ਰਮੇਸ਼ ਭਾਰਦਵਾਜ
ਲਹਿਰਾਗਾਗਾ, 23 ਜੁਲਾਈ
ਝੋਨੇ ਦੀ ਫਸਲ ਲਗਾਉਣ ਤੋਂ ਬਾਅਦ ਲਹਿਰਾਗਾਗਾ ਇਲਾਕੇ ਅੰਦਰ ਹੋਈ ਭਰਵੀਂ ਬਾਰਿਸ਼ ਜਿੱਥੇ ਫਸਲਾਂ ਲਾਈ ਲਾਹੇਵੰਦ ਸਾਬਿਤ ਹੋਈ ਹੈ ਉੱਥੇ ਹੀ ਕੱਝ ਪਿੰਡਾਂ ਦੇ ਕਿਸਾਨਾਂ ਲਈ ਇਹ ਬਾਰਿਸ਼ ਆਫ਼ਤ ਬਣ ਕੇ ਆਈ ਹੈ।
ਬਲਾਕ ਲਹਿਰਾਗਾਗਾ ਦੇ ਪਿੰਡ ਭੁਟਾਲ ਕਲਾਂ, ਜਲੂਰ ਤੇ ਚੋਟੀਆਂ ਦੇ ਕਿਸਾਨਾਂ ਦੀ ਕਰੀਬ 200 ਏਕੜ ਫਸਲ ਪਾਣੀ ਵਿੱਚ ਡੁੱਬ ਗਈ ਹੈ। ਕਿਸਾਨ ਗੁਰਵਿੰਦਰ ਸਿੰਘ, ਮਲਕੀਤ ਸਿੰਘ, ਦਰਸ਼ਨ ਸਿੰਘ, ਗੁਰਮੀਤ ਸਿੰਘ, ਗੁਰਪ੍ਰੀਤ ਸਿੰਘ, ਹਰਪ੍ਰਕਾਸ਼ ਸਿੰਘ, ਬਲਵਿੰਦਰ ਸਿੰਘ ਤੇ ਭੀਮ ਸਿੰਘ ਵਾਸੀ ਜਲੂਰ ਨੇ ਦੱਸਿਆ ਕਿ ਜ਼ਿਆਦਾ ਬਾਰਿਸ਼ ਪੈਣ ਕਾਰਨ ਆਲੇ-ਦੁਆਲੇ ਦੇ ਖੇਤਾਂ ਦਾ ਪਾਣੀ ਜਿੱਥੇ ਇਨ੍ਹਾਂ ਨੀਵੇਂ ਖੇਤਾਂ ਵਿੱਚ ਇਕੱਠਾ ਹੋ ਗਿਆ ਹੈ ਉੱਥੇ ਹੀ ਕੋਲੋਂ ਲੰਘਦੀ ਡਰੇਨ ਦੇ ਦੋ-ਤਿੰਨ ਥਾਵਾਂ ਤੋਂ ਟੁੱਟਣ ਕਾਰਨ ਡਰੇਨ ਦਾ ਪਾਣੀ ਇਨ੍ਹਾਂ ਖੇਤਾਂ ਵਿੱਚ ਭਰ ਗਿਆ ਹੈ। ਇਸ ਡਰੇਨ ਵਿੱਚ ਜਿੱਥੇ ਬਾਰਿਸ਼ ਮਗਰੋਂ ਆਲ-ਦੁਆਲੇ ਦੇ ਖੇਤਾਂ ’ਚ ਜਮ੍ਹਾਂ ਹੋਇਆ ਪਾਣੀ ਆਉਂਦਾ ਹੈ ਉੱਥੇ ਹੀ ਨੇੜਲੇ ਪਿੰਡ ਭੂਤਗੜ੍ਹ ਅਤੇ ਢੀਂਡਸਾ ਦੇ ਸੀਵਰੇਜ ਦਾ ਪਾਣੀ ਵੀ ਇਸ ਡਰੇਨ ਵਿੱਚ ਪੈਂਦਾ ਹੈ। ਉਨ੍ਹਾਂ ਕਿਹਾ ਕਿ ਪਿਛਲੇ ਸਾਲਾਂ ਦੌਰਾਨ ਡਰੇਨੇਜ ਵਿਭਾਗ ਵੱਲੋਂ ਸਮੇਂ ਸਿਰ ਡਰੇਨਾਂ ਦੀ ਸਫ਼ਾਈ ਨਾ ਕਰਵਾਏ ਜਾਣ ਕਰ ਕੇ ਉਨ੍ਹਾਂ ਦੀਆਂ ਫਸਲਾਂ ਦਾ ਭਾਰੀ ਨੁਕਸਾਨ ਹੋ ਜਾਂਦਾ ਸੀ। ਭਾਵੇਂ ਕਿ ਇਸ ਵਾਰ ਬਰਸਾਤਾਂ ਸ਼ੁਰੂ ਹੋਣ ਤੋਂ ਪਹਿਲਾਂ ਹੀ ਡਰੇਨਾਂ ਦੀ ਸਫਾਈ ਕਰਵਾ ਦਿੱਤੀ ਗਈ ਹੈ ਪਰ ਇਸ ਵਾਰ ਥੋੜੇ ਸਮੇਂ ਵਿੱਚ ਹੀ ਬਹੁਤ ਜ਼ਿਆਦਾ ਮੀਂਹ ਪੈਣ ਕਰ ਕੇ ਜਿੱਥੇ ਨੀਵੇਂ ਖੇਤਾਂ ਵਿੱਚ ਕਾਫੀ ਪਾਣੀ ਜਮ੍ਹਾਂ ਹੋ ਗਿਆ ਹੈ ਉੱਥੇ ਹੀ ਡਰੇਨਾਂ ਵੀ ਓਵਰਫਲੋਅ ਹੋ ਰਹੀਆਂ ਹਨ ਜਿਸ ਕਰ ਕੇ ਇਸ ਵਾਰ ਪਿਛਲੇ ਸਾਲਾਂ ਨਾਲੋਂ ਵੀ ਜ਼ਿਆਦਾ ਪਾਣੀ ਖੇਤਾਂ ਵਿੱਚ ਭਰ ਗਿਆ ਹੈ।
ਇਸ ਤੋਂ ਇਲਾਵਾ ਪਿੰਡ ਚੋਟੀਆਂ ਵਿੱਚ ਡਰੇਨ ਦਾ ਪਾਣੀ ਓਵਰਫਲੋਅ ਹੋ ਕੇ ਦੂਰ-ਦੂਰ ਤੱਕ ਖੇਤਾਂ ਵਿਚ ਫੈਲ ਗਿਆ ਹੈ। ਪਾਣੀ ਪਿੰਡ ਦੇ ਚਾਰੋਂ ਪਾਸੇ ਫੈਲ ਜਾਂਦਾ ਹੈ ਅਤੇ ਮੁੱਖ ਸੜਕ ਉੱਪਰ ਵੀ ਆ ਜਾਂਦਾ ਹੈ। ਉੱਧਰ, ਹਲਕਾ ਵਿਧਾਇਕ ਬਰਿੰਦਰ ਗੋਇਲ ਨੇ ਪਿੰਡ ਚੋਟੀਆਂ ਵਿੱਚ ਸਥਿਤੀ ਦਾ ਜਾਇਜ਼ਾ ਲਿਆ ਅਤੇ ਅਧਿਕਾਰੀਆਂ ਨੂੰ ਸਮੱਸਿਆ ਦਾ ਫੌਰੀ ਹੱਲ ਕਰਨ ਦੇ ਆਦੇਸ਼ ਜਾਰੀ ਕੀਤੇ।