ਬੀਰਬਲ ਰਿਸ਼ੀ
ਸ਼ੇਰਪੁਰ, 26 ਸਤੰਬਰ
ਭਾਰਤੀ ਕਿਸਾਨ ਯੂਨੀਅਨ (ਡਕੌਂਦਾ) ਨੇ ਅੱਜ ਬਲਾਕ ਪ੍ਰਧਾਨ ਸਮਸ਼ੇਰ ਸਿੰਘ ਈਸਾਪੁਰ ਦੀ ਅਗਵਾਈ ਹੇਠ ਥਾਣਾ ਸ਼ੇਰਪੁਰ ਅੱਗੇ ਪੰਜ ਘੰਟੇ ਧਰਨਾ ਦਿੱਤਾ। ਬਾਅਦ ਦੁਪਹਿਰ ਤੱਕ ਪੁਲੀਸ ਵੱਲੋਂ ਧਰਨਾਕਾਰੀਆਂ ਦੀ ਗੱਲ ਨਾ ਸੁਣੇ ਜਾਣ ’ਤੇ ਕਿਸਾਨ ਜਥੇਬੰਦੀ ਨੇ ਧਰਨੇ ਦੀ ਜਗ੍ਹਾ ਤਬਦੀਲ ਕਰਦਿਆਂ ਸ਼ੇਰਪੁਰ ਮੁੱਖ ਕਾਤਰੋਂ ਚੌਕ ਵਿੱਚ ਚੱਕਾ ਜਾਮ ਕੀਤਾ। ਧਰਨਾਕਾਰੀ ਮੰਗ ਕਰ ਰਹੇ ਸਨ ਕਿ ਪਿੰਡ ਅਲੀਪੁਰ ਖਾਲਸਾ ਵਿੱਚ ਫੌਜੀ ਦੇ ਘਰ ਆ ਕੇ ਹਮਲਾ ਕਰਨ ਵਾਲਿਆਂ ’ਤੇ ਤੁਰੰਤ ਕਾਰਵਾਈ ਹੋਵੇ, ਪਿੰਡ ਈਨਾਬਾਜਵਾ ਦੇ ਲੋਕਾਂ ’ਤੇ ਦਰਜ ਝੂਠੇ ਪਰਚੇ ਰੱਦ ਕੀਤੇ ਜਾਣ ਅਤੇ ਉਪਰੋਥਲੀ ਹੋਈਆਂ ਚੋਰੀਆਂ ਦੇ ਕੇਸਾਂ ਦੀ ਪੜਤਾਲ ਕਰਕੇ ਮੁਲਜ਼ਮਾਂ ਨੂੰ ਜੇਲ੍ਹਾਂ ’ਚ ਸੁੱਟਿਆ ਜਾਵੇ।
ਅੱਜ ਸਵੇਰੇ ਬੀਕੇਯੂ ਡਕੌਂਦਾ ਦੇ ਵੱਡੀ ਗਿਣਤੀ ਕਾਰਕੁਨ ਟਰਾਲੀਆਂ, ਟਰੈਕਟਰਾਂ, ਜੀਪਾਂ, ਕਾਰਾਂ ਅਤੇ ਹੋਰ ਵਾਹਨਾਂ ’ਤੇ ਸ਼ੇਰਪੁਰ ਦੀ ਅਨਾਜ ਮੰਡੀ ਵਿੱਚ ਇਕੱਤਰ ਹੋਣੇ ਸ਼ੁਰੂ ਹੋਏ ਜਿੱਥੋਂ ਕਾਫ਼ਲੇ ਦੇ ਰੂਪ ਵਿੱਚ ਮਾਰਚ ਕਰ ਕੇ ਸੈਂਕੜੇ ਕਿਸਾਨ ਥਾਣਾ ਸ਼ੇਰਪੁਰ ਪੁੱਜੇ। ਥਾਣਾ ਸ਼ੇਰਪੁਰ ਅੱਗੇ ਧਰਨਾਕਾਰੀ ਕਿਸਾਨਾਂ ਨੂੰ ਸੰਬੋਧਨ ਕਰਦਿਆਂ ਜਥੇਬੰਦੀ ਦੇ ਬਲਾਕ ਪ੍ਰਧਾਨ ਸਮਸ਼ੇਰ ਸਿੰਘ ਈਸਾਪੁਰ, ਆਗੂ ਕਰਮਜੀਤ ਸਿੰਘ ਛੰਨਾ, ਦਰਸ਼ਨ ਸਿੰਘ ਕਾਤਰੋਂ, ਹਰਭਜਨ ਸਿੰਘ ਅਲੀਪੁਰ ਅਤੇ ਗੁਰਪ੍ਰੀਤ ਸਿੰਘ ਨੇ ਪੁਲੀਸ ’ਤੇ ਕਿਸਾਨਾਂ ਵੱਲੋਂ ਰੱਖੀਆਂ ਮੰਗਾਂ ’ਤੇ ਲਗਾਤਾਰ ਆਨਾਕਾਨੀ ਕਰਨ ਦੋਸ਼ ਲਾਉਂਦਿਆਂ ਕਿਹਾ ਕਿ ਪਿੰਡ ਅਲੀਪੁਰ ’ਚ ਫੌਜੀ ਬਲਵਿੰਦਰ ਸਿੰਘ ਤੇ ਉਸ ਦੇ ਪਰਿਵਾਰ ’ਤੇ ਘਰ ਆ ਕੇ ਹਮਲਾ ਹੋਇਆ ਪਰ ਮੁਲਜ਼ਮਾਂ ਨੂੰ ਇੱਕ ਮਹੀਨੇ ਤੋਂ ਗ੍ਰਿਫ਼ਤਾਰ ਨਹੀਂ ਕੀਤਾ ਜਾ ਰਿਹਾ। ਪਿੰਡ ਈਨਾਬਾਜਵਾ ’ਚ ਲੋਕਾਂ ’ਤੇ ਝੂਠੇ ਪਰਚੇ ਦਰਜ ਹੋਏ ਪਰ ਸਿਟ ਗਠਿਤ ਕਰਨ ਦੇ ਬਾਵਜੂਦ ਹਾਲੇ ਤੱਕ ਪਰਚੇ ਰੱਦ ਕਰਨ ਸਬੰਧੀ ਕੋਈ ਕਾਰਵਾਈ ਨਹੀਂ ਗਈ, ਸ਼ੇਰਪੁਰ ਇਲਾਕੇ ’ਚ ਹੋਈਆਂ ਚੋਰੀਆਂ ਦੇ ਮਾਮਲੇ ’ਚ ਸ਼ਨਾਖ਼ਤ ਕੀਤੇ ਜਾਣ ਦੇ ਬਾਵਜੂਦ ਮੁਲਜ਼ਮਾਂ ਨੂੰ ਪੁਲੀਸ ਗ੍ਰਿਫ਼ਤਾਰ ਕਰਨ ਤੋਂ ਟਾਲ-ਮਟੋਲ ਕਰ ਰਹੀ ਹੈ। ਦੇਰ ਸ਼ਾਮ ਧਰਨਾਕਾਰੀ ਟੈਂਟਾਂ ਵਿੱਚ ਧਰਨੇ ’ਤੇ ਡਟੇ ਹੋਏ ਸਨ।
ਇਸ ਸਬੰਧੀ ਕਿਸਾਨ ਕਰਮਜੀਤ ਸਿੰਘ ਨੇ ਦੱਸਿਆ ਕਿ ਦੇਰ ਸ਼ਾਮ ਜਾਮ ਖੋਲ੍ਹ ਦਿੱਤਾ ਗਿਆ ਹੈ ਅਤੇ 27 ਸਤੰਬਰ ਨੂੰ ਸਵੇਰ ਸਮੇਂ ਮੁੜ ਚੱਕਾ ਜਾਮ ਕੀਤਾ ਜਾਵੇਗਾ। ਉਨ੍ਹਾਂ ਸ਼ੇਰਪੁਰ ਪੁਲੀਸ ’ਤੇ ਦੋਸ਼ ਲਾਇਆ ਕਿ ਪੁਲੀਸ ਅਧਿਕਾਰੀ ਥਾਣੇ ਅੱਗੇ ਆ ਕੇ ਕਿਸਾਨਾਂ ਨਾਲ ਗੱਲ ਕਰਨੀ ਵੀ ਮੁਨਾਸਿਫ਼ ਨਹੀਂ ਸਮਝੀ।
ਐੱਸਐੱਚਓ ਨੇ ਦੋਸ਼ ਨਕਾਰੇ
ਸ਼ੇਰਪੁਰ ਦੇ ਐੱਸਐੱਚਓ ਨੇ ਦੋਸ਼ ਨਕਾਰਦਿਆਂ ਕਿਹਾ ਫੌਜੀ ਮਾਮਲੇ ਵਿੱਚ ਦੋ ਦੀ ਉੱਚ ਅਦਾਤਲ ਤੋਂ ਅੰਤ੍ਰਿਮ ਜ਼ਮਾਨਤ ਤੇ ਇਕ ਗ੍ਰਿਫ਼ਤਾਰੀ ਹੋ ਚੁੱਕੀ ਹੈ ਅਤੇ ਇੱਕ ਦੀ ਗ੍ਰਿਫ਼ਤਾਰੀ ਬਾਕੀ ਹੈ। ਸਾਰੀਆਂ ਚੋਰੀਆਂ ਟਰੇਸ ਕੀਤੀਆਂ ਹਨ ਜੇਕਰ ਕੋਈ ਹੋਰ ਹੈ ਤਾਂ ਨਾਮ ਲੈ ਕੇ ਦੱਸਣ ਅਤੇ ਈਨਾਬਾਜਵਾ ਮਾਮਲੇ ਵਿੱਚ ਸਿਟ ਦਾ ਗਠਨ ਹੋਇਆ ਹੈ।