ਟ੍ਰਿਬਿਊਨ ਨਿਊਜ਼ ਸਰਵਿਸ
ਲੁਧਿਆਣਾ, 15 ਸਤੰਬਰ
ਲੁੱਟ ਦੀ ਯੋਜਨਾ ਬਣਾ ਰਹੇ ਗੈਂਗਸਟਰ ਪੁਨੀਤ ਬੈਂਸ ਉਰਫ਼ ਮਨੀ ਬੈਂਸ ਗਰੁੱਪ ਦੇ ਚਾਰ ਮੁਲਜ਼ਮਾਂ ਨੂੰ ਡਿਵੀਜ਼ਨ ਨੰਬਰ 3 ਦੀ ਪੁਲੀਸ ਨੇ ਕਾਬੂ ਕੀਤਾ ਹੈ ਜਦੋਂ ਕਿ ਗਰੋਹ ਦਾ ਮੁੱਖ ਮੁਲਜ਼ਮ ਪੁਲੀਸ ਨੂੰ ਚਕਮਾ ਦੇ ਕੇ ਫ਼ਰਾਰ ਹੋ ਗਿਆ। ਪੁਲੀਸ ਨੇ ਮੁਲਜ਼ਮਾਂ ਨੂੰ ਸੂਚਨਾ ਦੇ ਆਧਾਰ ’ਤੇ ਗ੍ਰਿਫ਼ਤਾਰ ਕੀਤਾ ਅਤੇ ਉਨ੍ਹਾਂ ਦੇ ਕਬਜ਼ੇ ’ਚੋਂ 2 ਦੇਸੀ ਪਿਸਤੌਲ, 315 ਬੋਰ ਅਤੇ ਤੇਜ਼ਧਾਰ ਹਥਿਆਰ ਬਰਾਮਦ ਕੀਤੇ ਹਨ। ਪੁਲੀਸ ਨੇ ਇਸ ਮਾਮਲੇ ’ਚ ਕੁਹਾੜਾ ਦੇ ਕੋਲ ਜੀ.ਕੇ. ਕਾਊਂਟੀ ’ਚ ਕਿਰਾਏ ਦੇ ਮਕਾਨ ’ਚ ਰਹਿਣ ਵਾਲੇ ਦੀਪੂ ਕੁਮਾਰ ਉਰਫ਼ ਦੀਪ, ਇਸਲਾਮਗੰਜ ਵਾਸੀ ਜਤਿਨ ਬੈਂਸ, ਖੁਡ ਮੁਹੱਲਾ ਵਾਸੀ ਨਵੀਨ ਮਸੀਹ ਤੇ ਖੁੱਡ ਮੁਹੱਲਾ ਵਾਸੀ ਜਤਿਨ ਮੌਂਗਾ ਉਰਫ਼ ਟ੍ਰੈਂਡੀ ਨੂੰ ਕਾਬੂ ਕੀਤਾ ਹੈ ਜਦੋਂ ਕਿ ਪੁਨੀਤ ਬੈਂਸ ਧੜੇ ਦਾ ਮੁੱਖ ਮੈਂਬਰ ਵਿਸ਼ਾਲ ਜੈਕਬ ਉਰਫ਼ ਵਿਸ਼ਾਲ ਗਿੱਲ ਪੁਲੀਸ ਨੂੰ ਚਕਮਾ ਦੇ ਕੇ ਫ਼ਰਾਰ ਹੋ ਗਿਆ। ਪੁਲੀਸ ਨੇ ਚਾਰਾਂ ਮੁਲਜ਼ਮਾਂ ਨੂੰ ਅਦਾਲਤ ’ਚ ਪੇਸ਼ ਕੀਤਾ ਜਿੱਥੋਂ ਤਿੰਨ ਦਿਨਾਂ ਰਿਮਾਂਡ ਹਾਸਲ ਕਰ ਪੁਲੀਸ ਨੇ ਚਾਰਾਂ ਮੁਲਜ਼ਮਾਂ ਤੋਂ ਪੁੱਛਗਿਛ ਕਰਨੀ ਸ਼ੁਰੂ ਕਰ ਦਿੱਤੀ ਹੈ। ਇਹ ਜਾਣਕਾਰੀ ਪੁਲੀਸ ਕਮਿਸ਼ਨਰ ਡਾ. ਕੌਸਤਬ ਸ਼ਰਮਾ ਨੇ ਦਿੱਤੀ।