ਖੰਨਾ: ਵਿਸ਼ਵ ਰਬਾਬੀ ਭਾਈ ਮਰਦਾਨਾ ਜੀ ਵੈੱਲਫ਼ੇਅਰ ਸੁਸਾਇਟੀ ਦਾ ਵਫ਼ਦ ਜੀਤ ਖਾਨ ਗੌਰੀਆ ਦੀ ਅਗਵਾਈ ਹੇਠਾਂ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੂੰ ਮਿਲਿਆ। ਇਸ ਵਫ਼ਦ ਵਿਚ ਮਹਿੰਦਰ ਸਿੰਘ, ਅਨਵਰ ਪਾਲੀ, ਸਰਦਾਰਾ ਸਿੰਘ, ਸੁਖਵਿੰਦਰ ਸਿੰਘ, ਤਰਸੇਮ ਸਿੰਘ, ਅਨਿਲ ਪ੍ਰਵੇਜ ਤਾਜ ਮੁਹੰਮਦ ਆਦਿ ਨੇ ਭਾਈਚਾਰੇ ਦੇ ਲੋਕਾਂ ਨੂੰ ਆ ਰਹੀਆਂ ਧਾਰਮਿਕ, ਸਮਾਜਿਕ ਤੇ ਆਰਥਿਕ ਤੰਗੀਆਂ ਤੋਂ ਜਾਣੂ ਕਰਵਾਇਆ। ਉਨ੍ਹਾਂ ਮੰਗ ਕੀਤੀ ਕਿ ਭਾਈ ਮਰਦਾਨਾ ਜੀ ਦੀ ਯਾਦ ਵਿਚ ਗੁਰਦੁਆਰਾ ਸਾਹਿਬ ਉਸਾਰਿਆ ਜਾਵੇ ਅਤੇ ਪੰਜਾਬ ਤੇ ਦੇਸ਼ਾਂ ਵਿਦੇਸ਼ਾਂ ਵਿਚ ਸਿੱਖ ਧਰਮ ਦੇ ਸਿਰਮੌਰ ਤਖ਼ਤਾਂ, ਅਜਾਇਬ ਘਰ ਤੇ ਵੱਖਰੇ ਦਫ਼ਤਰ ਉਸਾਰੇ ਜਾਣ। ਉਨ੍ਹਾਂ ਕਿਹਾ ਕਿ ਕਮੇਟੀ ਅਧੀਨ ਚੱਲ ਰਹੇ ਅਦਾਰਿਆਂ ਵਿਚ ਭਾਈਚਾਰੇ ਦੇ ਬੱਚਿਆਂ ਨੂੰ ਯੋਗਤਾ ਅਨੁਸਾਰ ਨੌਕਰੀਆਂ ਦਿੱਤੀਆਂ ਜਾਣ। ਇਸ ਮੌਕੇ ਗਿਆਨੀ ਹਰਪ੍ਰੀਤ ਸਿੰਘ ਨੇ ਜਲਦ ਤੋਂ ਜਲਦ ਸਮੱਸਿਆਵਾਂ ਹੱਲ ਕਰਨ ਦਾ ਭਰੋਸਾ ਦਿੱਤਾ। -ਨਿੱਜੀ ਪੱਤਰ ਪ੍ਰੇਰਕ