੱਲੀ ਹਾਈ ਕੋਰਟ ਨੇ ਅੱਜ ਕਿਹਾ ਕਿ ਉਸ ਨੇ ਆਪਣੇ ਜੱਜਾਂ, ਆਪਣੇ ਮੁਲਾਜ਼ਮਾਂ ਤੇ ਉਨ੍ਹਾਂ ਦੇ ਪਰਿਵਾਰਾਂ ਲਈ ਕਿਸੇ ਪੰਜ ਤਾਰਾ ਹੋਟਲ ’ਚ ਕੋਵਿਡ-19 ਕੇਂਦਰ ਬਣਾਉਣ ਦੀ ਕੋਈ ਅਪੀਲ ਨਹੀਂ ਕੀਤੀ ਹੈ। ਜਸਟਿਸ ਵਿਪਿਨ ਸਾਂਘੀ ਤੇ ਜਸਟਿਸ ਰੇਖਾ ਪੱਲੀ ਦੇ ਬੈਂਚ ਨੇ ਉਨ੍ਹਾਂ ਮੀਡੀਆ ਰਿਪੋਰਟਾਂ ਦਾ ਖੁਦ ਹੀ ਨੋਟਿਸ ਲਿਆ ਜਿਸ ’ਚ ਕਿਹਾ ਗਿਆ ਸੀ ਕਿ ਕੌਮੀ ਰਾਜਧਾਨੀ ਦੇ ਅਸ਼ੋਕਾ ਹੋਟਲ ਦੇ 100 ਕਮਰੇ ਦਿੱਲੀ ਹਾਈ ਕੋਰਟ ਦੀ ਅਪੀਲ ’ਤੇ ਉਸ ਦੇ ਜੱਜਾਂ ਲਈ ਕੋਵਿਡ-19 ਸਿਹਤ ਕੇਂਦਰ ’ਚ ਤਬਦੀਲ ਕੀਤੇ ਗਏ ਹਨ। ਬੈਂਚ ਨੇ ਕਿਹਾ, ‘ਇਸ ਸਬੰਧੀ ਕਿਸੇ ਨਾਲ ਵੀ ਕੋਈ ਗੱਲਬਾਤ ਨਹੀਂ ਕੀਤੀ ਗਈ ਹੈ। ਅਸੀਂ ਕਿਸੇ ਪੰਜ ਤਾਰਾ ਹੋਟਲ ਨੂੰ ਕੋਵਿਡ-19 ਕੇਂਦਰ ’ਚ ਤਬਦੀਲ ਕਰਨ ਵਰਗੀ ਅਪੀਲ ਨਹੀਂ ਕੀਤੀ ਹੈ।’