ਸੁਰਜੀਤ ਮਜਾਰੀ
ਬੰਗਾ, 7 ਫਰਵਰੀ
ਚੋਣ ਪ੍ਰਚਾਰ ਸਮੱਗਰੀ ’ਚ ਆਮ ਤੌਰ ’ਤੇ ਉਮੀਦਵਾਰਾਂ ਵਲੋਂ ਪ੍ਰਭਾਵ ਪਾਉਣ ਲਈ ਆਪਣੇ ਆਪ ਨੂੰ ‘ਪੜ੍ਹੇ ਲਿਖੇ’ ਹੋਣ ਦੀ ਸਤਰ ਅੰਕਿਤ ਕੀਤੀ ਹੁੰਦੀ ਹੈ। ਕਈ ਉਮੀਦਵਾਰ ‘ਪੜ੍ਹੇ ਲਿਖੇ’ ਨਹੀਂ ਵੀ ਹੁੰਦੇ ਅਤੇ ਨਾ ਹੀ ਵੋਟਰਾਂ ਵਲੋਂ ਉਨ੍ਹਾਂ ਦੀ ਵਿੱਦਿਅਕ ਯੋਗਤਾ ਪੁੱਛੀ ਜਾਂਦੀ ਹੈ। ਇਸ ਦਿਖਾਵੇ ਵਾਲੀ ਪੜ੍ਹਾਈ ਦੇ ਉਲਟ ਇੱਥੋਂ ਚੋਣ ਲੜ ਰਹੇ ਸਾਰੀਆਂ ਸਿਆਸੀ ਪਾਰਟੀਆਂ ਦੇ ਉਮੀਦਵਾਰ ਸੱਚਮੁੱਚ ਹੀ ‘ਪੜ੍ਹੇ ਲਿਖੇ’ ਹਨ। ਉਨ੍ਹਾਂ ਵਲੋਂ ਆਪਣੀ ਚੋਣ ਪ੍ਰਚਾਰ ਸਮੱਗਰੀ ’ਚ ਆਪੋ ਆਪਣੀ ਵਿੱਦਿਅਕ ਯੋਗਤਾ ਨੂੰ ਵਿਸ਼ੇਸ਼ ਤੌਰ ’ਤੇ ਛਾਪਿਆ ਗਿਆ ਹੈ ਅਤੇ ਉਨ੍ਹਾਂ ਵੱਲੋਂ ਵੰਡੇ ਜਾ ਰਹੇ ਪਛਾਣ ਪੱਤਰਾਂ ’ਚ ਆਪਣੀਆਂ ਡਿਗਰੀਆਂ ਦੀ ਜਾਣਕਾਰੀ ਦਿੱਤੀ ਗਈ ਹੈ।
ਇੱਥੋਂ ਚੋਣ ਲੜ ਰਹੇ ਉਮੀਦਵਾਰਾਂ ’ਚ ਆਈਆਰਐਸ, ਐੱਮਐੱਸ ਅਤੇ ਐਮਏ ਦੀਆਂ ਡਿਗਰੀਆਂ ਪ੍ਰਾਪਤ ਉਮੀਦਵਾਰ ਸ਼ੁਮਾਰ ਹਨ। ਕਾਂਗਰਸ ਪਾਰਟੀ ਦੇ ਉਮੀਦਵਾਰ ਤਰਲੋਚਨ ਸਿੰਘ ਸੂੰਢ ਨੇ ਆਈਆਰਐੱਸ ਦੀ ਸਿੱਖਿਆ ਪ੍ਰਾਪਤ ਕੀਤੀ ਹੋਈ ਹੈ ਅਤੇ ਉਹ ਖੇਤਰੀ ਪਾਸਪੋਰਟ ਅਫ਼ਸਰ ਦੇ ਅਹੁਦੇ ’ਤੇ ਤਾਇਨਾਤ ਰਹੇ ਹਨ। ਨੌਕਰੀ ਤੋਂ ਤਿਆਗ ਦੇ ਕੇ ਉਹ ਸਾਬਕਾ ਮੁੱਖ ਮੰਤਰੀ ਮਰਹੂਮ ਬੇਅੰਤ ਸਿੰਘ ਦੇ ਓਐੱਸਡੀ ਵੀ ਅਤੇ ਦੋ ਵਾਰ ਵਿਧਾਇਕ ਵੀ ਰਹੇ। ਇਵੇਂ ਸ਼੍ਰੋਮਣੀ ਅਕਾਲੀ ਦਲ ਅਤੇ ਬਹੁਜਨ ਸਮਾਜ ਪਾਰਟੀ ਦੇ ਉਮੀਦਵਾਰ ਡਾ. ਸੁਖਵਿੰਦਰ ਕੁਮਾਰ ਸੁੱਖੀ ਐੱਮਐੱਸ ਦੀ ਡਿਗਰੀ ਪ੍ਰਾਪਤ ਹਨ। ਉਹ ਦੰਦਾਂ ਦਾ ਹਸਪਤਾਲ ਚਲਾ ਰਹੇ ਹਨ ਅਤੇ ਪਿਛਲੀ ਵਾਰ ਵਿਧਾਇਕ ਹੁੰਦਿਆਂ ਉਨ੍ਹਾਂ ਨੇ ਵਿਧਾਨ ਸਭਾ ’ਚ ਪਾਰਟੀ ਵਲੋਂ ਕਈ ਕਮੇਟੀਆਂ ਦੀ ਨੁਮਾਇੰਦਗੀ ਵੀ ਕੀਤੀ।
ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ ਚੌਧਰੀ ਮੋਹਣ ਲਾਲ ਬਹਿਰਾਮ ਨੇ ਵੀ ਐੱਮਏ ਕੀਤੀ ਹੋਈ ਹੈ। ਉਹ ਵੀ ਦੋ ਵਾਰ ਇੱਥੋ ਵਿਧਾਇਕ ਰਹਿ ਚੁੱਕੇ ਹਨ ਅਤੇ ਪੰਜਾਬ ਸਰਵਿਸ ਸਿਲੈਕਸ਼ਨ ਕਮਿਸ਼ਨ ਦੇ ਮੈਂਬਰ ਵੀ ਬਣੇ ਸਨ। ਆਮ ਆਦਮੀਂ ਪਾਰਟੀ ਦੇ ਉਮੀਦਵਾਰ ਕੁਲਜੀਤ ਸਿੰਘ ਸਰਹਾਲ ਵੀ ਮਾਲ ਵਿਭਾਗ ’ਚ ਤਾਇਨਾਤ ਰਹੇ ਸਨ। ਸੰਯੁਕਤ ਸਮਾਜ ਮੋਰਚਾ ਦੇ ਉਮੀਦਵਾਰ ਰਾਜ ਕੁਮਾਰ ਮਾਹਲ ਨੇ ਵੀ ਟਰੈਕਟਰ ਮਕੈਨਿਕ ’ਚ ਅੱਵਲ ਦਰਜਾ ’ਚ ਡਿਪਲੋਮਾ ਕੀਤਾ ਹੋਇਆ ਹੈ। ਇਸ ਦੇ ਨਾਲ ਉਹ ਸਾਹਿਤ ਅਤੇ ਗਿਆਨ ਦੀਆਂ ਹੋਰ ਕਿਤਾਬਾਂ ਪੜ੍ਹਣ ਦੇ ਸ਼ੌਕੀਨ ਹਨ ਅਤੇ ਉਨ੍ਹਾਂ ਦੀ ਘਰੇਲੂ ਲਾਇਬਰੇਰੀ ’ਚ ਸੈਕੜੇ ਕਿਤਾਬਾਂ ਉਪਲੱਬਧ ਹਨ।