ਰਮੇਸ਼ ਭਾਰਦਵਾਜ
ਲਹਿਰਾਗਾਗਾ, 7 ਨਵੰਬਰ
ਇਥੇ ਲਹਿਰਾਗਾਗਾ-ਜਾਖਲ-ਸੁਨਾਮ ਸੜਕ ’ਤੇ ਲੋਕ ਚੇਤਨਾ ਮੰਚ ਲਹਿਰਾਗਾਗਾ ਅਤੇ ਭਰਾਤਰੀ ਜਥੇਬੰਦੀਆਂ ਵੱਲੋਂ ਕਿਸਾਨੀ ਸੰਘਰਸ਼ ਦੇ ਹੱਕ ਵਿੱਚ 25ਵਾਂ ਹਫ਼ਤਾਵਾਰੀ ਪ੍ਰਦਰਸ਼ਨ ਕਰਦੇ ਹੋਏ ਲੋਕ-ਕਵੀ ਸੰਤ ਰਾਮ ਉਦਾਸੀ ਨੂੰ ਉਨ੍ਹਾਂ ਦੀ 35ਵੀਂ ਬਰਸੀ ’ਤੇ ਸਿਜਦਾ ਕੀਤਾ ਗਿਆ। ਪ੍ਰਦਰਸ਼ਨਕਾਰੀਆਂ ਨੇ ਕਿਹਾ ਕਿ 1986 ਵਿੱਚ ਅੱਜ ਦੇ ਦਿਨ ਉਦਾਸੀ, ਨੰਦੇੜ ਸਾਹਿਬ ਤੋਂ ਵਾਪਸੀ ਸਮੇਂ, ਮਨਮਾਡ (ਮਹਾਂਰਾਸ਼ਟਰ) ਨੇੜੇ ਟਰੇਨ ਵਿੱਚ ਹੀ ਸਦੀਵੀ ਵਿਛੋੜਾ ਦੇ ਗਏ ਹਨ। ਇਸ ਮੌਕੇ ਮਾਸਟਰ ਹਰਭਗਵਾਨ ਗੁਰਨੇ, ਜਮਹੂਰੀ ਅਧਿਕਾਰ ਸਭਾ ਦੇ ਜ਼ਿਲ੍ਹਾ ਪ੍ਰਧਾਨ ਨਾਮਦੇਵ ਸਿੰਘ ਭੁਟਾਲ, ਪੂਰਨ ਸਿੰਘ ਖਾਈ, ਸੁਖਦੇਵ ਚੰਗਾਲੀਵਾਲਾ ਤੇ ਸ਼ਮਿੰਦਰ ਸਿੰਘ ਨੇ ਕਿਹਾ ਕਿ ਉਦਾਸੀ ਦੀ ਗੀਤਕਾਰੀ ਲੋਕਾਂ ਦਾ ਅਣਮੁੱਲਾ ਸਰਮਾਇਆ ਹੈ ਅਤੇ ਹੱਕ-ਸੱਚ ਲਈ ਜੂਝਣ ਵਾਲੇ ਲੋਕਾਂ ਲਈ ਪ੍ਰੇਰਨਾ ਸਰੋਤ ਹੈ।