ਪੱਤਰ ਪ੍ਰੇਰਕ
ਭੁੱਚੋ ਮੰਡੀ, 23 ਜੁਲਾਈ
ਬੈਸਟ ਪ੍ਰਾਈਜ਼ ਮਾਲ ਦੇ ਮੁਲਾਜ਼ਮ ਨੌਕਰੀਆਂ ਦੀ ਬਹਾਲੀ ਲਈ 24 ਜੁਲਾਈ ਨੂੰ ਲੁਧਿਆਣਾ ਦੇ ਬੈਸਟ ਪ੍ਰਾਈਜ਼ ਦਾ ਇੱਕ ਹਫਤੇ ਲਈ ਮੁਕੰਮਲ ਘਿਰਾਓ ਕਰਨ ਲਈ ਵੱਡੇ ਕਾਫਲੇ ਦੇ ਰੂਪ ਵਿੱਚ ਲੁਧਿਆਣਾ ਵੱਲ ਕੂਚ ਕਰਨਗੇ। ਇਸ ਘਿਰਾਓ ਵਿੱਚ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਅਤੇ ਕਿਰਤੀ ਕਿਸਾਨ ਯੂਨੀਅਨ ਦੇ ਆਗੂ ਅਤੇ ਵਰਕਰ ਸ਼ਾਮਲ ਹੋਣਗੇ। ਬੈਸਟ ਪ੍ਰਾਈਸ ਭੁੱਚੋ ਖੁਰਦ ਅੱਗੇ ਚੱਲ ਰਿਹਾ ਪੱਕਾ ਮੋਰਚਾ ਵੀ ਜਾਰੀ ਰਹੇਗਾ। ਪ੍ਰਧਾਨ ਜਸਪ੍ਰੀਤ ਸਿੰਘ ਝੰਡੂਕੇ ਨੇ ਕਿਹਾ ਕਿ ਕੱਲ ਦੇ ਘਿਰਾਓ ਲਈ ਤਿਆਰੀ ਮੁਕੰਮਲ ਕੀਤੀ ਜਾ ਚੁੱਕੀ ਹੈ। ਉਨ੍ਹਾਂ ਕਿਹਾ ਕਿ ਅਧਿਕਾਰੀਆਂ ਨਾਲ ਹੋਈਆਂ ਦੋਵੇਂ ਮੀਟਿੰਗਾਂ ਬੇਸਿੱਟਾ ਰਹੀਆਂ। ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇਕਰ ਕੰਪਨੀ ਨੇ ਲੁਧਿਆਣਾ ਘਿਰਾਓ ਤੋਂ ਬਾਅਦ ਵੀ ਮੁਲਾਜ਼ਮਾਂ ਦੀਆਂ ਨੌਕਰੀਆਂ ਬਹਾਲ ਨਾ ਕੀਤੀਆਂ ਤਾਂ ਪੰਜਾਬ ਦੇ ਬਾਕੀ ਬੈਸਟ ਪ੍ਰਾਈਜ਼ ਮਾਲ ਵੀ ਘੇਰੇ ਜਾ ਸਕਦੇ ਹਨ।