ਖੇਤਰੀ ਪ੍ਰਤੀਨਿਧ
ਪਟਿਆਲਾ, 7 ਮਾਰਚ
ਨੌਵੇਂ ਪਾਤਸ਼ਾਹ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਪਵਿੱਤਰ ਅਸਥਾਨ ਗੁਰਦੁਆਰਾ ਸ੍ਰੀ ਦੂਖਨਿਵਾਰਨ ਸਾਹਿਬ ਵਿਖੇ ਅੱਜ ਪੰਚਮੀ ਦੇ ਦਿਹਾੜੇ ਮੌਕੇ ਵੱਡੀ ਗਿਣਤੀ ਵਿਚ ਸੰਗਤਾਂ ਨਤਮਸਤਕ ਹੋਈਆਂ। ਪਹਿਲਾਂ ਸੰਗਤਾਂ ਨੇ ਇਥੇ ਸਥਿਤ ਪਵਿੱਤਰ ਸਰੋਵਰ ’ਚ ਇਸ਼ਨਾਨ ਕੀਤਾ ਅਤੇ ਫੇਰ ਗੁਰੂ ਘਰ ’ਚ ਨਤਮਸਤਕ ਹੋਈਆਂ।
ਇਸ ਦੌਰਾਨ ਤੜਕਸਾਰ ਹੀ ਕਿਵਾੜ੍ਹ ਖੁੱਲ੍ਹਣ ਮਗਰੋਂ ਹੈਡ ਗ੍ਰੰਥੀ ਭਾਈ ਪ੍ਰਨਾਮ ਸਿੰਘ ਨੇ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ ਅਤੇ ਭਾਈ ਅਜੇਮਰ ਸਿੰਘ ਨੇ ਆਸਾ ਦੀ ਵਾਰ ਉਪਰੰਤ ਮੁੱਖ ਵਾਕ ਲਿਆ। ਪੰਚਮੀ ਦੇ ਦਿਹਾੜੇ ’ਤੇ ਗੁਰਦੁਆਰੇ ਦੇ ਦੀਵਾਨ ਹਾਲ ਵਿਖੇ ਧਾਰਮਿਕ ਸਮਾਗਮ ਦੌਰਾਨ ਢਾਡੀ ਅਤੇ ਕਵੀਸ਼ਰੀ ਜਥਿਆਂ ਗੁਰਪਿਆਰ ਸਿੰਘ ਜੌਹਰ, ਮਲਕੀਤ ਸਿੰਘ ਬੀ.ਏ., ਅਮਰੀਕ ਸਿੰਘ ਜਨੇਤਪੁਰ, ਚਮਕੌਰ ਸਿੰਘ ਚਮਕ, ਸੁਰਿੰਦਰ ਸਿੰਘ ਸਫਰੀ ਅਤੇ ਸੁਰਿੰਦਰ ਸਿੰਘ ਤਾਲਬ ਆਦਿ ਨੇ ਸੰਗਤਾਂ ਨੂੰ ਗੁਰੂ ਇਤਿਹਾਸ ਨਾਲ ਜੋੜਨ ਦਾ ਉਪਰਾਲਾ ਕੀਤਾ। ਗੁਰਦੁਆਰਾ ਸ੍ਰੀ ਦੂਖਨਿਵਾਰਨ ਸਾਹਿਬ ਵਿਖੇ ਪੰਚਮੀ ਮੌਕੇ ਗੁਰੂ ਘਰ ਨਤਮਸਤਕ ਹੁੰਦੀਆਂ ਹੋਈਆਂ ਸੰਗਤਾਂ।