ਪੇਈਚਿੰਗ, 7 ਮਾਰਚ
ਚੀਨ ਦੇ ਵਿਦੇਸ਼ ਮੰਤਰੀ ਵੈਂਗ ਯੀ ਨੇ ਕਿਹਾ ਹੈ ਕਿ ਭਾਰਤ ਤੇ ਚੀਨ ਦੇ ਦੁਵੱਲੇ ਰਿਸ਼ਤਿਆਂ ਨੂੰ ਹਾਲ ਦੇ ਸਾਲਾਂ ਵਿਚ ‘ਕੁਝ ਧੱਕਾ’ ਲੱਗਾ ਹੈ। ਚੀਨੀ ਵਿਦੇਸ਼ ਮੰਤਰੀ ਨੇ ਸਰਹੱਦੀ ਮੁੱਦਿਆਂ ਬਾਰੇ ਆਪਸੀ ਵਖ਼ਰੇਵੇਂ ਬਰਾਬਰ ਤਾਲਮੇਲ ਰਾਹੀਂ ਸੁਲਝਾਉਣ ਦਾ ਸੱਦਾ ਦਿੱਤਾ ਤਾਂ ਕਿ ‘ਨਿਰਪੱਖ ਤੇ ਬਰਾਬਰ ਸਹਿਮਤੀ’ ਨਾਲ ਕੋਈ ਸਮਝੌਤਾ ਸਿਰੇ ਚੜ੍ਹ ਸਕੇ। ਮੀਡੀਆ ਨਾਲ ਗੱਲਬਾਤ ਕਰਦਿਆਂ ਵੈਂਗ ਨੇ ਕਿਹਾ ਕਿ ਕੁਝ ਤਾਕਤਾਂ ਹਮੇਸ਼ਾ ਭਾਰਤ ਤੇ ਚੀਨ ਵਿਚਾਲੇ ਤਣਾਅ ਪੈਦਾ ਕਰਨ ਦਾ ਯਤਨ ਕਰਦੀਆਂ ਹਨ। ਉਹ ਅਸਿੱਧੇ ਤੌਰ ’ਤੇ ਅਮਰੀਕਾ ਵੱਲ ਇਸ਼ਾਰਾ ਕਰ ਰਹੇ ਹਨ। ਚੀਨ ਦੇ ਵਿਦੇਸ਼ ਮੰਤਰੀ ਨੇ ਕਿਹਾ ਕਿ ਭਾਰਤ ਤੇ ਚੀਨ ਦੇ ਰਿਸ਼ਤਿਆਂ ਵਿਚ ਪਿਛਲੇ ਕੁਝ ਸਾਲਾਂ ਦੌਰਾਨ ਨਿਘਾਰ ਆਇਆ ਹੈ ਜੋ ਕਿ ਦੋਵਾਂ ਦੇਸ਼ਾਂ ਦੇ ਬੁਨਿਆਦੀ ਹਿੱਤਾਂ ਦੀ ਪੂਰਤੀ ਨਹੀਂ ਕਰਦਾ ਤੇ ਨਾ ਹੀ ਲੋਕਾਂ ਦੇ ਹਿੱਤ ਵਿਚ ਹੈ। ਉਨ੍ਹਾਂ ਕਿਹਾ ਕਿ ਜਿੱਥੋਂ ਤੱਕ ਸਰਹੱਦ ਦਾ ਸਵਾਲ ਹੈ, ਇਹ ਮਸਲੇ ਸਾਨੂੰ ਅਤੀਤ ਦੀ ਦੇਣ ਹਨ। ਵੈਂਗ ਯੀ ਨੇ ਕਿਹਾ ਕਿ ਚੀਨ ਨੇ ਹਮੇਸ਼ਾ ਬਰਾਬਰ ਤਾਲਮੇਲ ਤੇ ਸਮਝੌਤੇ ਰਾਹੀਂ ਮਸਲੇ ਦੇ ਹੱਲ ਦੀ ਗੱਲ ਕੀਤੀ ਹੈ, ਤੇ ਨਾਲ ਹੀ ਇਹ ਵੀ ਜ਼ਰੂਰੀ ਹੈ ਕਿ ਇਨ੍ਹਾਂ ਮੁੱਦਿਆਂ ਕਾਰਨ ਵੱਡੇ ਪੱਧਰ ’ਤੇ ਸਾਡਾ ਦੁਵੱਲਾ ਸਹਿਯੋਗ ਪ੍ਰਭਾਵਿਤ ਨਾ ਹੋਵੇ। ਵੈਂਗ ਜੋ ਕਿ ਸਟੇਟ ਕਾਉਂਸਲਰ ਵੀ ਹਨ, ਨੇ ਕਿਹਾ ਕਿ ਚੀਨ ਤੇ ਭਾਰਤ ਨੂੰ ‘ਦੁਸ਼ਮਣ ਦੀ ਬਜਾਏ ਸਾਥੀ ਬਣਨਾ ਚਾਹੀਦਾ ਹੈ।’ ਜ਼ਿਕਰਯੋਗ ਹੈ ਕਿ ਪਿਛਲੇ ਮਹੀਨੇ ਭਾਰਤ ਦੇ ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਨੇ ਕਿਹਾ ਸੀ ਕਿ ਚੀਨ ਨਾਲ ਭਾਰਤ ਦੇ ਰਿਸ਼ਤੇ ‘ਬਹੁਤ ਮੁਸ਼ਕਲ ਦੌਰ ਵਿਚੋਂ ਗੁਜ਼ਰ ਰਹੇ ਹਨ।’ ਚੀਨ ਨੇ ਹਾਲੇ ਤੱਕ ਸਮਝੌਤਿਆਂ ਮੁਤਾਬਕ ਸਰਹੱਦ ਤੋਂ ਆਪਣੀ ਫ਼ੌਜ ਵਾਪਸ ਨਹੀਂ ਸੱਦੀ ਹੈ। ਵੈਂਗ ਨੇ ਕਿਹਾ ਕਿ ‘ਕੁਝ ਤਾਕਤਾਂ ਭਾਰਤ ਤੇ ਚੀਨ ਵਿਚਾਲੇ ਤਣਾਅ ਪੈਦਾ ਕਰ ਕੇ ਖਿੱਤੇ ਵਿਚ ਵੰਡ ਪਾਉਣ ਦਾ ਯਤਨ ਕਰਦੀਆਂ ਹਨ। ਹਾਲਾਂਕਿ ਉਨ੍ਹਾਂ ਦੀਆਂ ਕੋਸ਼ਿਸ਼ਾਂ ਜ਼ਿਆਦਾ ਤੋਂ ਜ਼ਿਆਦਾ ਵਿਚਾਰਕ ਲੋਕਾਂ ਨੂੰ ਸੋਚਣ ਲਈ ਮਜਬੂਰ ਕਰਦੀਆਂ ਹਨ ਤੇ ਚੌਕਸ ਰੱਖਦੀਆਂ ਹਨ।’ ਵਿਦੇਸ਼ ਮੰਤਰੀ ਨੇ ਕਿਹਾ, ‘ਵੱਧ ਤੋਂ ਵੱਧ ਲੋਕਾਂ ਨੂੰ ਅਹਿਸਾਸ ਹੋ ਰਿਹਾ ਹੈ ਕਿ ਚੀਨ ਤੇ ਭਾਰਤ ਵਰਗੇ ਵੱਡੇ ਮੁਲਕ, ਆਤਮ ਨਿਰਭਰ ਹੋ ਕੇ ਹੀ ਆਪਣਾ ਰਾਹ ਤੇ ਭਵਿੱਖ ਤੈਅ ਕਰ ਸਕਦੀਆਂ ਹਨ, ਵਿਕਾਸ ਤੇ ਮੁੜ ਉਸਾਰੀ ਬਾਰੇ ਆਪਣੇ ਟੀਚੇ ਮਿੱਥ ਸਕਦੀਆਂ ਹਨ। ਚੀਨ ਦੇ ਵਿਦੇਸ਼ ਮੰਤਰੀ ਨੇ ਕਿਹਾ ਕਿ ਚੀਨ ਤੇ ਭਾਰਤ ਦੀ ਆਬਾਦੀ ਪੂਰੀ ਮਨੁੱਖਤਾ ਦਾ ਤੀਜਾ ਹਿੱਸਾ ਹੈ, ਜਦੋਂ ਦੋਵਾਂ ਮੁਲਕਾਂ ਵਿਚ ਸਥਿਰਤਾ ਤੇ ਖ਼ੁਸ਼ਹਾਲੀ ਹੋਵੇਗੀ ਅਤੇ ਇਹ ਸ਼ਾਂਤੀ ਤੇ ਸਦਭਾਵਨਾ ਨਾਲ ਰਹਿਣਗੇ, ਉਦੋਂ ਹੀ ਪੂਰੇ ਵਿਸ਼ਵ ਵਿਚ ਸ਼ਾਂਤੀ ਦੇ ਖ਼ੁਸ਼ਹਾਲੀ ਦੀ ਨੀਂਹ ਮਜ਼ਬੂਤ ਹੋਵੇਗੀ। ਚੀਨ ਦੇ ਵਿਦੇਸ਼ ਮੰਤਰੀ ਨੇ ਆਸ ਜਤਾਈ ਕਿ ਦੋਵੇਂ ਮੁਲਕ ਅਜਿਹੀ ਰਣਨੀਤਕ ਸਮਝ ਵਿਕਸਿਤ ਕਰਨ ਦੀ ਕੋਸ਼ਿਸ਼ ਕਰਨਗੇ ਜਿਸ ਵਿਚ ਇਕ-ਦੂਜੇ ਲਈ ਕੋਈ ਖ਼ਤਰਾ ਨਾ ਹੋਵੇ, ਇਕ-ਦੂਜੇ ਲਈ ਵਿਕਾਸ ਦੇ ਮੌਕੇ ਪੈਦਾ ਕੀਤੇ ਜਾਣ ਤੇ ਆਪਸੀ ਭਰੋਸਾ ਬਣਿਆ ਰਹੇ। ਉਨ੍ਹਾਂ ਕਿਹਾ ਕਿ ਗਲਤਫ਼ਹਿਮੀਆਂ ਤੇ ਗਲਤ ਗਿਣਤੀਆਂ-ਮਿਣਤੀਆਂ ਤੋਂ ਬਚਣਾ ਪਵੇਗਾ ਤਾਂ ਕਿ ਅਸੀਂ ਇਕ-ਦੂਜੇ ਦੀ ਸਫ਼ਲਤਾ ਵਿਚ ਹਿੱਸੇਦਾਰ ਬਣੀਆਂ ਨਾ ਕਿ ਦੁਸ਼ਮਣੀ ਪੈਦਾ ਹੋਵੇ। -ਪੀਟੀਆਈ
ਏਸ਼ੀਆ ਵਿਚ ਨਾਟੋ ਵਰਗਾ ਗੱਠਜੋੜ ਬਣਾਉਣ ਦੀ ਕੋਸ਼ਿਸ਼ ’ਚ ਅਮਰੀਕਾ: ਚੀਨ
ਚੀਨ ਦੇ ਵਿਦੇਸ਼ ਮੰਤਰੀ ਵੈਂਗ ਯੀ ਨੇ ਕਿਹਾ ਕਿ ਹਿੰਦ-ਪ੍ਰਸ਼ਾਂਤ ਖੇਤਰ ਬਾਰੇ ਅਮਰੀਕਾ ਦੀ ਰਣਨੀਤੀ ‘ਬਲਾਕ ਸਿਆਸਤ’ ਦਾ ਦੂਜਾ ਨਾਂ ਬਣਦੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਇਹ ਕੌਮਾਂਤਰੀ ਸਹਿਯੋਗ ਬਾਰੇ ਗੱਲ ਕਰਦੀ ਹੈ ਪਰ ਅਸਲ ਵਿਚ ਇਹ ਖੇਤਰੀ ਪੱਧਰ ’ਤੇ ਦੁਸ਼ਮਣੀ ਪੈਦਾ ਕਰ ਰਹੀ ਹੈ। ਇਹ ਬਹੁ-ਪੱਖਵਾਦ ਦੀ ਹਾਮੀ ਭਰਦੀ ਹੈ ਪਰ ਅਸਲ ਵਿਚ ਵੱਖਰੇ ਕਲੱਬ ਬਣਾ ਰਹੀ ਹੈ। ਇਸ ਵਿਚ ਕੌਮਾਂਤਰੀ ਨੇਮਾਂ ਦਾ ਦਾਅਵਾ ਕੀਤਾ ਜਾ ਰਿਹਾ ਹੈ ਪਰ ਅਸਲ ਵਿਚ ਇਹ ਆਪਣੇ ਮੁਤਾਬਕ ਨਿਯਮ ਬਣਾ ਰਹੀ ਹੈ। ਵੈਂਗ ਨੇ ਕਿਹਾ ਕਿ ਅਮਰੀਕਾ ਏਸ਼ੀਆ ਵਿਚ ‘ਨਾਟੋ’ ਵਰਗਾ ਗੱਠਜੋੜ ਬਣਾਉਣ ਦੀ ਕੋਸ਼ਿਸ਼ ਕਰ ਰਿਹਾ ਹੈ। ਉਹ ਭਾਰਤ, ਜਪਾਨ, ਆਸਟਰੇਲੀਆ ਤੇ ਅਮਰੀਕਾ ਦੀ ਸ਼ਮੂਲੀਅਤ ਵਾਲੇ ਕੁਆਡ ਗੱਠਜੋੜ ਦੀ ਗੱਲ ਕਰ ਰਹੇ ਸਨ। ਚੀਨੀ ਵਿਦੇਸ਼ ਮੰਤਰੀ ਨੇ ਕਿਹਾ ਕਿ ਕੁਆਡ ਖੇਤਰੀ ਸ਼ਾਂਤੀ ਤੇ ਸਥਿਰਤਾ ਵਿਚ ਅੜਿੱਕਾ ਹੈ। -ਏਪੀ
ਚੀਨ ਨੇ ਮੁੜ ਤਾਇਵਾਨ ਨੂੰ ਆਪਣਾ ਅਟੁੱਟ ਹਿੱਸਾ ਦੱਸਿਆ
ਨਵੀਂ ਦਿੱਲੀ: ਚੀਨ ਦੇ ਵਿਦੇਸ਼ ਮੰਤਰੀ ਵੈਂਗ ਯੀ ਨੇ ਕਿਹਾ ਹੈ ਕਿ ਤਾਇਵਾਨ ਚੀਨ ਦਾ ਅਟੁੱਟ ਹਿੱਸਾ ਹੈ ਤੇ ਇਕ ਦਿਨ ‘ਆਪਣੀ ਮਾਤਭੂਮੀ ਦੀਆਂ ਬਾਹਾਂ ਵਿਚ ਪਰਤ ਹੀ ਆਵੇਗਾ।’ ਚੀਨੀ ਆਗੂ ਨੇ ਕਿਹਾ ਕਿ ਅਮਰੀਕਾ ਵਿਚ ਕੁਝ ਤਾਕਤਾਂ, ਚੀਨ ਨੂੰ ਰੋਕਣ ਲਈ, ਹੋਰਾਂ ਨੂੰ ਤਾਇਵਾਨ ਦੀ ਖ਼ੁਦਮੁਖਤਿਆਰੀ ਬਾਰੇ ਗੱਲ ਕਰਨ ਲਈ ਕਹਿੰਦੀਆਂ ਹਨ, ਤੇ ਇਸ ਤਰ੍ਹਾਂ ਉਹ ‘ਇਕ ਚੀਨ’ ਦੇ ਸਿਧਾਂਤ ਲਈ ਚੁਣੌਤੀ ਪੈਦਾ ਕਰਦੇ ਹਨ। ਵੈਂਗ ਨੇ ਕਿਹਾ ਕਿ ਚੀਨ ਨੂੰ ਰੋਕਣ ਲਈ ਤਾਇਵਾਨ ਨੂੰ ਵਰਤਣ ਦੇ ਸਾਰੇ ਯਤਨ ਨਾਕਾਮ ਹੋ ਜਾਣਗੇ। ਵਿਦੇਸ਼ ਮੰਤਰੀ ਨੇ ਨਾਲ ਹੀ ਕਿਹਾ ਕਿ ਚੀਨ, ਅਮਰੀਕਾ ਵੱਲੋਂ ਬਣਾਏ ਦਬਾਅ ਦਾ ਸਾਹਮਣਾ ਕਰੇਗਾ ਤੇ ਆਪਣੀ ਖ਼ੁਦਮੁਖਤਿਆਰੀ ਦੀ ਰਾਖੀ ਕਰੇਗਾ। ਜ਼ਿਕਰਯੋਗ ਹੈ ਕਿ ਫਰਵਰੀ ਮਹੀਨੇ ਅਮਰੀਕਾ ਨੇ ਤਾਇਵਾਨ ਨੂੰ ਲੜਾਕੂ ਜਹਾਜ਼ ਤੇ ਹੋਰ ਤਕਨੀਕ ਦਿੱਤੀ ਸੀ ਜਿਸ ਦਾ ਚੀਨ ਨੇ ਵਿਰੋਧ ਕੀਤਾ ਸੀ। -ਆਈਏਐਨਐੱਸ
ਚੀਨ ਵੱਲੋਂ ਰੂਸ ਮੁੱਖ ‘ਰਣਨੀਤਕ ਭਾਈਵਾਲ’ ਕਰਾਰ
ਚੀਨ ਦੇ ਵਿਦੇਸ਼ ਮੰਤਰੀ ਨੇ ਕਿਹਾ ਕਿ ਰੂਸ ਉਨ੍ਹਾਂ ਦਾ ‘ਮੁੱਖ ਰਣਨੀਤਕ ਭਾਈਵਾਲ’ ਹੈ। ਰੂਸ ਵੱਲੋਂ ਯੂਕਰੇਨ ਉਤੇ ਕੀਤੇ ਗਏ ਹਮਲੇ ਦੀ ਨਿਖੇਧੀ ਕਰਨ ਤੋਂ ਚੀਨ ਹਾਲੇ ਤੱਕ ਬਚਦਾ ਰਿਹਾ ਹੈ। ਵੈਂਗ ਯੀ ਨੇ ਕਿਹਾ ਕਿ ਮਾਸਕੋ ਨਾਲ ਚੀਨ ਦੇ ਰਿਸ਼ਤੇ ‘ਦੁਨੀਆ ਦੇ ਸਭ ਤੋਂ ਮਹੱਤਵਪੂਰਨ ਦੁਵੱਲੇ ਸਬੰਧਾਂ ਵਿਚੋਂ ਇਕ ਹਨ।’ ਪੇਈਚਿੰਗ ਦਾ ਕਹਿਣਾ ਹੈ ਕਿ ਰੂਸ ’ਤੇ ਲੱਗੀਆਂ ਪਾਬੰਦੀਆਂ ਨੇ ਨਵੇਂ ਮੁੱਦੇ ਖੜ੍ਹੇ ਕਰ ਦਿੱਤੇ ਹਨ ਤੇ ਟਕਰਾਅ ਦੇ ਸਿਆਸੀ ਹੱਲ ਲਈ ਖ਼ਤਰਾ ਪੈਦਾ ਹੋ ਗਿਆ ਹੈ। ਚੀਨ ਨੇ ਕਿਹਾ ਕਿ ਕੌਮਾਂਤਰੀ ਪੱਧਰ ’ਤੇ ਸਥਿਤੀ ਜਿਸ ਤਰ੍ਹਾਂ ਦੀ ਵੀ ਹੋਵੇ, ਚੀਨ-ਰੂਸ ਦੇ ਰਿਸ਼ਤੇ ਵਿਕਸਿਤ ਹੋਣਗੇ ਤੇ ਸਾਡਾ ਰਣਨੀਤਕ ਕੇਂਦਰਬਿੰਦੂ ਉਹੀ ਰਹੇਗਾ। -ਏਪੀ